ਘਰ ਅੰਦਰੋਂ ਮਿਲੀਆਂ 191 ਲਾਸ਼ਾਂ, ਮੌਕੇ 'ਤੇ ਪਹੁੰਚੀ ਪੁਲਸ ਦੇ ਉੱਡੇ ਹੋਸ਼
Saturday, Jun 28, 2025 - 06:36 PM (IST)

ਕੋਲੋਰਾਡੋ : ਅਮਰੀਕਾ ਦੇ ਕੋਲੋਰਾਡੋ ਵਿੱਚ ਇੱਕ ਅੰਤਿਮ ਸੰਸਕਾਰ ਘਰ (ਸ਼ਮਸ਼ਾਨ) ਦੇ ਮਾਲਕ ਨੇ ਅਜਿਹਾ ਕੰਮ ਕੀਤਾ ਹੈ ਕਿ ਇਹ ਸੁਣ ਕੇ ਤੁਹਾਡਾ ਮਨੁੱਖਤਾ ਵਿੱਚ ਵਿਸ਼ਵਾਸ ਹਿੱਲ ਜਾਵੇਗਾ। ਦਰਅਸਲ, ਅੰਤਿਮ ਸੰਸਕਾਰ ਘਰ ਦਾ ਮਾਲਕ ਲਾਸ਼ਾਂ ਨੂੰ ਸਾੜੇ ਬਿਨਾਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਨਕਲੀ ਰਾਖ (ਫੁੱਲ) ਭੇਜਦਾ ਸੀ। ਪਰ ਭਲਾ ਹੋਵੇ ਅਮਰੀਕਾ ਦੀ ਅਦਾਲਤ ਦਾ, ਜਿਸ ਨੇ ਉਸਨੂੰ ਸਖ਼ਤ ਸਜ਼ਾ ਦਿੱਤੀ। ਜੌਨ ਹਾਲਫੋਰਡ ਨਾਮ ਦੇ ਇੱਕ ਵਿਅਕਤੀ ਨੂੰ 191 ਲਾਸ਼ਾਂ ਨਾਲ ਅਣਮਨੁੱਖੀ ਵਿਵਹਾਰ ਕਰਨ ਅਤੇ ਪਰਿਵਾਰਾਂ ਨਾਲ ਧੋਖਾ ਕਰਨ ਦੇ ਦੋਸ਼ ਵਿੱਚ ਇੱਕ ਅਮਰੀਕੀ ਅਦਾਲਤ ਨੇ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਸਿਰਫ਼ ਧੋਖਾਧੜੀ ਦਾ ਨਹੀਂ ਸੀ, ਸਗੋਂ ਇੱਕ ਸੱਚਾਈ ਦਾ ਸੀ, ਜਿਸਨੇ ਮਨੁੱਖਤਾ ਅਤੇ ਭਾਵਨਾਵਾਂ ਨੂੰ ਕੁਚਲ ਦਿੱਤਾ ਸੀ।
ਹਾਲਫੋਰਡ ਆਪਣੀ ਪਤਨੀ ਕੈਰੀ ਨਾਲ 'ਰਿਟਰਨ ਟੂ ਨੇਚਰ ਫਿਊਨਰਲ ਹੋਮ' ਨਾਮ ਦੀ ਸੰਸਥਾ ਨੂੰ ਚਲਾਉਂਦਾ ਸੀ। 2019 ਅਤੇ 2023 ਦੇ ਵਿਚਕਾਰ ਇੱਥੇ ਸੈਂਕੜੇ ਲਾਸ਼ਾਂ ਸਸਕਾਰ ਲਈ ਲਿਆਂਦੀਆਂ ਗਈਆਂ। ਸਭ ਤੋਂ ਭਿਆਨਕ ਗੱਲ ਇਹ ਸੀ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਦੀਆਂ ਲਾਸ਼ਾਂ ਵਿਸ਼ਵਾਸ ਨਾਲ ਅੰਤਿਮ ਸੰਸਕਾਰ ਘਰ ਨੂੰ ਸੌਂਪੀਆਂ ਸਨ, ਉਨ੍ਹਾਂ ਨੂੰ ਇਨ੍ਹਾਂ ਲੋਕਾਂ ਨੇ ਸੁੱਕਾ ਕੰਕਰੀਟ ਪਾਊਡਰ (ਰਾਖ ਦਿਖਾਉਣ ਲਈ) ਵਾਪਸ ਦਿੱਤਾ ਸੀ। ਜਦੋਂ ਇਹ ਮਾਮਲਾ ਕੋਲੋਰਾਡੋ ਅਦਾਲਤ ਵਿੱਚ ਆਇਆ ਤਾਂ ਜੱਜ ਨੀਨਾ ਵਾਂਗ ਵੀ ਹੈਰਾਨ ਰਹਿ ਗਈ। ਉਸਨੇ ਕਿਹਾ, "ਇਹ ਕੋਈ ਆਮ ਧੋਖਾਧੜੀ ਨਹੀਂ ਹੈ। ਇਹ ਭਾਵਨਾਵਾਂ, ਪਰਿਵਾਰਾਂ ਅਤੇ ਮਾਣ-ਸਨਮਾਨ ਦੀ ਅਜਿਹੀ ਉਲੰਘਣਾ ਹੈ ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।" ਉਸਨੇ ਜੌਨ ਨੂੰ ਵੱਧ ਤੋਂ ਵੱਧ 240 ਮਹੀਨੇ, ਯਾਨੀ 20 ਸਾਲ ਦੀ ਸਜ਼ਾ ਸੁਣਾਈ।
ਅੰਤਿਮ ਸੰਸਕਾਰ ਘਰ ਕੋਲੋਰਾਡੋ ਦੀ ਰਾਜਧਾਨੀ ਡੇਨਵਰ ਤੋਂ ਲਗਭਗ 160 ਕਿਲੋਮੀਟਰ ਦੂਰ ਪੇਨਰੋਜ਼ ਨਾਮਕ ਇੱਕ ਛੋਟੇ ਜਿਹੇ ਕਸਬੇ ਵਿੱਚ ਸਥਿਤ ਸੀ। 2023 ਵਿੱਚ, ਪੁਲਸ ਨੂੰ ਇੱਕ ਕਾਲ ਆਈ। ਕਾਲ ਕਰਨ ਵਾਲਾ ਸਿਰਫ 'ਭਿਆਨਕ ਬਦਬੂ' ਦੀ ਸ਼ਿਕਾਇਤ ਕਰ ਰਿਹਾ ਸੀ। ਜਦੋਂ ਜਾਂਚ ਟੀਮਾਂ ਉੱਥੇ ਪਹੁੰਚ ਗਈਆਂ, ਤਾਂ ਨਜ਼ਾਰਾ ਵੇਖ ਕੇ ਟੀਮਾਂ ਦੇ ਹੋਸ਼ ਉੱਡ ਗਏ। ਲਾਸ਼ਾਂ ਕਮਰਿਆਂ ਵਿੱਚ ਇੰਨੇ ਬੇਤਰਤੀਬ ਢੰਗ ਨਾਲ ਪਈਆਂ ਸਨ ਕਿ ਕਦਮ ਰੱਖਣ ਲਈ ਵੀ ਜਗ੍ਹਾ ਨਹੀਂ ਸੀ। ਫਰਸ਼ 'ਤੇ ਸੜ ਰਹੇ ਸਰੀਰ ਦੇ ਤਰਲ ਤੋਂ ਬਚਣ ਲਈ ਐੱਫ. ਬੀ. ਆਈ. ਨੂੰ ਲੱਕੜ ਦੇ ਤਖ਼ਤੇ ਲਗਾਉਣੇ ਪਏ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੁਝ ਮਾਮਲਿਆਂ ਵਿੱਚ ਗਲਤ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ। ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ ਦਰਸਾਉਂਦੇ ਹਨ ਕਿ ਦੋ ਪਰਿਵਾਰਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਬਜਾਏ ਕਿਸੇ ਹੋਰ ਦੀਆਂ ਅਸਥੀਆਂ ਦਿੱਤੀਆਂ ਗਈਆਂ ਸਨ। ਜੌਨ ਅਤੇ ਉਸਦੀ ਪਤਨੀ ਕੈਰੀ ਹਾਲਫੋਰਡ 'ਤੇ ਨਾ ਸਿਰਫ਼ ਲਾਸ਼ਾਂ ਨਾਲ ਬਦਸਲੂਕੀ ਕਰਨ ਦਾ ਦੋਸ਼ ਹੈ, ਸਗੋਂ ਅਮਰੀਕੀ ਸਰਕਾਰ ਦੇ ਕੋਵਿਡ ਰਾਹਤ ਫੰਡ ਵਿੱਚ 9 ਲੱਖ ਡਾਲਰ (ਲਗਭਗ 7.5 ਕਰੋੜ ਰੁਪਏ) ਦੀ ਧੋਖਾਧੜੀ ਕਰਨ ਦਾ ਵੀ ਦੋਸ਼ ਹੈ। ਉਨ੍ਹਾਂ ਨੇ ਇਸ ਪੈਸੇ ਦੀ ਵਰਤੋਂ ਲਗਜ਼ਰੀ ਕਾਰਾਂ, ਕ੍ਰਿਪਟੋ ਕਰੰਸੀ ਅਤੇ ਬ੍ਰਾਂਡ ਵਾਲੇ ਗਹਿਣੇ ਖਰੀਦਣ ਲਈ ਕੀਤੀ। ਅਦਾਲਤ ਨੇ ਜੌਨ ਹਾਲਫੋਰਡ ਨੂੰ 1,070,413 ਡਾਲਰ ਦਾ ਜ਼ੁਰਮਾਨਾ ਵੀ ਕੀਤਾ ਹੈ। ਜੇਲ੍ਹ ਦੀ ਸਜ਼ਾ ਸੁਣਨ ਤੋਂ ਪਹਿਲਾਂ, ਅਦਾਲਤ ਵਿੱਚ ਖੜ੍ਹੇ ਜੌਨ ਨੂੰ ਆਪਣੀ ਗਲਤੀ ਮੰਨਦੇ ਹੋਏ ਦੇਖਿਆ ਗਿਆ। ਉਸਨੇ ਕਿਹਾ, 'ਮੈਂ ਇਹ ਅੰਤਿਮ ਸੰਸਕਾਰ ਘਰ ਇਸ ਲਈ ਸ਼ੁਰੂ ਕੀਤਾ ਸੀ ਤਾਂ ਜੋ ਮੈਂ ਲੋਕਾਂ ਦੇ ਜੀਵਨ ਵਿੱਚ ਕੁਝ ਸਕਾਰਾਤਮਕ ਕਰ ਸਕਾਂ। ਪਰ ਸਭ ਕੁਝ ਕਾਬੂ ਤੋਂ ਬਾਹਰ ਹੋ ਗਿਆ।'