ਬਲੈਕ ਲਾਈਵਜ਼ ਮੈਟਰ ਯੂਕੇ ਨੇ ਵੱਖ-ਵੱਖ ਸੰਗਠਨਾਂ ਨੂੰ ਹੁਣ ਤੱਕ ਦਿੱਤਾ ਅੱਧਾ ਮਿਲੀਅਨ ਪੌਂਡ ਦਾਨ
Monday, Mar 06, 2023 - 01:25 AM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਬਲੈਕ ਲਾਈਵਜ਼ ਮੈਟਰ ਯੂਕੇ ਨੇ ਦੇਸ਼ ਭਰ 'ਚ ਕਾਲੇ ਮੂਲ ਦੇ ਲੋਕਾਂ ਦੀ ਅਗਵਾਈ ਕਰਨ ਵਾਲੀਆਂ ਸੰਸਥਾਵਾਂ ਅਤੇ ਮੁਹਿੰਮ ਸਮੂਹਾਂ ਨੂੰ ਫੰਡਿੰਗ ਵਿੱਚ ਹੋਰ £350,000 ਜਾਰੀ ਕੀਤੇ ਹਨ, ਜਿਸ ਨਾਲ ਸੰਨ 2020 ਤੋਂ ਮੁੜ ਵੰਡੇ ਗਏ ਪੌਂਡ ਅੱਧਾ ਮਿਲੀਅਨ ਪੌਂਡ ਤੋਂ ਵੱਧ ਹੋ ਗਿਆ ਹੈ। 2020 ਦੀਆਂ ਗਰਮੀਆਂ ਦੌਰਾਨ ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਬਲੈਕ ਲਾਈਵਜ਼ ਮੈਟਰ ਯੂਕੇ ਨੂੰ 36,000 ਤੋਂ ਵੱਧ ਲੋਕਾਂ ਤੋਂ ਦਾਨ ਵਿੱਚ £1.2 ਮਿਲੀਅਨ ਪ੍ਰਾਪਤ ਹੋਏ ਹਨ। ਇਸ ਰਾਸ਼ੀ ਨੂੰ ਨਸਲਵਾਦ ਵਿਰੋਧੀ ਅਤੇ ਕਾਲੇ-ਅਗਵਾਈ ਵਾਲੇ ਭਾਈਚਾਰਕ ਸੰਗਠਨਾਂ ਵਿੱਚ ਲਗਭਗ 4 ਦਹਾਕਿਆਂ ਵਿੱਚ ਸਭ ਤੋਂ ਵੱਡੇ ਨਿਵੇਸ਼ਾਂ 'ਚੋਂ ਇਕ ਦੱਸਿਆ ਗਿਆ ਹੈ ਅਤੇ ਹੁਣ ਹੋਰ 17 ਸਮੂਹਾਂ ਨੂੰ ਬਲੈਕ ਲਾਈਵਜ਼ ਮੈਟਰ ਯੂਕੇ ਦੇ ਫੰਡਿੰਗ ਦੇ ਦੂਜੇ ਦੌਰ ਵਿੱਚ ਪੈਸਾ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ : ਰੂਸ ਦਾ ਯੂਕ੍ਰੇਨ 'ਤੇ ਵੱਡਾ ਹਮਲਾ, ਬਖਮੁਤ ਸ਼ਹਿਰ 'ਤੇ ਕਬਜ਼ੇ ਦੀ ਤਿਆਰੀ, ਘਰ ਛੱਡ ਕੇ ਭੱਜ ਰਹੇ ਲੋਕ
ਸੰਗਠਨ ਨੇ ਕਿਹਾ ਕਿ ਉਸ ਨੇ ਉਨ੍ਹਾਂ ਸਮੂਹਾਂ ਨੂੰ ਦਾਨ ਦਿੱਤਾ, ਜੋ ਦੁਸ਼ਮਣੀ ਵਾਲੇ ਮਾਹੌਲ ਅਤੇ ਸਰਹੱਦੀ ਨਿਯੰਤਰਣ ਨੂੰ ਖਤਮ ਕਰਨ, ਭਾਈਚਾਰਿਆਂ ਵਿੱਚ ਨਿਵੇਸ਼ ਕਰਨ, ਸਿੱਖਿਆ ਨੂੰ ਬਦਲਣ ਅਤੇ ਕਾਲੇ ਮੂਲ ਦੇ ਲੋਕਾਂ ਦੀਆਂ ਕਲਾਵਾਂ ਅਤੇ ਸੱਭਿਆਚਾਰ ਨੂੰ ਸਮਰਥਨ ਦੇਣ ਦੇ ਹੱਕ ਵਿੱਚ "ਮੋਢੇ ਨਾਲ ਮੋਢਾ ਜੋੜ ਕੇ" ਖੜ੍ਹੇ ਹਨ। ਸੰਗਠਨ ਨੇ 2021 ਵਿੱਚ ਵੱਖ-ਵੱਖ ਮੁਹਿੰਮ ਸਮੂਹਾਂ ਨੂੰ ਪੁਲਸ, ਜੇਲ੍ਹ ਅਤੇ ਮਨੋਵਿਗਿਆਨਕ ਹਿਰਾਸਤ ਵਿੱਚ ਮੌਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ £169,733 ਜਾਰੀ ਕੀਤੇ, ਨਾਲ ਹੀ ਯੂਨਾਈਟਿਡ ਫ੍ਰੈਂਡਜ਼ ਐਂਡ ਫੈਮਿਲੀਜ਼ ਮੁਹਿੰਮ ਲਈ £40,000 ਦਾ ਹੋਰ ਦਾਨ ਦਿੱਤਾ ਗਿਆ। ਇਸ ਦੇ ਨਾਲ-ਨਾਲ £10,000 ਹੋਰ 'ਜ਼ਰੂਰੀ' ਮੁਹਿੰਮਾਂ ਲਈ ਵੀ ਦਾਨ ਕੀਤੇ ਗਏ ਸਨ। ਕੁਲ ਮਿਲਾ ਕੇ ਬਲੈਕ ਲਾਈਵਜ਼ ਮੈਟਰ ਯੂਕੇ ਨੇ ਹੁਣ ਤੱਕ ਫੰਡਿੰਗ ਅਤੇ ਦਾਨ ਵਿੱਚ £569,733 ਦਿੱਤੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।