ਬ੍ਰਾਜ਼ੀਲ ਦੇ ਪ੍ਰੌਸੀਕਿਊਟਰ ਜਨਰਲ ਨੇ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਵਿਰੁੱਧ ਦੋਸ਼ ਕੀਤੇ ਦਾਇਰ

Wednesday, Feb 19, 2025 - 06:27 PM (IST)

ਬ੍ਰਾਜ਼ੀਲ ਦੇ ਪ੍ਰੌਸੀਕਿਊਟਰ ਜਨਰਲ ਨੇ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਵਿਰੁੱਧ ਦੋਸ਼ ਕੀਤੇ ਦਾਇਰ

ਰੀਓ ਡੀ ਜਨੇਰੀਓ (ਏਜੰਸੀ)- ਬ੍ਰਾਜ਼ੀਲ ਦੇ ਪ੍ਰੌਸੀਕਿਊਟਰ ਜਨਰਲ ਪਾਉਲੋ ਗੋਨੇਟ ਨੇ ਮੰਗਲਵਾਰ ਨੂੰ ਰਸਮੀ ਤੌਰ 'ਤੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ 'ਤੇ 2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਵੀ ਅਹੁਦੇ 'ਤੇ ਬਣੇ ਰਹਿਣ ਲਈ ਤਖ਼ਤਾ ਪਲਟਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਦੋਸ਼ ਹੈ ਕਿ ਇਸ ਤਖ਼ਤਾ ਪਲਟ ਦੀ ਸਾਜ਼ਿਸ਼ ਤਹਿਤ, ਬੋਲਸੋਨਾਰੋ ਦੇ ਉੱਤਰਾਧਿਕਾਰੀ ਅਤੇ ਮੌਜੂਦਾ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੂੰ ਜ਼ਹਿਰ ਦੇਣ ਦੀ ਯੋਜਨਾ ਵੀ ਬਣਾਈ ਗਈ ਸੀ। ਗੋਨੇਟ ਨੇ ਦੋਸ਼ ਲਗਾਇਆ ਕਿ ਬੋਲਸੋਨਾਰੋ ਅਤੇ 33 ਹੋਰਾਂ ਨੇ ਸੱਤਾ ਵਿੱਚ ਬਣੇ ਰਹਿਣ ਲਈ ਇੱਕ ਸਾਜ਼ਿਸ਼ ਰਚੀ ਸੀ, ਜਿਸ ਤਹਿਤ ਲੂਲਾ ਨੂੰ ਜ਼ਹਿਰ ਦੇਣ ਅਤੇ ਸਾਬਕਾ ਰਾਸ਼ਟਰਪਤੀ ਦੇ ਵਿਰੋਧੀ ਅਤੇ ਸੁਪਰੀਮ ਕੋਰਟ ਦੇ ਜੱਜ ਅਲੈਗਜ਼ੈਂਡਰ ਡੀ ਮੋਰੇਸ ਨੂੰ ਗੋਲੀ ਮਾਰ ਕੇ ਮਾਰਨ ਦੀ ਯੋਜਨਾ ਸ਼ਾਮਲ ਸੀ।

ਗੋਨੇਟ ਨੇ 272 ਪੰਨਿਆਂ ਦੇ ਦੋਸ਼ ਪੱਤਰ ਵਿੱਚ ਲਿਖਿਆ, "ਅਪਰਾਧਿਕ ਸੰਗਠਨ ਦੇ ਮੈਂਬਰਾਂ ਨੇ ਰਾਸ਼ਟਰਪਤੀ ਭਵਨ ਸਮੇਤ ਸੰਸਥਾਵਾਂ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ, ਜਿਸ ਦਾ ਉਦੇਸ਼ ਸੱਤਾ ਅਤੇ ਲੋਕਤੰਤਰੀ ਪ੍ਰਣਾਲੀ ਨੂੰ ਉਖਾੜਨਾ ਸੀ। ਇਸ ਸਾਜ਼ਿਸ਼ ਨੂੰ 'ਗਰੀਨ ਐਂਡ ਯੈਲੋ ਡੈਗਰ' ਨਾਮ ਦਿੱਤਾ ਗਿਆ ਸੀ।" ਬ੍ਰਾਜ਼ੀਲ ਦੀ ਸੰਘੀ ਪੁਲਸ ਨੇ ਪਿਛਲੇ ਸਾਲ ਨਵੰਬਰ ਵਿੱਚ 884 ਪੰਨਿਆਂ ਦੀ ਇੱਕ ਰਿਪੋਰਟ ਦਾਇਰ ਕੀਤੀ ਸੀ ਜਿਸ ਵਿੱਚ ਗੋਨੇਟ ਨੇ ਕਥਿਤ ਸਾਜ਼ਿਸ਼ ਦਾ ਵੇਰਵਾ ਦਿੱਤਾ ਸੀ। ਸੁਪਰੀਮ ਕੋਰਟ ਹੁਣ ਦੋਸ਼ਾਂ ਦਾ ਵਿਸ਼ਲੇਸ਼ਣ ਕਰੇਗੀ ਅਤੇ, ਜੇਕਰ ਉਹ ਸਵੀਕਾਰ ਕਰ ਲਏ ਜਾਂਦੇ ਹਨ, ਤਾਂ ਬੋਲਸੋਨਾਰੋ 'ਤੇ ਮੁਕੱਦਮਾ ਚਲਾਇਆ ਜਾਵੇਗਾ। ਸੱਜੇ-ਪੱਖੀ ਨੇਤਾ ਬੋਲਸੋਨਾਰੋ ਨੇ ਆਪਣੇ ਖਿਲਾਫ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ। 


author

cherry

Content Editor

Related News