ਕੈਨੇਡੀਅਨ ਸਕੂਲ ''ਚ ਚੱਲੀਆਂ ਗੋਲੀਆਂ, ਇਕ ਦੀ ਮੌਤ ਤੇ ਦੋ ਵਿਅਕਤੀ ਜ਼ਖਮੀ

10/11/2017 12:56:38 PM

ਓਟਾਵਾ, (ਬਿਊਰੋ)— ਕੈਨੇਡਾ ਦੇ ਸ਼ਹਿਰ ਐਟੋਬਿਕੋਕ ਦੇ ਇਕ ਸਕੂਲ ਦੀ ਪਾਰਕਿੰਗ 'ਚ 8 ਅਕਤੂਬਰ ਨੂੰ 3 ਮੁੰਡਿਆਂ 'ਤੇ ਇਕ ਅਣਪਛਾਤੇ ਵਿਅਕਤੀ ਨੇ ਜਾਨਲੇਵਾ ਹਮਲਾ ਕਰ ਦਿੱਤਾ ਸੀ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਦੌਰਾਨ ਮਰਨ ਵਾਲੇ ਦੀ ਪਛਾਣ 16 ਸਾਲਾ ਜ਼ਾਕਾਰੀਏ ਅਲੀ ਦੇ ਤੌਰ 'ਤੇ ਕੀਤੀ ਗਈ ਹੈ । ਹਮਲੇ 'ਚ ਜ਼ਖਮੀ ਹੋਏ ਦੋ ਹੋਰ ਨੌਜਵਾਨਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਦੀ ਉਮਰ 18 ਅਤੇ 19 ਸਾਲ ਹੈ। ਜ਼ਾਕਾਰੀਏ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ। ਲੋਕਾਂ ਨੇ 8 ਅਕਤੂਬਰ ਨੂੰ ਦੁਪਹਿਰ 11.40 ਵਜੇ ਦੀਕਸ਼ਨ ਰੋਡ ਅਤੇ ਵਿਨਕੋਟ ਡਰਾਈਵ ਨੇੜੇ 5 ਵਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਸੀ। ਜਦ ਤਕ ਲੋਕ ਉੱਥੇ ਪੁੱਜੇ ਦੋਸ਼ੀ ਫਰਾਰ ਹੋ ਗਿਆ ਸੀ। 
ਕਿਹਾ ਜਾ ਰਿਹਾ ਹੈ ਕਿ ਦੋਸ਼ੀ ਲਗਭਗ 20 ਕੁ ਸਾਲਾ ਵਿਅਕਤੀ ਹੈ, ਜਿਸ ਦਾ ਕੱਦ 5 ਫੁੱਟ 7 ਇੰਚ ਲੰਬਾ ਹੈ। ਸਕੂਲ ਦੇ ਕੈਮਰੇ ਤੋਂ ਪੁਲਸ ਨੇ ਕਾਫੀ ਜਾਣਕਾਰੀ ਪ੍ਰਾਪਤ ਕਰ ਲਈ ਹੈ। ਪੁਲਸ ਨੇ ਕਿਹਾ ਕਿ ਇਹ ਘਟਨਾ ਕਿਉਂ ਵਾਪਰੀ,ਇਸ ਬਾਰੇ ਕੁੱਝ ਵੀ ਕਹਿਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਇੱਥੇ ਕੁੱਝ ਦਿਨਾਂ 'ਚ ਹੀ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਕਾਰਨ ਲੋਕ ਦਹਿਸ਼ਤ 'ਚ ਹਨ। ਵੀਰਵਾਰ ਨੂੰ 29 ਸਾਲਾ ਅਬਦੁਲਕਾਦਿਰ ਬੀਹੀ ਨਾਂ ਦੇ ਵਿਅਕਤੀ ਦੀ ਲਾਸ਼ ਗੱਡੀ 'ਚੋਂ ਮਿਲੀ ਸੀ। ਇਨ੍ਹਾਂ ਦੋਹਾਂ ਘਟਨਾਵਾਂ 'ਚ ਕੋਈ ਸੰਬੰਧ ਤਾਂ ਨਹੀਂ, ਇਸ ਸੰਬੰਧੀ ਜਾਂਚ ਚੱਲ ਰਹੀ ਹੈ।


Related News