ਕੋਰੋਨਾ ਦਾ ਕਹਿਰ, ਇੰਗਲੈਂਡ ਦੀ ਰਾਸ਼ਟਰੀ ਤਾਲਾਬੰਦੀ 8 ਮਾਰਚ ਤੱਕ ਵਧੀ
Thursday, Jan 28, 2021 - 05:58 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਜੋ ਕਿ ਕੋਰੋਨਾ ਵਾਇਰਸ ਦੀ ਮਾਰ ਦਾ ਵੱਡੇ ਪੱਧਰ 'ਤੇ ਸਾਹਮਣਾ ਕਰ ਰਿਹਾ ਹੈ, ਇਸ ਸਮੇ ਰਾਸ਼ਟਰੀ ਤਾਲਾਬੰਦੀ ਦੀਆਂ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ। ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਹੋਇਆ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੰਗਲੈਂਡ ਦੇ ਕੌਮੀ ਤਾਲਾਬੰਦੀ 8 ਮਾਰਚ ਤੱਕ ਵਧਾ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਜਾਣਕਾਰੀ ਦਿੱਤੀ ਕਿ ਇਸ ਦੌਰਾਨ ਸਾਰੇ ਗੈਰ-ਜ਼ਰੂਰੀ ਕਾਰੋਬਾਰ ਅਤੇ ਸਕੂਲ ਬੰਦ ਰਹਿਣ ਦੇ ਨਾਲ ਹੀ ਪੱਬ ਅਤੇ ਰੈਸਟੋਰੈਂਟ ਵੀ ਇਹਨਾਂ ਪਾਬੰਦੀਆਂ ਅਧੀਨ ਬੰਦ ਰਹਿਣਗੇ। ਜਦਕਿ ਸਰਕਾਰ ਦੁਆਰਾ 22 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਵਿੱਚ ਤਾਲਾਬੰਦੀ ਤੋਂ ਬਾਹਰ ਆਉਣ ਲਈ ਪੜਾਅ 'ਤੇ ਯੋਜਨਾਵਾਂ ਤੈਅ ਕਰੇਗੀ। ਜਾਨਸਨ ਅਨੁਸਾਰ 4 ਜਨਵਰੀ ਤੋਂ ਸ਼ੁਰੂ ਹੋਈ ਮੌਜੂਦਾ ਤਾਲਾਬੰਦੀ ਨੇ ਆਰ ਨੰਬਰ ਦੀ ਦਰ ਨੂੰ ਘਟਾਇਆ ਹੈ ਪਰ ਅਜੇ ਵੀ ਕੋਰੋਨਾ ਮਰੀਜ਼ਾਂ ਦਾ ਹਸਪਤਾਲਾਂ ਵਿੱਚ ਦਾਖਲਾ ਜਾਰੀ ਹੈ ਜੋ ਕਿ ਅੰਕੜਿਆਂ ਅਨੁਸਾਰ 37,000 ਤੋਂ ਵੱਧ ਹੈ।
ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ 'ਚ ਮਸਜਿਦਾਂ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਭਾਰਤੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ
ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਇਹ ਗਿਣਤੀ ਵਾਇਰਸ ਦੀ ਪਹਿਲੀ ਲਹਿਰ ਦੇ ਸਿਖਰ ਤੋਂ ਤਕਰੀਬਨ ਦੁੱਗਣੀ ਹੈ। ਇਸ ਲਈ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਵਿਭਾਗ ਦੀ ਚੰਗੀ ਕਾਰਗੁਜ਼ਾਰੀ ਲਈ ਫਿਲਹਾਲ ਤਾਲਾਬੰਦੀ ਜਰੂਰੀ ਹੈ। ਪ੍ਰਧਾਨ ਮੰਤਰੀ ਅਨੁਸਾਰ ਫਰਵਰੀ ਦੇ ਅੱਧ ਤੱਕ ਵਾਇਰਸ ਦੀ ਸਮੁੱਚੀ ਤਸਵੀਰ ਸਾਫ਼ ਹੋ ਜਾਣੀ ਚਾਹੀਦੀ ਹੈ ਅਤੇ ਤਾਲਾਬੰਦੀ ਖਤਮ ਹੋਣ ਦੌਰਾਨ ਸਕੂਲਾਂ ਨੂੰ ਪਹਿਲਾਂ ਖੋਲ੍ਹਿਆ ਜਾਵੇਗਾ ਅਤੇ ਉਸ ਤੋਂ ਬਾਅਦ ਹੋਰ ਸਾਰੀਆਂ ਆਰਥਿਕ ਅਤੇ ਸਮਾਜਿਕ ਪਾਬੰਦੀਆਂ ਇੱਕ ਇੱਕ ਕਰਕੇ ਹਟਾਈਆਂ ਜਾਣਗੀਆਂ। ਇਸ ਦੇ ਇਲਾਵਾ ਵਾਇਰਸ ਪ੍ਰਭਾਵਿਤ ਰੈਡ ਜ਼ੋਨ ਖੇਤਰ ਤੋਂ ਯੂਕੇ ਆਉਣ ਵਾਲੇ ਯਾਤਰੀਆਂ ਨੂੰ ਸਿੱਧੇ ਤੌਰ 'ਤੇ ਸਰਕਾਰ ਦੁਆਰਾ ਪ੍ਰਦਾਨ ਕੀਤੀ ਰਿਹਾਇਸ਼ ਜਿਵੇਂ ਕਿ ਹੋਟਲ ਵਿੱਚ ਦਸ ਦਿਨ ਦੇ ਇਕਾਂਤਵਾਸ ਲਈ ਤਬਦੀਲ ਕੀਤਾ ਜਾਵੇਗਾ।
ਨੋਟ- ਉਕਤ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।