BRICS ਦੇਸ਼ਾਂ ਦੀ ਅੱਜ ਹੋਵੇਗੀ ਵਰਚੁਅਲ ਬੈਠਕ, ਵਿਦੇਸ਼ ਮੰਤਰੀ ਜੈਸ਼ੰਕਰ ਕਰਨਗੇ ਪ੍ਰਧਾਨਗੀ
Tuesday, Jun 01, 2021 - 12:10 PM (IST)
ਇੰਟਰਨੈਸ਼ਨਲ ਡੈਸਕ : ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਅੱਜ ਵਰਚੁਅਲ ਬੈਠਕ ਹੋਣ ਜਾ ਰਹੀ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇਸ ’ਚ ਕੋਰੋਨਾ ਮਹਾਮਾਰੀ ਦੇ ਸਬੰਧ ’ਚ ਵੱਡੀ ਪੱਧਰ ’ਤੇ ਵਿਚਾਰ-ਵਟਾਂਦਰਾ ਹੋ ਸਕਦਾ ਹੈ। ਖਾਸ ਗੱਲ ਇਹ ਹੈ ਕਿ ਭਾਰਤ ਇਸ ਬੈਠਕ ਦੀ ਪ੍ਰਧਾਨਗੀ ਕਰੇਗਾ। ਹਾਲਾਂਕਿ ਇਸ ਵਾਰ ਮਹਾਮਾਰੀ ਦੇ ਕਾਰਨ ਇਸ ਮੀਟਿੰਗ ਨੂੰ ਵਰਚੁਅਲ ਢੰਗ ਨਾਲ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੋਰੋਨਾ ਤੋਂ ਇਲਾਵਾ ਗਲੋਬਲ ਅਤੇ ਖੇਤਰੀ ਮੁੱਦਿਆਂ ਤੇ ਅੱਤਵਾਦ ’ਤੇ ਵੀ ਗੱਲਬਾਤ ਦੀ ਉਮੀਦ ਕੀਤੀ ਜਾ ਸਕਦੀ ਹੈ। ਭਾਰਤ ਸਰਕਾਰ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ। ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, ‘‘ਬ੍ਰਿਕਸ ਦਾ ਮੌਜੂਦਾ ਚੇਅਰਮੈਨ ਹੋਣ ਦੇ ਨਾਤੇ ਭਾਰਤ 1 ਜੂਨ 2021 ਨੂੰ ਬ੍ਰਿਕਸ ਦੇ ਵਿਦੇਸ਼ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਮੰਤਰੀਆਂ ਦੀ ਇਕ ਮੀਟਿੰਗ ਸੱਦ ਰਿਹਾ ਹੈ।’’ ਇਸ ਸਮੂਹ ’ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।
ਇਹ ਵੀ ਪੜ੍ਹੋ : ਅਮਰੀਕਾ : ਐਰੀਜ਼ੋਨਾ ’ਚ ਕਈ ਮਹੀਨਿਆਂ ਤੋਂ ਬੈਗ ’ਚ ਲੁਕੋ ਕੇ ਰੱਖੀ ਲਾਸ਼ ਮਿਲੀ, ਕਾਤਲ ਗ੍ਰਿਫ਼ਤਾਰ
ਬੈਠਕ ’ਚ ਰੂਸ ਦੇ ਹਮ-ਰੁਤਬਾ ਸਰਗੇਈ ਲਾਵਰੋਵ, ਚੀਨੀ ਹਮਰੁਤਬਾ ਵੈਂਗ ਯੀ ਅਤੇ ਦੱਖਣੀ ਅਫਰੀਕਾ ਦੇ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਮੰਤਰੀ ਨਾਲੇਡੀ ਮੰਡੀਸਾ ਪਾਂਡੋਰ ਦੇ ਸ਼ਾਮਲ ਹੋਣ ਦੀ ਉਮੀਦ ਹੈ। ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਕਾਰਲੋਸ ਅਲਬਰਟੋ ਫਰੈਂਕੋ ਦੇ ਵੀ ਬੈਠਕ ’ਚ ਆਉਣ ਦੀ ਉਮੀਦ ਹੈ। ਇਸ ਬੈਠਕ ਸਬੰਧੀ ਜਾਰੀ ਬਿਆਨ ਅਨੁਸਾਰ ਇਸ ’ਚ ਸ਼ਾਮਲ ਹੋਣ ਜਾ ਰਹੇ ਮੰਤਰੀ ਕੋਰੋਨਾ ਨਾਲ ਪੈਦਾ ਹੋਏ ਹਾਲਾਤ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ। ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਬਹੁਪੱਖੀ ਪ੍ਰਣਾਲੀ ਨੂੰ ਸੁਧਾਰਨ ਅਤੇ ਅੱਤਵਾਦ ਵਿਰੁੱਧ ਲੜਾਈ ਵਿਚ ਸਹਿਯੋਗ ਵਧਾਉਣ ਦੇ ਤਰੀਕਿਆਂ ਬਾਰੇ ਵੀ ਵਿਚਾਰ-ਵਟਾਂਦਰੇ ਦੀ ਸੰਭਾਵਨਾ ਰੱਖਦੇ ਹਨ। ਹਾਲ ਹੀ ’ਚ ਜੈਸ਼ੰਕਰ ਅਮਰੀਕਾ ਵੀ ਗਏ ਸਨ।ਖਾਸ ਗੱਲ ਇਹ ਹੈ ਕਿ ਰਾਸ਼ਟਰਪਤੀ ਜੋ ਬਾਈਡੇਨ ਦੇ ਸੱਤਾ ਸੰਭਾਲਣ ਤੋਂ ਬਾਅਦ ਵਿਦੇਸ਼ ਮੰਤਰੀ ਦਾ ਇਹ ਪਹਿਲਾ ਅਮਰੀਕੀ ਦੌਰਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕੋਰੋਨਾ ਮਹਾਮਾਰੀ ਅਤੇ ਵੈਕਸੀਨ ਸਬੰਧੀ ਕਾਫ਼ੀ ਵਿਚਾਰ-ਵਟਾਂਦਰੇ ਕੀਤੇ ਗਏ।