BPCC ਦਾ ਸਾਲਾਨਾ ਫੁੱਟਬਾਲ ਟੂਰਨਾਮੈਂਟ 3 ਤੇ 4 ਅਕਤੂਬਰ ਨੂੰ ! ਮੁਕੰਮਲ ਹੋਈਆਂ ਤਿਆਰੀਆਂ
Saturday, Sep 12, 2026 - 11:24 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕੈਲਮਵੇਲ ਦਾ ਸਾਲਾਨਾ ਫੁੱਟਬਾਲ ਟੂਰਨਾਮੈਂਟ 3 ਅਤੇ 4 ਅਕਤੂਬਰ ਨੂੰ ਬੀ.ਪੀ.ਸੀ.ਸੀ. ਗਰਾਊਂਡ, ਕਾਰਨਰ ਡਿਊ ਸਟ੍ਰੀਟ ਅਤੇ ਨਾਥਨ ਰੋਡ, ਰਨਕੌਰਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈੱਸ ਨੂੰ ਵਧੇਰੇ ਜਾਣਕਾਰੀ ਦਿੰਦਿਆ ਬੌਬੀ ਜੌਹਲ ਤੇ ਦੀਪਇੰਦਰ ਸਿੰਘ ਨੇ ਦੱਸਿਆ ਕੀ ਸਾਲ 2008 ਵਿੱਚ ਸਥਾਪਿਤ ਹੋਇਆ ਇਹ ਕਲੱਬ ਬ੍ਰਿਸਬੇਨ 'ਚ ਵੱਸਦੇ ਪੰਜਾਬੀ ਭਾਈਚਾਰੇ ਦੀਆਂ ਸੱਭਿਆਚਰਕ ਤੇ ਖੇਡਾਂ ਦੀਆ ਸਰਗਰਮੀਆ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯੋਗਦਾਨ ਪਾ ਰਿਹਾ ਹੈ।
ਬੀ.ਪੀ.ਸੀ.ਸੀ. ਕਲੱਬ ਦਾ ਇਹ ਟੂਰਨਾਮੈਂਟ ਕੁਈਨਜ਼ਲੈਂਡ ਸੂਬੇ ਦੇ ਸਭ ਤੋਂ ਵੱਡੇ ਫੁੱਟਬਾਲ ਮੁਕਾਬਲਿਆਂ 'ਚੋਂ ਇੱਕ ਮੰਨਿਆ ਜਾਂਦਾ ਹੈ, ਜਿਸ 'ਚ ਆਸਟ੍ਰੇਲੀਆ ਦੀਆਂ ਨਾਮਵਰ ਅਤੇ ਚੈਂਪੀਅਨ ਟੀਮਾਂ ਹਿੱਸਾ ਲੈਂਦੀਆਂ ਹਨ। ਇਨ੍ਹਾਂ ਵਿੱਚ ਆਸਟ੍ਰੇਲੀਅਨ ਸਿੱਖ ਖੇਡਾਂ 'ਚ ਭਾਗ ਲੈਣ ਵਾਲੀਆਂ ਕਈ ਪ੍ਰਮੁੱਖ ਟੀਮਾਂ ਵੀ ਸ਼ਾਮਲ ਹਨ।
ਕਲੱਬ ਦੇ ਮੌਜੂਦਾ ਪ੍ਰਧਾਨ ਜਗਦੀਪ ਸਿੰਘ ਦੀ ਅਗਵਾਈ ਹੇਠ ਇਹ ਟੂਰਨਾਮੈਂਟ ਹਰ ਸਾਲ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਇਸ ਵਾਰ ਟੂਰਨਾਮੈਂਟ 'ਚ 20 ਹਜ਼ਾਰ ਡਾਲਰ ਤੱਕ ਦੇ ਇਨਾਮ ਰੱਖੇ ਗਏ ਹਨ ਅਤੇ ਰਿਕਾਰਡ 70 ਤੋਂ ਵੱਧ ਟੀਮਾਂ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਰਹੀਆਂ ਹਨ, ਜਿਨ੍ਹਾਂ 'ਚ ਸਿਡਨੀ ਅਤੇ ਮੈਲਬੌਰਨ ਦੀਆਂ ਟੀਮਾਂ ਵੀ ਸ਼ਾਮਲ ਹਨ।

ਇਸ ਵੱਡੇ ਖੇਡ ਮੇਲੇ ਦੀ ਸਫਲਤਾ ਲਈ ਕਲੱਬ ਦੇ ਸੀਨੀਅਰ ਮੈਂਬਰਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਡਾ. ਪਰਮਜੀਤ ਸਿੰਘ, ਰੌਕੀ ਭੁੱਲਰ, ਤਲਵੀਰ ਗਰਚਾ, ਡਾ. ਪ੍ਰਵੀ ਸਿੰਘ, ਦੀਪਿੰਦਰ ਸਿੰਘ, ਹਰਪ੍ਰੀਤ ਅਟਵਾਲ, ਦਲਜੀਤ ਸਿੰਘ ਧਾਮੀ ਆਸਟ੍ਰੇਲੀਆਈ ਸਿੱਖ ਖੇਡ ਕਮੇਟੀ ਦੇ ਪ੍ਰਧਾਨ, ਸਿਮਰਨਜੀਤ ਸਿੰਘ, ਬੌਬੀ ਜੌਹਲ, ਗਿੰਨੀ ਗਿੱਲ, ਹਰਜੀਤ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਠਿਆਰਾ, ਰਵਿੰਦਰ ਠਾਂਡੀ, ਜਗਦੀਪ ਸਿੰਘ ਸੰਧੂ, ਕੁਲਵੰਤ ਸੰਧਾਰ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਔਜਲਾ ਅਤੇ ਜਗਤਾਰ ਰੰਧਾਵਾ ਵੱਲੋਂ ਭਾਈਚਾਰੇ ਨਾਲ ਮਿਲ ਕੇ ਇਸ ਦੋ ਦਿਨਾਂ ਸਮਾਗਮ ਲਈ ਇਕ ਲੱਖ ਡਾਲਰ ਦੀ ਰਾਸ਼ੀ ਇਕੱਠੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।
ਟੂਰਨਾਮੈਂਟ ਦੌਰਾਨ ਦਰਸ਼ਕਾਂ ਲਈ ਦੋਵੇਂ ਦਿਨ ਲੰਗਰ ਦੀ ਸੇਵਾ ਜਾਰੀ ਰਹੇਗੀ। ਇਸ ਤੋਂ ਇਲਾਵਾ ਹਰ ਉਮਰ ਦੇ ਲੋਕਾਂ ਲਈ ਵੱਖ-ਵੱਖ ਸਟਾਲ ਅਤੇ ਮਨੋਰੰਜਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਮੁਕਾਬਲੇ 'ਚ ਕਈ ਪ੍ਰਮੁੱਖ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ 'ਚ ਆਸਟ੍ਰੇਲੀਆਈ ਸਿੱਖ ਖੇਡਾਂ ਅਤੇ ਗ੍ਰਿਫਿਥ ਸ਼ਹੀਦੀ ਸਿੱਖ ਖੇਡਾਂ ਦੀਆਂ ਮੌਜੂਦਾ ਚੈਂਪੀਅਨ ਟੀਮਾਂ ਵੀ ਸ਼ਾਮਲ ਹਨ। ਬੱਚਿਆਂ ਦੀਆਂ ਕਈ ਟੀਮਾਂ ਵੀ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੀਆਂ, ਜਿਨ੍ਹਾਂ 'ਚੋਂ ਕੁਝ ਆਪਣੇ ਉਮਰ ਵਰਗ ਵਿੱਚ ਆਸਟ੍ਰੇਲੀਆ ਦੀਆਂ ਚੋਟੀ ਦੀਆਂ ਟੀਮਾਂ ਵਿੱਚ ਖੇਡ ਰਹੇ ਹਨ।
ਬੀ.ਪੀ.ਸੀ.ਸੀ. ਕਮੇਟੀ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਅਤੇ ਖੇਡ ਪ੍ਰੇਮੀਆਂ ਨੂੰ ਇਸ ਵਿਸ਼ਾਲ ਖੇਡ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਿਮਰਤਾ ਸਹਿਤ ਸੱਦਾ ਦਿੱਤਾ ਗਿਆ ਹੈ। ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕੈਲਮਵੇਲ ਵਿਦੇਸ਼ ਵਿੱਚ ਖੇਡਾਂ ਦੇ ਨਾਲ-ਨਾਲ ਪੰਜਾਬੀ ਏਕਤਾ, ਸੱਭਿਆਚਾਰ ਅਤੇ ਭਾਈਚਾਰਕ ਸਾਂਝ ਨੂੰ ਵੀ ਪ੍ਰਫੁੱਲਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ- ਇਰਾਨ ਦਾ ਬਹਿਰੀਨ 'ਤੇ ਭਿਆਨਕ ਹਮਲਾ ! ਅਮਰੀਕੀ ਨੇਵੀ ਬੇਸ ਕਰ'ਤਾ ਤਬਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
