ਬਰੈਂਪਟਨ ''ਚ ਇਹ ਗਲਤੀ ਕਰਨੀ ਲੋਕਾਂ ਨੂੰ ਪਈ ਭਾਰੀ, ਲੱਗਾ 1 ਲੱਖ ਡਾਲਰ ਦਾ ਜੁਰਮਾਨਾ
Monday, Aug 31, 2020 - 10:02 AM (IST)
ਬਰੈਂਪਟਨ- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੈਨੇਡਾ ਸਰਕਾਰ ਸਖ਼ਤੀ ਵਰਤ ਰਹੀ ਹੈ। ਇਸੇ ਤਹਿਤ ਬਰੈਂਪਟਨ ਵਿਚ ਚੋਰੀ-ਚੋਰੀ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪਾਰਟੀਆਂ ਕਰਨ ਵਾਲੇ ਲੋਕ ਪੁਲਸ ਦੇ ਹੱਥੀਂ ਚੜ੍ਹੇ ਹਨ। ਇਨ੍ਹਾਂ ਲੋਕਾਂ ਨੂੰ ਪੁਲਸ ਨੇ ਇਕ ਲੱਖ ਡਾਲਰ ਦਾ ਜੁਰਮਾਨਾ ਲਾਇਆ ਹੈ।
ਜਸਟਿਸ ਆਫ ਪੀਸ ਵਲੋਂ 13 ਲੋਕਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ, ਜੋ 24 ਤੋਂ 27 ਜੁਲਾਈ ਵਿਚਕਾਰ 4 ਹਾਊਸ ਪਾਰਟੀਆਂ ਦਾ ਆਯੋਜਨ ਕਰਕੇ ਕੋਰੋਨਾ ਵਾਇਰਸ ਨੂੰ ਫੈਲਣ ਦਾ ਮੌਕਾ ਦੇ ਰਹੇ ਸਨ। ਬਾਇਲਾਅ ਅਫ਼ਸਰਾਂ ਵੱਲੋਂ ਸ਼ੁਰੂਆਤ ਵਿਚ 880 ਡਾਲਰ ਦੇ ਜੁਰਮਾਨੇ ਕੀਤੇ ਗਏ ਸਨ ਪਰ ਇਨ੍ਹਾਂ ਨੂੰ ਵਾਪਸ ਲੈ ਲਿਆ ਗਿਆ ਤਾਂਕਿ ਨਿਯਮ ਤੋੜਨ ਵਾਲਿਆਂ ਨੂੰ ਮੋਟੇ ਜੁਰਮਾਨੇ ਕੀਤੇ ਜਾ ਸਕਣ।
ਬਰੈਂਪਟਨ ਦੇ ਬਾਇਲਾਅ ਐਨਫ਼ੋਰਸਮੈਂਟ ਮੈਨੇਜਰ ਜੇ. ਪੀ. ਮੌਰਿਸ ਨੇ ਦੱਸਿਆ ਕਿ ਮਹਾਮਾਰੀ ਨਾਲ ਸਬੰਧਤ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨਾਲ ਅਦਾਲਤ ਸਖ਼ਤੀ ਨਾਲ ਨਜਿੱਠੇਗੀ। ਮੌਰਿਸ ਨੇ ਦੱਸਿਆ ਕਿ ਕਈ ਲੋਕਾਂ ਨੇ ਘਰ ਕਿਰਾਓ 'ਤੇ ਲੈ ਕੇ ਪਾਰਟੀਆਂ ਕੀਤੀਆਂ, ਜਿਸ ਕਾਰਨ ਬਹੁਤੇ ਲੋਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਸਿਰਫ 10 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਸੀ ਪਰ 100 ਤੋਂ ਵੱਧ ਲੋਕ ਇਕੱਠੇ ਹੋ ਕੇ ਪਾਰਟੀਆਂ ਕਰਦੇ ਰਹੇ। ਬਰੈਂਪਟਨ ਵਿਚ ਵੱਡੀ ਗਿਣਤੀ ਵਿਚ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਪ੍ਰਸ਼ਾਸਨ ਵੱਲੋਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ।