ਬ੍ਰਾਜ਼ੀਲ ਪਲੇਨ ਕ੍ਰੈਸ਼: 10 ਲੋਕਾਂ ਦੀ ਮੌਤ, ਘਰ ਨਾਲ ਟਕਰਾ ਕੇ ਦੁਕਾਨ ''ਤੇ ਡਿੱਗਿਆ ਜਹਾਜ਼

Monday, Dec 23, 2024 - 12:03 AM (IST)

ਬ੍ਰਾਜ਼ੀਲ ਪਲੇਨ ਕ੍ਰੈਸ਼: 10 ਲੋਕਾਂ ਦੀ ਮੌਤ, ਘਰ ਨਾਲ ਟਕਰਾ ਕੇ ਦੁਕਾਨ ''ਤੇ ਡਿੱਗਿਆ ਜਹਾਜ਼

ਇੰਟਰਨੈਸ਼ਨਲ ਡੈਸਕ - ਦੱਖਣੀ ਬ੍ਰਾਜ਼ੀਲ ਵਿਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲੇ ਸ਼ਹਿਰ ਗ੍ਰਾਮਾਡੋ ਵਿਚ ਐਤਵਾਰ (22 ਦਸੰਬਰ, 2024) ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਕਈ ਯਾਤਰੀ ਸਵਾਰ ਸਨ। ਰਿਪੋਰਟਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਹਾਜ਼ 'ਚ ਸਫਰ ਕਰ ਰਹੇ 10 ਲੋਕਾਂ ਦੀ ਮੌਤ ਹੋ ਗਈ ਹੈ। ਰੀਓ ਗ੍ਰਾਂਡੇ ਡੋ ਸੁਲ ਸੂਬੇ ਦੇ ਜਨਤਕ ਸੁਰੱਖਿਆ ਦਫਤਰ ਦੇ ਅਨੁਸਾਰ, ਘੱਟੋ ਘੱਟ 15 ਲੋਕਾਂ ਨੂੰ ਸ਼ਹਿਰ ਦੇ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਾਦਸੇ ਵਿੱਚ ਲੱਗੀ ਅੱਗ ਕਾਰਨ ਪੀੜਤ ਸਨ।

ਖੇਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਪਹਿਲਾਂ ਇੱਕ ਇਮਾਰਤ ਦੀ ਚਿਮਨੀ ਅਤੇ ਫਿਰ ਇੱਕ ਘਰ ਦੀ ਦੂਜੀ ਮੰਜ਼ਿਲ ਨਾਲ ਟਕਰਾ ਗਿਆ। ਇਸ ਤੋਂ ਬਾਅਦ ਇਸ ਨੇ ਫਰਨੀਚਰ ਦੀ ਦੁਕਾਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਜਹਾਜ਼ ਦਾ ਮਲਬਾ ਨੇੜੇ ਦੀ ਇਕ ਸਰਾਏ ਤੱਕ ਵੀ ਪਹੁੰਚ ਗਿਆ। ਸ਼ਹਿਰ ਦੇ ਗਵਰਨਰ ਐਡੁਆਰਡੋ ਲੀਤੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਬਦਕਿਸਮਤੀ ਨਾਲ, ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਜਹਾਜ਼ ਵਿੱਚ ਸਵਾਰ ਲੋਕ ਨਹੀਂ ਬਚੇ।"

ਬ੍ਰਾਜ਼ੀਲ 'ਚ ਦੋ ਦਿਨਾਂ 'ਚ ਦੂਜਾ ਵੱਡਾ ਹਾਦਸਾ
ਬ੍ਰਾਜ਼ੀਲ ਵਿੱਚ ਦੋ ਦਿਨਾਂ ਵਿੱਚ ਇਹ ਦੂਜਾ ਵੱਡਾ ਹਾਦਸਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਬ੍ਰਾਜ਼ੀਲ ਦੇ ਮਿਨਾਸ ਗੇਰੇਸ ਸੂਬੇ 'ਚ ਇਕ ਸੜਕ ਹਾਦਸੇ 'ਚ 38 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 13 ਲੋਕ ਜ਼ਖਮੀ ਵੀ ਹੋਏ ਸਨ। ਬੱਸ ਸਾਓ ਪਾਓਲੋ ਤੋਂ ਰਵਾਨਾ ਹੋਈ ਸੀ ਅਤੇ ਇਸ ਵਿੱਚ 45 ਯਾਤਰੀ ਸਵਾਰ ਸਨ। ਇਸ ਹਾਦਸੇ 'ਚ ਇਕ ਕਾਰ ਵੀ ਬੱਸ ਨਾਲ ਟਕਰਾ ਗਈ ਪਰ ਇਸ 'ਚ ਸਵਾਰ ਤਿੰਨੇ ਵਿਅਕਤੀ ਸੁਰੱਖਿਅਤ ਬਚ ਗਏ।


author

Inder Prajapati

Content Editor

Related News