ਚੀਨ ਦੇ ਰਾਸ਼ਟਰਪਤੀ ਨੇ ਬ੍ਰਿਕਸ ਸੰਮੇਲਨ ਦਾ ਕੀਤਾ ਉਦਘਾਟਨ, ਮੈਂਬਰ ਦੇਸ਼ਾਂ ਨੂੰ ਕਹੀ ਇਹ ਗੱਲ

Sunday, Sep 03, 2017 - 06:00 PM (IST)

ਸ਼ਿਆਮੇਨ— ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਤਵਾਰ ਨੂੰ 9ਵੇਂ ਸਲਾਨਾ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ) ਸ਼ਿਖਰ ਸੰਮੇਲਨ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮੈਂਬਰ ਦੇਸ਼ਾਂ ਨਾਲ ਆਪਣੇ ਮਤਭੇਦ ਦੂਰ ਕਰਨ ਅਤੇ ਆਪਸੀ ਵਿਸ਼ਵਾਸ ਅਤੇ ਰਣਨੀਤਕ ਗੱਲਬਾਤ ਵਧਾ ਕੇ ਇਕ-ਦੂਜੇ ਦੀਆਂ ਚਿੰਤਾਵਾਂ 'ਤੇ ਧਿਆਨ ਦੇਣ ਨੂੰ ਕਿਹਾ। ਤਿੰਨ ਦਿਨਾਂ ਬ੍ਰਿਕਸ ਸੰਮੇਲਨ ਦਾ ਉਦਘਾਟਨ ਸਮਾਰੋਹ ਬ੍ਰਿਕਸ ਵਪਾਰ ਪ੍ਰੀਸ਼ਦ ਦੀ ਬੈਠਕ ਨਾਲ ਸ਼ੁਰੂ ਹੋਇਆ। ਸਮਾਰੋਹ 'ਮਵਾਰ' ਚੱਕਰਵਾਤ ਕਾਰਨ ਹੋਈ ਬਾਰਸ਼ ਦਰਮਿਆਨ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਵੀ ਮਵਾਰ ਚੱਕਰਵਾਤ ਕਾਰਨ ਸ਼ਿਖਰ ਸੰਮੇਲਨ ਦੀਆਂ ਤਿਆਰੀਆਂ 'ਚ ਵਪਾਰਕ ਰੂਪ ਨਾਲ ਰੁਕਾਵਟ ਪੈਦਾ ਹੋਈ ਸੀ ਅਤੇ ਆਵਾਜਾਈ 'ਤੇ ਵੀ ਕਾਫੀ ਅਸਰ ਪਿਆ ਸੀ। 
ੂਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ ਇਹ 5 ਦੇਸ਼ ਉਭਰਦੀ ਅਰਥਵਿਵਸਥਾਵਾਂ ਦਾ ਸਮੂਹ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਿਆਮੇਨ ਪਹੁੰਚਣਗੇ। ਬ੍ਰਾਜ਼ੀਲ ਦੇ ਰਾਸ਼ਟਰਪਤੀ ਮਿਸ਼ੇਲ ਟੇਮੇਰ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜੁਮਾ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਹਿੱਸਾ ਲੈਣਗੇ। ਸ਼ੀ ਨੇ ਆਪਣੇ ਭਾਸ਼ਣ ਵਿਚ ਬ੍ਰਿਕਸ ਦੇਸ਼ਾਂ ਦਰਮਿਆਨ ਸਹਿਯੋਗ ਵਧਾਉਣ 'ਤੇ ਕਾਫੀ ਜ਼ੋਰ ਦਿੰਦੇ ਹੋਏ ਕਿਹਾ ਕਿ ਇਕ ਉੱਚੀ ਇਮਾਰਤ ਦੇ ਨਿਰਮਾਣ ਦਾ ਆਧਾਰ ਉਸ ਦੀ ਨੀਂਹ ਤੋਂ ਸ਼ੁਰੂ ਹੁੰਦਾ ਹੈ। ਅਸੀਂ ਨੀਂਹ ਰੱਖ ਦਿੱਤੀ ਹੈ ਅਤੇ ਬ੍ਰਿਕਸ ਸਹਿਯੋਗ ਲਈ ਸੰਰਚਨਾ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਸ਼ੀ ਨੇ ਕਿਹਾ ਕਿ ਅਸੀਂ ਇਕ-ਦੂਜੇ ਦੀਆਂ ਚਿੰਤਾਵਾਂ 'ਤੇ ਧਿਆਨ ਦਿੰਦੇ ਹਾਂ। ਇਹ ਸ਼ਿਖਰ ਸੰਮੇਲਨ ਭਾਰਤ ਅਤੇ ਚੀਨ ਵਿਚਾਲੇ ਡੋਕਲਾਮ ਨੂੰ ਲੈ ਕੇ ਹਾਲ ਵਿਚ ਹੀ ਖਤਮ ਹੋਏ ਗਤੀਰੋਧ ਦਰਮਿਆਨ ਹੋ ਰਿਹਾ ਹੈ। ਦੋਹਾਂ ਦੇਸ਼ਾਂ ਨੇ ਇਲਾਕੇ ਤੋਂ ਆਪਣੀਆਂ ਫੌਜਾਂ ਵਾਪਸ ਬੁਲਾ ਕੇ 73 ਦਿਨਾਂ ਤੋਂ ਚੱਲੇ ਆ ਰਹੇ ਗਤੀਰੋਧ ਦਾ ਅੰਤ ਕੀਤਾ ਸੀ।


Related News