ਬ੍ਰਿਟਿਸ਼ ਪੀ.ਐੱਮ. ਤਾਲਾਬੰਦੀ ਦੌਰਾਨ ਕਰ ਰਹੇ ਸਨ ਵਾਈਨ ਪਾਰਟੀ, ਪਿਆ ਬਖੇੜਾ

Tuesday, Dec 21, 2021 - 04:03 PM (IST)

ਬ੍ਰਿਟਿਸ਼ ਪੀ.ਐੱਮ. ਤਾਲਾਬੰਦੀ ਦੌਰਾਨ ਕਰ ਰਹੇ ਸਨ ਵਾਈਨ ਪਾਰਟੀ, ਪਿਆ ਬਖੇੜਾ

ਲੰਡਨ (ਬਿਊਰੋ): ਬ੍ਰਿਟੇਨ 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਇਕ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਬਖੇੜਾ ਖੜ੍ਹਾ ਹੋ ਗਿਆ ਹੈ। ਇਸ ਤਸਵੀਰ ਵਿੱਚ ਪੀ.ਐੱਮ. ਬੋਰਿਸ ਕਈ ਹੋਰਾਂ ਨਾਲ ਆਪਣੀ ਸਰਕਾਰੀ ਰਿਹਾਇਸ਼ ਦੇ ਬਗੀਚੇ ਵਿੱਚ ਬੈਠੇ ਸ਼ਰਾਬ ਪੀ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਪਿਛਲੇ ਸਾਲ ਮਈ ਮਹੀਨੇ ਦੀ ਹੈ। ਬੋਰਿਸ ਜਾਨਸਨ 'ਤੇ ਬਹੁਤ ਸਖ਼ਤ ਕੋਰੋਨਾ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਇਸ ਵਿਵਾਦ ਦੇ ਸਾਹਮਣੇ ਆਉਣ ਤੋਂ ਬਾਅਦ ਬੋਰਿਸ ਦੇ ਸਹਿਯੋਗੀ ਨੇ ਸ਼ਰਾਬ ਪੀਣ ਦਾ ਖੰਡਨ ਕੀਤਾ ਹੈ।

ਬ੍ਰਿਟੇਨ 'ਚ ਕੋਰੋਨਾ ਤਾਲਾਬੰਦੀ ਦੌਰਾਨ ਬਹੁਤ ਸਖ਼ਤ ਨਿਯਮ ਬਣਾਏ ਗਏ ਸਨ ਅਤੇ ਇਕ ਦੂਜੇ ਨਾਲ ਮਿਲਣ 'ਤੇ ਕਈ ਪਾਬੰਦੀਆਂ ਲਾਈਆਂ ਗਈਆਂ ਸਨ। ਅਜਿਹੇ 'ਚ ਬ੍ਰਿਟੇਨ ਦੇ ਪੀ.ਐੱਮ. ਦਾ ਦੂਜੇ ਲੋਕਾਂ ਨਾਲ ਸ਼ਰਾਬ ਪੀਂਦੇ ਨਜ਼ਰ ਆਉਣਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਫੋਟੋ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ, ਉੱਥੇ ਹੀ ਬੋਰਿਸ ਜਾਨਸਨ ਦੀ ਆਪਣੀ ਕੰਜ਼ਰਵੇਟਿਵ ਪਾਰਟੀ 'ਤੇ ਪਕੜ 'ਤੇ ਵੀ ਸਵਾਲ ਉੱਠ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ -ਕਿਮ ਜੋਂਗ ਉਨ ਤੀਜੇ ਸਭ ਤੋਂ ਵੱਧ 'ਸਰਚ' ਕੀਤੇ ਜਾਣ ਵਾਲੇ ਸਿਆਸਤਦਾਨ, ਜਾਣੋ ਸਿਖਰ 'ਤੇ ਕੌਣ

ਤਸਵੀਰ 'ਤੇ ਪਿਆ ਬਖੇੜਾ
ਬੋਰਿਸ ਦੀ ਪਾਰਟੀ ਦੇ ਮੰਤਰੀ ਕੋਰੋਨਾ ਨੂੰ ਕੰਟਰੋਲ ਕਰਨ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਬਾਰੇ ਸੋਚ ਰਹੇ ਹਨ। ਇਹ ਪਿਛਲੇ ਹਫ਼ਤੇ ਹੀ ਹੋਇਆ ਸੀ ਕਿ ਪਾਰਟੀ ਮੱਧ-ਮਿਆਦ ਦੀਆਂ ਚੋਣਾਂ ਵਿੱਚ ਇੱਕ ਸੀਟ ਹਾਰ ਗਈ ਸੀ, ਜਿਸ 'ਤੇ ਉਸ ਦਾ ਲੰਬੇ ਸਮੇਂ ਤੋਂ ਕਬਜ਼ਾ ਸੀ। ਬ੍ਰਿਟਿਸ਼ ਅਖ਼ਬਾਰ ਗਾਰਡੀਅਨ ਨੇ ਐਤਵਾਰ ਨੂੰ ਇਹ ਤਸਵੀਰ ਪ੍ਰਕਾਸ਼ਿਤ ਕੀਤੀ। ਇਸ ਤਸਵੀਰ ਵਿੱਚ ਬੋਰਿਸ ਆਪਣੀ ਸਾਥੀ ਕੈਰੀ ਅਤੇ ਦੋ ਹੋਰਾਂ ਨਾਲ ਆਪਣੀ ਸਰਕਾਰੀ ਰਿਹਾਇਸ਼ ਦੀ ਛੱਤ 'ਤੇ ਬੈਠੇ ਹਨ। ਵਾਈਨ ਅਤੇ ਪਨੀਰ ਉਨ੍ਹਾਂ ਦੇ ਮੇਜ਼ 'ਤੇ ਰੱਖੇ ਹੋਏ ਹਨ।

ਬੋਰਿਸ ਦੇ ਨੇੜੇ ਇਕ ਹੋਰ ਮੇਜ਼ 'ਤੇ 4 ਲੋਕ ਬੈਠੇ ਹਨ ਅਤੇ ਉਸ ਤੋਂ ਥੋੜ੍ਹੀ ਦੂਰੀ 'ਤੇ ਵੱਡੀ ਗਿਣਤੀ ਵਿਚ ਲੋਕ ਬੈਠੇ ਹਨ। ਉਹਨਾਂ ਦੇ ਮੇਜ਼ 'ਤੇ ਸ਼ਰਾਬ ਵੀ ਰੱਖੀ ਹੋਈ ਹੈ। ਇਹ ਤਸਵੀਰ ਉਸ ਸਮੇਂ ਦੀ ਦੱਸੀ ਜਾ ਰਹੀ ਹੈ ਜਦੋਂ ਸਰਕਾਰ ਵੱਲੋਂ ਲੋਕਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਜਨਤਕ ਥਾਵਾਂ 'ਤੇ ਸਿਰਫ਼ ਇੱਕ ਵਿਅਕਤੀ ਨੂੰ ਮਿਲ ਸਕਦੇ ਹਨ। ਇਸ ਦੌਰਾਨ ਦੋ ਮੀਟਰ ਦਾ ਦਾਇਰਾ ਹੋਣਾ ਵੀ ਜ਼ਰੂਰੀ ਹੈ। ਇਸ ਵਿਵਾਦ ਦੇ ਵਧਣ ਤੋਂ ਬਾਅਦ ਬ੍ਰਿਟੇਨ ਦੇ ਡਿਪਟੀ ਪੀਐਮ ਡੋਮਿਨਿਕ ਰਾਬ ਨੇ ਕਿਹਾ ਕਿ ਪੀਐਮ ਰਿਹਾਇਸ਼ ਇਸ ਬਾਗ ਨੂੰ ਕਾਰਜ ਸਥਲ ਦੇ ਤੌਰ 'ਤੇ ਵਰਤਦਾ ਹੈ। ਇਹ ਨਿਯਮਾਂ ਦੇ ਵਿਰੁੱਧ ਨਹੀਂ ਹੈ।


author

Vandana

Content Editor

Related News