ਬ੍ਰਿਟਿਸ਼ ਸਾਂਸਦਾਂ ਨੂੰ ਬੋਰਿਸ ਸਰਕਾਰ ਦਾ ਜਵਾਬ, ਕਿਹਾ-''ਖੇਤੀ ਸੁਧਾਰ ਭਾਰਤ ਦਾ ਅੰਦਰੂਨੀ ਮਾਮਲਾ''

02/07/2021 5:57:38 PM

ਲੰਡਨ (ਬਿਊਰੋ): ਭਾਰਤ ਵਿਚ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜਾਰੀ ਕਿਸਾਨ ਅੰਦੋਲਨ ਫਿਲਹਾਲ ਜਾਰੀ ਹੈ। ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਰਹਿੰਦੇ ਭਾਰਤੀ ਭਾਈਚਾਰੇ ਦਾ ਸਮਰਥਨ ਹਾਸਲ ਹੋ ਰਿਹਾ ਹੈ। ਕਿਸਾਨ ਅੰਦੋਲਨ ਦੇ ਇਸ ਮੁੱਦੇ 'ਤੇ ਬ੍ਰਿਟਿਸ਼ ਸਾਂਸਦਾਂ ਦੀ ਗੋਲਬੰਦੀ ਵੀ ਬੋਰਿਸ ਜਾਨਸਨ ਸਰਕਾਰ 'ਤੇ ਦਬਾਅ ਨਹੀਂ ਬਣਾ ਸਕੀ ਹੈ। ਬ੍ਰਿਟਿਸ਼ ਸਰਕਾਰ ਨੇ ਸ਼ਨੀਵਾਰ ਨੂੰ ਸੰਸਦ ਵਿਚ ਕਿਹਾ ਕਿ ਖੇਤੀ ਸੁਧਾਰ ਭਾਰਤ ਦਾ ਅੰਦਰੂਨੀ ਮਾਮਲਾ ਹੈ। ਬ੍ਰਿਟੇਨ ਦੇ ਕਈ ਸਾਂਸਦ ਕਿਸਾਨ ਅੰਦੋਲਨ ਨੂੰ ਲੈਕੇ ਬ੍ਰਿਟਿਸ਼ ਸਰਕਾਰ ਨੂੰ ਭਾਰਤ ਸਰਕਾਰ 'ਤੇ ਦਬਾਅ ਬਣਾਉਣ ਦੀ ਅਪੀਲ ਕਰ ਰਹੇ ਸਨ। ਇਸ ਮੁੱਦੇ ਨੂੰ ਬ੍ਰਿਟਿਸ਼ ਸੰਸਦ ਵਿਚ ਵੀ ਚੁੱਕਿਆ ਗਿਆ।

ਬ੍ਰਿਟਿਸ਼ ਸਰਕਾਰ ਨੇ ਕਹੀ ਇਹ ਗੱਲ
ਬ੍ਰਿਟਿਸ਼ ਵਿਦੇਸ਼ ਦਫਤਰ ਵਿਚ ਏਸ਼ੀਆ ਮਾਮਲਿਆਂ ਦੇ ਮੰਤਰੀ ਨਿਗੇਲ ਐਡਮਜ਼ ਨੇ ਬ੍ਰਿਟਿਸ਼ ਸੰਸਦ ਵਿਚ ਇਕ ਲਿਖਤੀ ਪ੍ਰਸ਼ਨ ਦੇ ਜਵਾਬ ਵਿਚ ਕਿਹਾ ਕਿ ਅਸੀਂ ਭਾਰਤ ਵਿਚ ਅਤੇ ਇੱਥੇ ਬ੍ਰਿਟੇਨ ਵਿਚ ਇਹਨਾਂ ਚਿੰਤਾਵਾਂ ਤੋਂ ਜਾਣੂ ਹਾਂ ਕਿ ਇਹ ਸੁਧਾਰ ਖੇਤੀ ਭਾਈਚਾਰੇ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਭਾਰਤੀ ਅਧਿਕਾਰੀਆ ਲਈ ਖੇਤੀ ਸੁਧਾਰ ਇਕ ਘਰੇਲੂ ਨੀਤੀ ਮੁੱਦਾ ਹੈ।

26 ਜਨਵਰੀ ਦੀ ਹਿੰਸਾ ਬਾਰੇ ਕਹੀ ਇਹ ਗੱਲ
26 ਜਨਵਰੀ ਨੂੰ ਹੋਏ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਬਾਰੇ ਵਿਚ ਬ੍ਰਿਟਿਸ਼ ਸਰਕਾਰ ਦੇ ਮੁਲਾਂਕਣ ਦੇ ਬਾਰੇ ਵਿਚ ਪੁੱਛੇ ਗਏ ਸਵਾਲ 'ਤੇ ਉਹਨਾਂ ਨੇ ਕਿਹਾ ਕਿ ਕਾਨੂੰਨੀ ਤੌਰ 'ਤੇ ਇਕੱਠੇ ਹੋਣ ਅਤੇ ਇਕ ਦ੍ਰਿਸ਼ਟੀਕੌਣ ਪ੍ਰਦਰਸ਼ਿਤ ਕਰਨ ਦਾ ਅਧਿਕਾਰ ਸਾਰੇ ਲੋਕਤੰਤਰਾਂ ਲਈ ਸਧਾਰਨ ਹੈ। ਜੇਕਰ ਵਿਰੋਧ ਪ੍ਰਦਰਸ਼ਨ ਨੇ ਕਾਨੂੰਨੀ ਸਰਹੱਦਾਂ ਦੀ ਵੈਧਤਾ ਨੂੰ ਪਾਰ ਕੀਤਾ ਹੋਵੇ ਤਾਂ ਸਰਕਾਰਾਂ ਵੀ ਕਾਨੂੰਨ ਅਤੇ ਵਿਵਸਥਾ ਲਾਗੂ ਕਰਨ ਦੀ ਸ਼ਕਤੀ ਰੱਖਦੀਆਂ ਹਨ।

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਬਰਫੀਲੇ ਮੀਂਹ 'ਚ ਇਕੱਲਾ ਹੀ ਕਿਸਾਨ ਸੰਘਰਸ਼ ਦੇ ਹੱਕ 'ਚ ਡਟਿਆ ਗੁਲਜੀਤ ਸਿੰਘ ਬਾਵਾ

ਬ੍ਰਿਟਿਸ਼ ਸਾਂਸਦਾਂ ਨੇ ਲਿਖੀ ਸੀ ਚਿੱਠੀ
ਲੇਬਰ ਪਾਰਟੀ ਦੇ ਸਾਂਸਦ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿਚ 36 ਬ੍ਰਿਟਿਸ਼ ਸਾਂਸਦਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਰਾਸ਼ਟਰਮੰਡਲ ਸਕੱਤਰ ਡੋਮਿਨਿਕ ਰਾਬ ਨੂੰ ਚਿੱਠੀ ਲਿਖੀ ਸੀ। ਇਸ ਚਿੱਠੀ ਵਿਚ ਸਾਂਸਦਾਂ ਨੇ ਕਿਸਾਨ ਕਾਨੂੰਨ ਦੇ ਵਿਰੋਧ ਵਿਚ ਭਾਰਤ ਸਰਕਾਰ 'ਤੇ ਦਬਾਅ ਪਾਉਣ ਦੀ ਮੰਗ ਕੀਤੀ ਸੀ। ਸਾਂਸਦਾਂ ਦੇ ਗੁੱਟ ਨੇ ਡੋਮਿਨਿਕ ਰਾਬ ਨੂੰ ਕਿਹਾ ਹੈ ਕਿ ਉਹ ਪੰਜਾਬ ਦੇ ਸਿੱਖ ਕਿਸਾਨਾਂ ਦੇ ਸਮਰਥਨ ਵਿਚ ਵਿਦੇਸ਼ ਅਤੇ ਰਾਸ਼ਟਰ ਮੰਡਲ ਦਫਤਰਾਂ ਜ਼ਰੀਏ ਭਾਰਤ ਸਰਕਾਰ ਨਾਲ ਗੱਲਬਾਤ ਕਰਨ।

ਭਾਰਤ ਨਾਲ ਦੋਸਤਾਨਾ ਸੰਬੰਧਾਂ ਦੇ ਪੱਖ ਵਿਚ
ਪਹਿਲਾਂ ਵੀ ਬ੍ਰਿਟਿਸ਼ ਸਰਕਾਰ ਤੋਂ ਕਿਸਾਨ ਅੰਦੋਲਨ ਸੰਬੰਧੀ ਸਵਾਲ ਪੁੱਛੇ ਜਾ ਚੁੱਕੇ ਹਨ ਪਰ ਹਰ ਵਾਰ ਉਹਨਾਂ ਨੇ ਇਸ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਦਿਆਂ ਖੁਦ ਨੂੰ ਵੱਖਰਾ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਮੰਨਿਆ ਜਾਂਦਾ ਹੈ ਕਿ ਬ੍ਰਿਟਿਸ਼ ਸਰਕਾਰ ਦਾ ਰੁੱਖ਼ ਭਾਰਤ ਸਰਕਾਰ ਦੇ ਨਾਲ ਦੋਸਤਾਨਾ ਸੰਬੰਧ ਬਣਾਈ ਰੱਖਣਾ ਹੈ। ਭਾਰਤ ਨੇ ਵੀ ਸਨਮਾਨ ਦਿਖਾਉਂਦੇ ਹੋਏ ਇਸ ਵਾਰ ਗਣਤੰਤਰ ਦਿਵਸ ਮੌਕੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਭੇਜਿਆ ਸੀ। ਭਾਵੇਂਕਿ ਬ੍ਰਿਟੇਨ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਉਹਨਾਂ ਨੂੰ ਆਪਣੀ ਭਾਰਤ ਫੇਰੀ ਰੱਦ ਕਰ ਦਿੱਤੀ ਸੀ।

ਨੋਟ- ਖੇਤੀ ਕਾਨੂੰਨਾਂ ਬਾਰੇ ਬ੍ਰਿਟਿਸ਼ ਸਰਕਾਰ ਦੇ ਜਵਾਬ 'ਤੇ, ਕੁਮੈਂਟ ਕਰ ਦਿਓ ਰਾਏ।
 


Vandana

Content Editor

Related News