ਭਾਰਤ ਨਾਲ ਟੈਰਿਫ਼ ਤਣਾਅ ਵਿਚਾਲੇ ਅਮਰੀਕਾ ਦਾ ਵੱਡਾ ਫ਼ੈਸਲਾ ! ਪਾਕਿਸਤਾਨ ਤੇ ਚੀਨ ਨੂੰ ਦਿੱਤਾ ਕਰਾਰਾ ਝਟਕਾ

Saturday, Sep 20, 2025 - 10:15 AM (IST)

ਭਾਰਤ ਨਾਲ ਟੈਰਿਫ਼ ਤਣਾਅ ਵਿਚਾਲੇ ਅਮਰੀਕਾ ਦਾ ਵੱਡਾ ਫ਼ੈਸਲਾ ! ਪਾਕਿਸਤਾਨ ਤੇ ਚੀਨ ਨੂੰ ਦਿੱਤਾ ਕਰਾਰਾ ਝਟਕਾ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਭਾਰਤ ਤੇ ਅਮਰੀਕਾ ਵਿਚਾਲੇ ਟੈਰਿਫ਼ ਕਾਰਨ ਤਣਾਅ ਬਣਿਆ ਹੋਇਆ ਹੈ, ਉੱਥੇ ਹੀ ਅਮਰੀਕਾ ਨੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਤੇ ਚੀਨ ਨੂੰ ਕਰਾਰਾ ਝਟਕਾ ਦਿੰਦਿਆਂ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਅਤੇ ਇਸ ਦੀ ਆਤਮਘਾਤੀ ਇਕਾਈ ਮਜੀਦ ਬ੍ਰਿਗੇਡ ’ਤੇ ਪਾਬੰਦੀ ਲਾਉਣ ਦੇ ਪ੍ਰਸਤਾਵ ’ਤੇ ਰੋਕ ਲਾ ਦਿੱਤੀ ਹੈ।

ਇਸ ਪ੍ਰਸਤਾਵ ਨੂੰ ਪਾਕਿਸਤਾਨ ਅਤੇ ਚੀਨ ਨੇ ਮਿਲ ਕੇ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਵਿਚ ਪੇਸ਼ ਕੀਤਾ ਸੀ। ਦੋਵਾਂ ਦੇਸ਼ਾਂ ਨੇ ਮੰਗ ਕੀਤੀ ਸੀ ਕਿ ਬੀ.ਐੱਲ.ਏ. ਨੂੰ ਪਾਬੰਦੀਸ਼ੁਦਾ ਸੰਗਠਨ ਐਲਾਨਿਆ ਜਾਵੇ। ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਵਿਚ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਬੀ.ਐੱਲ.ਏ., ਮਜੀਦ ਬ੍ਰਿਗੇਡ, ਅਲਕਾਇਦਾ ਅਤੇ ਤਹਿਰੀਕ-ਏ-ਤਾਲਿਬਾਨ ਵਰਗੇ ਅੱਤਵਾਦੀ ਸੰਗਠਨ ਅਫਗਾਨਿਸਤਾਨ ਦੀ ਧਰਤੀ ਤੋਂ ਕੰਮ ਕਰ ਰਹੇ ਹਨ ਅਤੇ ਸਰਹੱਦ ਪਾਰ ਹਮਲੇ ਕਰ ਰਹੇ ਹਨ।

ਉਸ ਨੇ ਦੋਸ਼ ਲਾਇਆ ਹੈ ਕਿ ਅਫਗਾਨਿਸਤਾਨ ਤੋਂ ਫੈਲ ਰਿਹਾ ਅੱਤਵਾਦ ਪਾਕਿਸਤਾਨ ਦੀ ਸਭ ਤੋਂ ਵੱਡੀ ਸੁਰੱਖਿਆ ਚੁਣੌਤੀ ਹੈ। ਅਮਰੀਕਾ ਦੇ ਨਾਲ-ਨਾਲ ਬ੍ਰਿਟੇਨ ਅਤੇ ਫਰਾਂਸ ਨੇ ਵੀ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ। ਅਮਰੀਕਾ ਨੇ ਹੀ ਪਿਛਲੇ ਮਹੀਨੇ ਬੀ.ਐੱਲ.ਏ. ਅਤੇ ਮਜੀਦ ਬ੍ਰਿਗੇਡ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ ਸੀ।

ਬੀ.ਐੱਲ.ਏ. ਵਿਰੁੱਧ ਪੁਖਤਾ ਸਬੂਤ ਨਹੀਂ
ਅਮਰੀਕਾ ਨੇ ਕਿਹਾ ਹੈ ਕਿ ਬੀ.ਐੱਲ.ਏ. ਨੂੰ ਅਲਕਾਇਦਾ ਨਾਲ ਜੋੜਨ ਲਈ ਪੁਖਤਾ ਸਬੂਤ ਨਹੀਂ ਹਨ। ਇਸ ਲਈ ਇਸਨੂੰ ਸੰਯੁਕਤ ਰਾਸ਼ਟਰ ਦੀ 1267 ਪਾਬੰਦੀਆਂ ਵਾਲੀ ਸੂਚੀ ਵਿਚ ਨਹੀਂ ਰੱਖਿਆ ਜਾ ਸਕਦਾ। ਇਸ ਸੂਚੀ ਵਿਚ ਰੱਖਣ ਨਾਲ ਕਿਸੇ ਵੀ ਸੰਗਠਨ ’ਤੇ ਯਾਤਰਾ ਪਾਬੰਦੀਆਂ, ਜਾਇਦਾਦ ਫ੍ਰੀਜ਼ ਅਤੇ ਹਥਿਆਰਾਂ ਦੀ ਖਰੀਦ ’ਤੇ ਰੋਕ ਲੱਗ ਜਾਂਦੀ ਹੈ।

ਇਹ ਵੀ ਪੜ੍ਹੋ- 'ਪਾਕਿਸਤਾਨ 'ਤੇ ਹਮਲਾ ਮਤਲਬ ਸਾਊਦੀ 'ਤੇ ਹਮਲਾ..!', ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਕੀਤਾ ਐਲਾਨ

ਪਿਛਲੇ ਮਹੀਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਸੀ ਕਿ ਬੀ.ਐੱਲ.ਏ. ਨੇ 2024 ਵਿਚ ਕਰਾਚੀ ਹਵਾਈ ਅੱਡੇ ਦੇ ਨੇੜੇ ਅਤੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ’ਤੇ ਆਤਮਘਾਤੀ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। ਮਾਰਚ 2025 ਵਿਚ ਜਾਫਰ ਐਕਸਪ੍ਰੈੱਸ ਟ੍ਰੇਨ ਨੂੰ ਹਾਈਜੈੱਕ ਕਰਨ ਦੀ ਜ਼ਿੰਮੇਵਾਰੀ ਵੀ ਲਈ ਸੀ, ਜਿਸ ਵਿਚ 31 ਨਾਗਰਿਕ ਅਤੇ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ ਅਤੇ 300 ਤੋਂ ਵੱਧ ਯਾਤਰੀਆਂ ਨੂੰ ਬੰਦੀ ਬਣਾਇਆ ਗਿਆ ਸੀ।

ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਕਰ ਰਹੀ ਏ ਬੀ.ਐੱਲ.ਏ.
ਬਲੋਚਿਸਤਾਨ ਵਿਚ ਕਈ ਲੋਕਾਂ ਦਾ ਮੰਨਣਾ ਹੈ ਕਿ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਉਹ ਇਕ ਆਜ਼ਾਦ ਦੇਸ਼ ਵਜੋਂ ਰਹਿਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹੀ ਉਨ੍ਹਾਂ ਨੂੰ ਪਾਕਿਸਤਾਨ ਵਿਚ ਸ਼ਾਮਲ ਕਰ ਲਿਆ ਗਿਆ ਸੀ। ਨਤੀਜੇ ਵਜੋਂ ਬਲੋਚਿਸਤਾਨ ਵਿਚ ਫੌਜ ਅਤੇ ਲੋਕਾਂ ਵਿਚਕਾਰ ਸੰਘਰਸ਼ ਅੱਜ ਵੀ ਜਾਰੀ ਹੈ।

ਬਲੋਚਿਸਤਾਨ ਵਿਚ ਆਜ਼ਾਦੀ ਦੀ ਮੰਗ ਕਰਨ ਵਾਲੇ ਕਈ ਸੰਗਠਨ ਹਨ ਪਰ ਬੀ.ਐੱਲ.ਏ. ਸਭ ਤੋਂ ਸ਼ਕਤੀਸ਼ਾਲੀ ਹੈ। ਇਹ ਸੰਗਠਨ 1970 ਦੇ ਦਹਾਕੇ ਵਿਚ ਹੋਂਦ ਵਿਚ ਆਇਆ ਸੀ ਪਰ 21ਵੀਂ ਸਦੀ ਵਿਚ ਇਸਦਾ ਪ੍ਰਭਾਵ ਵਧਿਆ ਹੈ।

ਬੀ.ਐੱਲ.ਏ. ਬਲੋਚਿਸਤਾਨ ਨੂੰ ਪਾਕਿਸਤਾਨੀ ਸਰਕਾਰ ਅਤੇ ਚੀਨ ਤੋਂ ਆਜ਼ਾਦ ਕਰਵਾਉਣਾ ਚਾਹੁੰਦਾ ਹੈ। ਉਸ ਦਾ ਮੰਨਣਾ ਹੈ ਕਿ ਬਲੋਚਿਸਤਾਨ ਦੇ ਸ੍ਰੋਤਾਂ ’ਤੇ ਉਸ ਦਾ ਹੱਕ ਹੈ। ਪਾਕਿਸਤਾਨੀ ਸਰਕਾਰ ਨੇ 2007 ਵਿਚ ਬੀ.ਐੱਲ.ਏ. ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਸੀ।

ਇਹ ਵੀ ਪੜ੍ਹੋ- ਹਵਾ 'ਚ ਉੱਡ ਰਿਹਾ ਸੀ ਯਾਤਰੀ ਜਹਾਜ਼, ਸੌਂ ਗਿਆ ATC, ਜ਼ਮੀਨ ਤੋਂ ਅਸਮਾਨ ਤੱਕ ਪਈਆਂ ਭਾਜੜਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News