ਬਰੈਂਪਟਨ ਕੌਂਸਲ ਤੋਂ ਖੁੰਝਣਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਘਿਰੇ ਗੁਰਪ੍ਰੀਤ ਢਿੱਲੋਂ

Monday, Aug 10, 2020 - 04:32 PM (IST)

ਬਰੈਂਪਟਨ ਕੌਂਸਲ ਤੋਂ ਖੁੰਝਣਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਘਿਰੇ ਗੁਰਪ੍ਰੀਤ ਢਿੱਲੋਂ

ਬਰੈਂਪਟਨ— ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਹਾਲ ਹੀ 'ਚ ਮੁੱਅਤਲ ਕੀਤੇ ਗਏ ਵਾਰਡ 9-10 ਤੇ ਪੀਲ ਰੀਜ਼ਨ ਦੇ ਕੌਂਸਲਰ ਗੁਰਪ੍ਰੀਤ ਢਿੱਲੋਂ 'ਤੇ ਹੁਣ ਅਸਤੀਫਾ ਦੇਣ ਦੀ ਤਲਵਾਰ ਲਟਕ ਗਈ ਹੈ। ਰਿਪੋਰਟਾਂ ਮੁਤਾਬਕ, ਕਿਹਾ ਜਾ ਰਿਹਾ ਹੈ ਕਿ ਬਰੈਂਪਟਨ ਸਿਟੀ ਕੌਂਸਲ ਨੇ ਇੰਟੈਗਰਿਟੀ ਕਮਿਸ਼ਨਰ ਰਿਪੋਰਟ ਦੀ ਸਮੀਖਿਆ ਕਰਨ ਤੋਂ ਬਾਅਦ ਗੁਰਪ੍ਰੀਤ ਢਿੱਲੋਂ ਨੂੰ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮੱਦੇਨਜ਼ਰ ਅਸਤੀਫ਼ਾ ਦੇਣ ਲਈ ਕਿਹਾ ਹੈ।

ਕੌਂਸਲਰ ਢਿੱਲੋਂ 'ਤੇ ਬਰੈਂਪਟਨ ਦੀ ਇਕ ਕਾਰੋਬਾਰੀ ਮਹਿਲਾ ਨੇ ਨਵੰਬਰ 2019 'ਚ ਤੁਰਕੀ ਦੇ ਵਪਾਰ ਮਿਸ਼ਨ ਦੌਰਾਨ ਉਸ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਸਨ। ਇਸ ਇਲਜ਼ਾਮ ਦੀ ਜਾਂਚ ਇੰਟੈਗਰਿਟੀ ਕਮਿਸ਼ਨਰ (ਆਈ. ਸੀ.) ਮੁਨੀਜ਼ਾ ਸ਼ੇਖ ਵੱਲੋਂ ਕੀਤੀ ਜਾ ਰਹੀ ਹੈ।

ਮਿਸ਼ਨ ਦਾ ਆਯੋਜਨ ਕੈਨੇਡਾ-ਤੁਰਕੀ ਬਿਜ਼ਨੈੱਸ ਕੌਂਸਲ ਨੇ ਕੀਤਾ ਸੀ। ਮਹਿਲਾ ਦਾ ਕਹਿਣਾ ਹੈ ਕਿ ਉਸ ਨਾਲ ਜਿਨਸੀ ਸ਼ੋਸ਼ਣ 14 ਨਵੰਬਰ ਨੂੰ ਅੰਕਾਰਾ 'ਚ ਉਸ ਦੇ ਹੋਟਲ ਦੇ ਕਮਰੇ 'ਚ ਹੋਇਆ ਸੀ।

ਫਿਲਹਾਲ ਬਰੈਂਪਟਨ ਕੌਂਸਲ ਨੇ ਗੁਰਪ੍ਰੀਤ ਢਿੱਲੋਂ ਨੂੰ ਬਿਨਾਂ ਤਨਖਾਹ ਦੇ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਹੈ। ਬਰੈਂਪਟਨ ਇੰਟੈਗਰਿਟੀ ਕਮਿਸ਼ਨਰ ਨੇ ਇਹ ਸਿਫਾਰਸ਼ ਕੀਤੀ ਸੀ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚਕਾਰ ਕੌਂਸਲਰ ਨੂੰ ਬਿਨਾਂ ਕਿਸੇ ਤਨਖਾਹ ਦੇ 90 ਦਿਨਾਂ ਲਈ ਮੁਅੱਤਲ ਕੀਤਾ ਜਾਵੇ। ਇਸ ਤੋਂ ਇਲਾਵਾ ਕੌਂਸਲ ਨੇ ਢਿੱਲੋਂ ਨੂੰ ਕਥਿਤ ਪੀੜਤ ਮਹਿਲਾ ਕੋਲੋਂ ਮੁਆਫੀ ਮੰਗਣ ਦਾ ਹੁਕਮ ਦਿੱਤਾ ਹੈ। ਢਿੱਲੋਂ ਨੂੰ ਸ਼ਹਿਰ ਦੀ ਆਰਥਿਕ ਵਿਕਾਸ ਅਤੇ ਸਭਿਆਚਾਰ ਕਮੇਟੀ ਦੀ ਚੇਅਰਮੈਨੀ ਤੋਂ ਵੀ ਹਟਾ ਦਿੱਤਾ ਗਿਆ ਹੈ। ਕੌਂਸਲਰ ਢਿੱਲੋਂ ਨੇ ਇਕ ਬਿਆਨ 'ਚ ਕਿਹਾ, '' ਮੇਰੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਮੈਂ ਜ਼ੋਰਦਾਰ ਢੰਗ ਨਾਲ ਨਕਾਰਦਾ ਹਾਂ ਅਤੇ ਇੰਟੈਗਰਿਟੀ ਕਮਿਸ਼ਨਰ ਦੀ ਰਿਪੋਰਟ ਦੀ ਸਮੀਖਿਆ ਲਈ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ।'' ਢਿੱਲੋਂ 'ਤੇ ਅਪਰਾਧਿਕ ਦੋਸ਼ ਨਹੀਂ ਲਗਾਇਆ ਗਿਆ ਹੈ। ਇਕ ਰਿਪੋਰਟ ਮੁਤਾਬਕ, ਉਨ੍ਹਾਂ ਨੇ ਅਸਤੀਫਾ ਦੇਣ ਤੋਂ ਇਨਕਾਰ ਕੀਤਾ ਹੈ। ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਅਸਤੀਫਾ ਨਹੀਂ ਦੇਣਗੇ।


author

Sanjeev

Content Editor

Related News