ਬਰੈਂਪਟਨ ਦੇ ਸਕੂਲਾਂ ''ਚ ਕੋਰੋਨਾ ਦੀ ਮਾਰ, ਵਿਧਾਇਕਾ ਸਾਰਾ ਸਿੰਘ ਨੇ ਸਰਕਾਰ ਅੱਗੇ ਰੱਖੀ ਇਹ ਮੰਗ

09/23/2020 2:43:38 PM

ਬਰੈਂਪਟਨ- ਕੋਰੋਨਾ ਵਾਇਰਸ ਨੇ ਕੈਨੇਡਾ ਦੇ ਸਕੂਲਾਂ ਵਿਚ ਦਸਤਕ ਦੇ ਦਿੱਤੀ ਹੈ, ਇਸ ਲਈ ਮਾਪਿਆਂ ਦੀ ਚਿੰਤਾ ਵੱਧਦੀ ਜਾ ਰਹੀ ਹੈ। ਬਰੈਂਪਟਨ ਸੈਂਟਰ ਤੋਂ ਪੰਜਾਬੀ ਮੂਲ ਦੀ ਵਿਧਾਇਕਾ ਅਤੇ ਐੱਨ. ਡੀ. ਪੀ. ਦੀ ਡਿਪਟੀ ਲੀਡਰ ਸਾਰਾ ਸਿੰਘ ਨੇ ਓਂਟਾਰੀਓ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਲਾਸਾਂ ਦੇ ਆਕਾਰ ਨੂੰ ਘਟਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਮਾਜਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੀ ਜਾ ਸਕੇ। 

ਉਨ੍ਹਾਂ ਕਿਹਾ ਕਿ ਇਕ ਕਲਾਸ ਵਿਚ 15 ਵਿਦਿਆਰਥੀ ਹੀ ਹੋਣੇ ਚਾਹੀਦੇ ਹਨ। ਦੱਸ ਦਈਏ ਕਿ 21 ਸਤੰਬਰ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਿਚ 31 ਸਕਾਰਾਤਮਕ ਕੋਰੋਨਾ ਮਾਮਲੇ ਆ ਚੁੱਕੇ ਹਨ।

ਵਿਧਾਇਕਾ ਸਾਰਾ ਨੇ ਫੋਰਡ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ 'ਤੇ ਵਧੇਰੇ ਧਿਆਨ ਦੇਣ ਕਿਉਂਕਿ ਅਜੇ ਵੀ ਬਹੁਤ ਸਾਰੇ ਸਕੂਲਾਂ ਵਿਚ ਵਿਦਿਆਰਥੀ ਭਰੀਆਂ ਕਲਾਸਾਂ ਵਿਚ ਬੈਠਦੇ ਹਨ, ਜਿਸ ਕਾਰਨ ਕੋਰੋਨਾ ਦੇ ਸ਼ਿਕਾਰ ਹੋ ਰਹੇ ਹਨ। ਓਂਟਾਰੀਓ ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ ਤੇ ਸਾਰਾ ਸਿੰਘ ਮੁੱਖ ਵਿਰੋਧੀ ਪਾਰਟੀ ਐੱਨ. ਡੀ. ਪੀ. ਦੀ ਡਿਪਟੀ ਲੀਡਰ ਹੈ। ਹਾਲਾਂਕਿ ਮੁੱਖ ਮੰਤਰੀ ਡੱਗ ਫੋਰਡ ਦਾਅਵੇ ਕਰਦੇ ਆ ਰਹੇ ਹਨ ਕਿ ਉਹ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਕੂਲਾਂ ਵਿਚ ਵਧੇਰੇ ਵਧੀਆ ਰਣਨੀਤੀ ਅਪਣਾ ਰਹੇ ਹਨ ਪਰ ਜ਼ਮੀਨੀ ਪੱਧਰ 'ਤੇ ਸੱਚ ਇੰਨਾ ਸਪੱਸ਼ਟ ਨਜ਼ਰ ਨਹੀਂ ਆ ਰਿਹਾ। 
 


Lalita Mam

Content Editor

Related News