ਖਾਲਿਦਾ ਜ਼ੀਆ ਦੇ ਦਿਹਾਂਤ ਤੋਂ ਬਾਅਦ BNP ਨੇ 7 ਦਿਨਾਂ ਦੇ ਸਰਕਾਰੀ ਸੋਗ ਦਾ ਕੀਤਾ ਐਲਾਨ
Tuesday, Dec 30, 2025 - 10:49 AM (IST)
ਢਾਕਾ (ਏਜੰਸੀ)- ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਨੇ ਆਪਣੀ ਚੇਅਰਪਰਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੇ ਦਿਹਾਂਤ ਦੇ ਬਾਅਦ ਮੰਗਲਵਾਰ ਨੂੰ 7 ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਬੰਗਲਾਦੇਸ਼ ਦੀ 3 ਵਾਰ ਪ੍ਰਧਾਨ ਮੰਤਰੀ ਰਹੀ ਜ਼ੀਆ ਦਾ ਢਾਕਾ ਦੇ 'ਐਵਰਕੇਅਰ' ਹਸਪਤਾਲ ਵਿਚ ਇਲਾਜ ਦੌਰਾਨ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6 ਵਜੇ ਦਿਹਾਂਤ ਹੋ ਗਿਆ। ਉਹ 80 ਸਾਲ ਦੀ ਸੀ।
BNP ਦੇ ਸੀਨੀਅਰ ਸੰਯੁਕਤ ਸਕੱਤਰ ਜਨਰਲ ਰੂਹੁਲ ਕਬੀਰ ਰਿਜ਼ਵੀ ਨੇ ਇਕ ਪ੍ਰੈੱਸ ਕਾਨਫਰੰਸ ਵਿਚ 7 ਦਿਨਾਂ ਦੇ ਸੋਗ ਪ੍ਰੋਗਰਾਮ ਦੀ ਰੂਪਰੇਖਾ ਦੱਸੀ, ਜਿਸ ਤਹਿਤ ਨਯਾਪਲਟਨ ਵਿਚ BNP ਦੇ ਕੇਂਦਰੀ ਦਫਤਰ ਅਤੇ ਦੇਸ਼ ਭਰ ਵਿਚ ਪਾਰਟੀ ਦਫਤਰਾਂ 'ਤੇ ਕਾਲੇ ਝੰਡੇ ਲਗਾਏ ਜਾਣਗੇ। ਪਾਰਟੀ ਦੇ ਨੇਤਾ, ਵਰਕਰ ਅਤੇ ਸਮਰਥਕ ਉਨ੍ਹਾਂ ਦੀ ਯਾਦ ਵਿਚ ਕਾਲੇ ਬਿੱਲੇ ਲਗਾਉਣਗੇ।
ਬੰਗਲਾਦੇਸ਼ ਵਿਚ ਪਾਰਟੀ ਦਫਤਰਾਂ ਅਤੇ ਹੋਰ ਸਥਾਨਾਂ 'ਤੇ ਦੁਆ ਮਹਿਫਿਲਾਂ (ਪ੍ਰਾਰਥਨਾ ਸਭਾਵਾਂ) ਆਯੋਜਿਤ ਕੀਤੀਆਂ ਜਾਣਗੀਆਂ ਅਤੇ ਕੁਰਾਨ ਪੜ੍ਹੀ ਜਾਏਗੀ। BNP ਦੇ ਕੇਂਦਰੀ ਦਫਤਰ, ਪਾਰਟੀ ਪ੍ਰਧਾਨ ਦੇ ਢਾਕਾ ਸਥਿਤ ਗੁਲਸ਼ਨ ਦਫਤਰ ਅਤੇ ਜ਼ਿਲ੍ਹਾ ਦਫਤਰਾਂ ਵਿਚ ਸੋਗ ਪੁਸਤਕਾਂ ਰੱਖੀਆਂ ਗਈਆਂ ਹਨ, ਤਾਂ ਕਿ ਮੈਂਬਰ ਅਤੇ ਆਮ ਜਨਤਾ ਉਨ੍ਹਾਂ ਦੀ ਯਾਦ ਵਿਚ ਕੁੱਝ ਸ਼ਬਦ ਲਿਖ ਸਕਣ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣ।
