ਬ੍ਰਿਸਬੇਨ ''ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ
Monday, Dec 02, 2019 - 05:37 PM (IST)

ਬ੍ਰਿਸਬੇਨ (ਸਤਵਿੰਦਰ ਟੀਨੂੰ): ਨੌਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਵਿਖੇ ਬਹੁਤ ਹੀ ਸ਼ਰਧਾ ਪੂਰਬਕ ਮਨਾਇਆ ਗਿਆ । ਜਿਸ ਵਿੱਚ ਦੂਰ ਦੁਰਾਡੇ ਤੋਂ ਸੰਗਤਾਂ ਨੇ ਪਹੁੰਚ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਲਿਆ ।ਭਾਈ ਹਰਕੀਰਤ ਸਿੰਘ ਜੀ ਦੇ ਜੱਥੇ ਦੁਆਰਾ ਕੀਰਤਨ ਨਾਲ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਗਿਆ । ਜਿਹਨਾਂ ਨੇ ਗੁਰੂ ਸਾਹਿਬ ਜੀ ਦੀ ਜੀਵਨੀ ਅਤੇ ਉਨ੍ਹਾਂ ਦੀ ਸ਼ਹਾਦਤ ਵਾਰੇ ਵਿਸਥਾਰ ਨਾਲ ਵਿਆਖਿਆ ਕੀਤੀ ।
ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਜੀ ਨੇ ਹਿੰਦੂ ਧਰਮ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ।ਉਪਰੰਤ ਭਾਈ ਗੁਰਦਿਆਲ ਸਿੰਘ ਲੱਖਪੁਰ ਢਾਡੀ ਜੱਥੇ ਵਲੋਂ ਵਾਰਾਂ ਗਾ ਕੇ ਗੁਰੂ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ । ਉਨ੍ਹਾਂ ਦੀਆਂ ਵਾਰਾਂ ਸੁਣ ਕੇ ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਸਮਾਂ ਰੁਕ ਗਿਆ ਹੋਵੇ । ਸਟੇਜ ਦੀ ਕਾਰਵਾਈ ਸ਼੍ਰੀ ਦਲਵੀਰ ਹਲਵਾਰਵੀ ਜੀ ਵਲੋਂ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ ।