ਆਸਟ੍ਰੇਲੀਆ : ਸ਼ੁੱਕਰਵਾਰ ਤਕ ਟਲਿਆ ਤਮਿਲ ਪਰਿਵਾਰ ਨੂੰ ਡਿਪੋਰਟ ਕਰਨ ਦਾ ਫੈਸਲਾ

09/04/2019 3:10:10 PM

ਮੈਲਬੌਰਨ— ਆਸਟ੍ਰੇਲੀਆ 'ਚ ਰਹਿਣ ਲਈ ਕਾਨੂੰਨੀ ਲੜਾਈ ਲੜ ਰਹੇ ਇਕ ਸ਼੍ਰੀਲੰਕਾਈ ਤਮਿਲ ਪਰਿਵਾਰ ਨੂੰ ਡਿਪੋਰਟ ਕਰਨ ਦਾ ਫੈਸਲਾ ਸ਼ੁੱਕਰਵਾਰ ਤਕ ਲਈ ਟਾਲ ਦਿੱਤਾ ਗਿਆ ਹੈ। ਤਮਿਲ ਜੋੜੇ ਦੀ ਸਭ ਤੋਂ ਛੋਟੀ ਧੀ ਦੀ ਵੀਜ਼ਾ ਨਵੀਨੀਕਰਣ (ਰੀਨਿਊ) ਦੀ ਅਪੀਲ 'ਤੇ ਸੁਣਵਾਈ ਕਰ ਰਹੀ ਇਕ ਅਦਾਲਤ ਨੇ ਹਵਾਲਗੀ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ। ਤਮਿਲ ਜੋੜਾ ਪ੍ਰਿਯਾ ਅਤੇ ਨਦੇਸਲਿੰਗਮ ਆਸਟ੍ਰੇਲੀਆ 'ਚ ਜੰਮੀਆਂ ਆਪਣੀਆਂ ਬੱਚੀਆਂ ਨਾਲ ਆਸਟ੍ਰੇਲੀਆ 'ਚ ਰਹਿਣ ਲਈ ਲੜਾਈ ਲੜ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਸ਼੍ਰੀਲੰਕਾ 'ਚ ਪ੍ਰੇਸ਼ਾਨ ਤੇ ਖੱਜਲ-ਖੁਆਰ ਕੀਤੇ ਜਾਣ ਦਾ ਖਦਸ਼ਾ ਹੈ। 

ਆਸਟ੍ਰੇਲੀਆ ਦੇ ਪੀ. ਐੱਮ. ਸਕੌਟ ਮੌਰੀਸਨ ਨੇ ਪਰਿਵਾਰ ਨੂੰ ਸ਼੍ਰੀਲੰਕਾ ਹਵਾਲਗੀ ਲਈ ਲੈ ਜਾਣ ਸਬੰਧੀ ਮਾਮਲੇ 'ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਮਨੁੱਖੀ ਤਸਕਰੀ ਦਾ ਕਾਰੋਬਾਰ ਵਧੇਗਾ। ਪਰਿਵਾਰ ਅਜੇ ਕ੍ਰਿਸਮਸ ਟਾਪੂ 'ਤੇ ਬਣੇ ਇਕ ਹਿਰਾਸਤ ਕਂੇਦਰ 'ਚ ਰਹਿ ਰਿਹਾ ਹੈ। ਮੈਲਬੌਰਨ 'ਚ ਸੰਘੀ ਅਦਾਲਤ ਨੇ ਸ਼ੁੱਕਰਵਾਰ ਤਕ ਦੀ ਰੋਕ ਵਧਾ ਦਿੱਤੀ ਹੈ। ਪਰਿਵਾਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਦੋ ਸਾਲ ਦੀ ਤਾਰਨਿਕਾ ਦੀ ਅਪੀਲ 'ਤੇ ਅਜੇ ਇਮੀਗ੍ਰੇਸ਼ਨ ਮੰਤਰੀ ਡੇਵਿਡ ਕੋਲਮੈਨ ਨੇ ਵਿਚਾਰ ਨਹੀਂ ਕੀਤਾ ਹੈ। ਮੰਤਰੀ ਨੇ ਪਰਿਵਾਰ ਦੇ ਵਕੀਲ ਨੂੰ ਸਲਾਹ ਦਿੱਤੀ ਸੀ ਕਿ ਵਿਭਾਗ ਕੁੜੀ ਦੇ ਵੀਜ਼ਾ ਰੀਨਿਊ ਦੀ ਅਪੀਲ ਨੂੰ ਮਨਜ਼ੂਰ ਨਹੀਂ ਕਰੇਗਾ। ਪ੍ਰਿਯਾ ਅਤੇ ਨਦੇਸਲਿੰਗਮ 2012 'ਚ ਕਿਸ਼ਤੀ ਰਾਹੀਂ ਆਸਟ੍ਰੇਲੀਆ ਆਏ ਸਨ ਅਤੇ 2013 'ਚ ਉਨ੍ਹਾਂ ਨੇ ਸ਼ਰਣ ਮੰਗੀ ਸੀ। ਆਸਟ੍ਰੇਲੀਆ 'ਚ ਜੰਮੀਆਂ ਉਨ੍ਹਾਂ ਦੀਆਂ ਧੀਆਂ ਕਦੇ ਵੀ ਸ਼੍ਰੀਲੰਕਾ ਨਹੀਂ ਗਈਆਂ ਹਨ।


Related News