ਇੰਟਰਨੈੱਟ ਕੁਨੈਕਸ਼ਨ ਲਈ ਗੁਆਂਢੀਆਂ ਤੋਂ ਆਰਥਿਕ ਮਦਦ ਚਾਹੁੰਦੈ ਬ੍ਰਿਟੇਨ ਦੇ ਇਹ ਅਰਬਪਤੀ

06/22/2019 5:48:45 PM

ਲੰਡਨ (ਏਜੰਸੀ)- ਬ੍ਰਿਟੇਨ ਦੇ ਸਭ ਤੋਂ ਅਮੀਰ ਵਿਅਕਤੀ ਸਰ ਜਿਮ ਰੈਟਕਲਿਪ ਦੀ ਜਾਇਦਾਦ 21 ਅਰਬ ਪਾਉਂਡ ਹੈ, ਪਰ ਆਪਣੇ ਨਵੇਂ ਘਰ ਵਿਚ ਹਾਈ-ਸਪੀਡ ਇੰਟਰਨੈੱਟ ਕਨੈਕਸ਼ਨ ਲਈ ਉਨ੍ਹਾਂ ਨੇ ਗੁਆਂਢੀਆਂ ਤੋਂ ਪੈਸੇ ਦੇਣ ਦੀ ਮੰਗ ਕੀਤੀ ਹੈ। 66 ਸਾਲਾ ਸਰ ਜਿਮ ਰੈਟਕਲਿਪ ਨੇ ਥਾਰਨਸ ਬੀਚ ਨੇੜੇ ਸੜਕ ਦੀ ਖੋਦਾਈ ਦਾ ਹੁਕਮ ਦਿੱਤਾ। ਦਿ ਸਨ ਦੀ ਖਬਰ ਮੁਤਾਬਕ 10 ਗੁਆਂਢੀਆਂ ਨੂੰ ਚਿੱਠੀ ਭੇਜ ਕੇ ਜਿਮ ਨੇ ਲੋਕਾਂ ਨੂੰ ਪੁੱਛਿਆ ਕਿ ਕੀ ਉਹ ਹਾਈ ਸਪੀਡ ਕਨੈਕਸ਼ਨ ਰਾਹੀਂ ਲਾਭ ਚੁੱਕਣਾ ਚਾਹੁੰਦੇ ਹਨ। ਦਰਅਸਲ ਹਜ਼ਾਰਾਂ ਪਾਉਂਡ ਦੀ ਲਾਗਤ ਵਾਲੀ ਇਹ ਖਾਈ 1600 ਫੁੱਟ ਲੰਬੀ ਹੈ। ਜਿਸ ਨਾਲ ਫਾਈਬਰ ਆਪਟਿਕ ਬ੍ਰਾਡਬੈਂਡ ਨੂੰ ਲਿਜਾਇਆ ਜਾਣਾ ਹੈ, ਜੋ ਸਾਊਥਹੈਂਪਟਨ ਨੇੜੇ ਇਕ ਕੁਦਰਤੀ ਖੂਬਸੂਰਤ ਸਥਾਨ ਹੈ। ਅਰਬਪਤੀ ਜਿਮ ਨੇ ਇਕ ਸੁਰੱਖਿਆ ਗਾਰਡ ਨੂੰ ਖੇਤਰ ਵਿਚ ਗਸ਼ਤ ਕਰਨ ਨੂੰ ਕਹਿ ਕੇ ਕਥਿਤ ਤੌਰ 'ਤੇ  ਗੁਆਂਢੀਆਂ ਨੂੰ ਵੀ ਪਰੇਸ਼ਾਨ ਕੀਤਾ। ਉਨ੍ਹਾਂ ਤੋਂ ਪ੍ਰੇਸ਼ਾਨ ਹੋਣ ਵਾਲਿਆਂ ਵਿਚ ਡਾਇਰ ਸਟ੍ਰੇਟਸ ਸਟਾਰ ਮਾਰਕ ਨੋਪਫਲਰ ਵੀ ਸ਼ਾਮਲ ਹਨ।

ਇਕ ਨਾਰਾਜ਼ ਗੁਆਂਢੀ ਨੇ ਕਿਹਾ ਕਿ ਉਹ ਇਕ ਬਲਡੀ ਬਿਲੇਨੀਅਰ ਹੈ। ਜੇਕਰ ਉਹ ਹਾਈ ਸਪੀਡ ਬ੍ਰਾਡਬੈਂਡ ਚਾਹੁੰਦੇ ਹਨ, ਤਾਂ ਉਹ ਖੁਦ ਇਸ ਦੇ ਲਈ ਭੁਗਤਾਨ ਕਿਉਂ ਨਹੀਂ ਕਰਦੇ। ਇਹ ਮੰਨਿਆ ਜਾਂਦਾ ਹੈ ਕਿ ਕੈਮੀਕਲ ਟਾਈਕੂਨ ਨਵੇਂ ਘਰ ਦੀ ਵਰਤੋਂ ਛੁੱਟੀਆਂ ਬਿਤਾਉਣ ਲਈ ਕਰਨਗੇ। ਉਹ ਮੋਨਾਕੋ ਵਿਚ ਰਹਿੰਦੇ ਹਨ। ਗੁਆਂਢੀ ਨੇ ਕਿਹਾ ਕਿ ਨਵੇਂ ਘਰ ਵਿਚ ਬਿਜਲੀ ਦੀ ਲਾਈਨ ਪਾਉਣ ਲਈ ਖੋਦਾਈ ਕੀਤੀ ਗਈ ਸੀ। ਉਹ ਮੰਨ ਰਹੇ ਸਨ ਕਿ ਸੁਪਰਫਾਸਟ ਬ੍ਰਾਡਬੈਂਡ ਲਗਾਇਆ ਜਾਵੇ, ਪਰ ਉਦੋਂ ਜਦੋਂ ਅਸੀਂ ਸਾਰੇ ਯੋਗਦਾਨ ਦਈਏ। ਗੁਆਂਢੀਆਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਇਸ ਕਾਰਨ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ। ਉਥੋਂ ਤਾਂ ਹੀ ਲੰਘ ਸਕਦੇ ਹਾਂ, ਜਦੋਂ ਮਜ਼ਦੂਰ ਆਪਣੀਆਂ ਮਸ਼ੀਨਾਂ ਨੂੰ ਬੰਦ ਕਰ ਦੇਣ। ਦੱਸ ਦਈਏ ਕਿ ਰਸਾਇਣਕ ਕੰਪਨੀ ਇਨੋਸ ਦੀ ਸਥਾਪਨਾ ਕਰਨ ਵਾਲੇ ਜਿਮ ਨੇ ਇਸ ਭੂਖੰਡ 'ਤੇ ਵਿਵਾਦਪੂਰਨ ਵਿਕਾਸ ਕਰਨਾ ਸ਼ੁਰੂ ਕਰਕੇ ਬੰਗਲਾ ਬਣਾਇਆ, ਜਿਸ ਦੀ ਮਾਲਕੀਅਤ ਉਨ੍ਹਾਂ ਕੋਲ 2005 ਤੋਂ ਹੈ।
 


Sunny Mehra

Content Editor

Related News