ਇਮਰਾਨ ਖ਼ਾਨ ਦੀ ਰੈਲੀ ’ਚ ਗੋਲ਼ੀਆਂ ਚੱਲਣ ਨਾਲ 1 ਦੀ ਮੌਤ, PM ਸ਼ਾਹਬਾਜ਼ ਨੇ ਜਾਂਚ ਦੇ ਦਿੱਤੇ ਹੁਕਮ
Thursday, Nov 03, 2022 - 10:40 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰੈਲੀ ’ਚ ਗੋਲ਼ੀਬਾਰੀ ਹੋਈ ਹੈ। ਇਸ ਗੋਲ਼ੀਬਾਰੀ ’ਚ ਇਮਰਾਨ ਖਾਨ ਖੁਦ ਵੀ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਤੋਂ ਇਲਾਵਾ 9 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇੱਕ ਵਿਅਕਤੀ ਦੀ ਮੌਤ ਦੀ ਵੀ ਪੁਸ਼ਟੀ ਹੋਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ । ਊਨ੍ਹਾਂ ਨੇ ਇਸ ਗੋਲ਼ੀਬਾਰੀ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ। ਪੁਲਸ ਨੇ ਇਸ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ਦੇ ਨਾਲ ਹੀ ਇਮਰਾਨ ਖਾਨ ਨੂੰ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਇਸ ਸਮੇਂ ਪਾਕਿਸਤਾਨ ’ਚ ਆਜ਼ਾਦੀ ਮਾਰਚ ਕੱਢ ਰਹੇ ਹਨ। ਉਹ ਮੌਜੂਦਾ ਸਰਕਾਰ ਖਿਲਾਫ ਲਗਾਤਾਰ ਸੜਕ ’ਤੇ ਧਰਨੇ ਦੇ ਰਹੇ ਹਨ। ਜਦੋਂ ਤੋਂ ਤੋਸ਼ਖਾਨਾ ਮਾਮਲੇ ’ਚ ਇਮਰਾਨ ਨੂੰ ਦੋਸ਼ੀ ਪਾਇਆ ਗਿਆ ਹੈ, ਉਦੋਂ ਤੋਂ ਉਸ ਵੱਲੋਂ ਆਜ਼ਾਦੀ ਮਾਰਚ ਸ਼ੁਰੂ ਹੋ ਗਿਆ ਹੈ। ਇਸੇ ਕੜੀ ’ਚ ਵੀਰਵਾਰ ਨੂੰ ਵੀ ਉਨ੍ਹਾਂ ਵੱਲੋਂ ਆਜ਼ਾਦੀ ਮਾਰਚ ਕੱਢਿਆ ਜਾ ਰਿਹਾ ਸੀ ਪਰ ਇਸ ਦੌਰਾਨ ਗੋਲ਼ੀਬਾਰੀ ਹੋ ਗਈ, ਜਿਸ ’ਚ ਇਮਰਾਨ ਖਾਨ ਜ਼ਖ਼ਮੀ ਦੱਸੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲ, ਸ਼ੁਰੂ ਕੀਤੀ ਇਹ ਸਕੀਮ
ਉਨ੍ਹਾਂ ਤੋਂ ਇਲਾਵਾ ਸਾਬਕਾ ਗਵਰਨਰ ਇਮਰਾਨ ਇਸਮਾਇਲ ਵੀ ਇਸ ਗੋਲ਼ੀਬਾਰੀ ’ਚ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਗੋਲ਼ੀਬਾਰੀ ’ਚ ਇਮਰਾਨ ਖਾਨ ਦੇ ਪੈਰ ’ਚ ਗੋਲ਼ੀ ਲੱਗੀ ਹੈ। ਉਨ੍ਹਾਂ ਤੋਂ ਇਲਾਵਾ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਕਈ ਹੋਰ ਆਗੂ ਵੀ ਇਸ ਗੋਲ਼ੀਬਾਰੀ ’ਚ ਜ਼ਖ਼ਮੀ ਹੋਏ ਹਨ। ਫਵਾਦ ਚੌਧਰੀ ਮੁਤਾਬਕ ਇਮਰਾਨ ਖਾਨ ’ਤੇ ਏ.ਕੇ. 47 ਨਾਲ ਗੋਲ਼ੀਬਾਰੀ ਕੀਤੀ ਗਈ ਹੈ। ਉਨ੍ਹਾਂ ਦੇ ਪੈਰ ’ਚ ਗੋਲ਼ੀ ਲੱਗੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ’ਚ ਇਕ ਹਮਲਾਵਰ ਹੱਥ ’ਚ ਏ.ਕੇ. 47 ਫੜੀ ਨਜ਼ਰ ਆ ਰਿਹਾ ਹੈ। ਪੁਲਸ ਨੇ ਫਾਇਰਿੰਗ ਤੋਂ ਤੁਰੰਤ ਬਾਅਦ ਉਸ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਗ਼ੈਰ-ਜ਼ਮਾਨਤੀ ਵਾਰੰਟ 'ਤੇ ਅਦਾਲਤ ’ਚ ਪੇਸ਼ ਹੋਣ ਮਗਰੋਂ ਸੁਖਬੀਰ ਬਾਦਲ ਦਾ ਬਿਆਨ ਆਇਆ ਸਾਹਮਣੇ