ਬਾਈਡੇਨ CAATSA ਪਾਬੰਦੀਆਂ ਤੋਂ ਭਾਰਤ ਲਈ ਵਿਸ਼ੇਸ਼ ਛੋਟ ਪ੍ਰਕਿਰਿਆ ਨੂੰ ਕਰਨਗੇ ਤੇਜ਼

Wednesday, Aug 10, 2022 - 01:02 PM (IST)

ਵਾਸ਼ਿੰਗਟਨ (ਭਾਸ਼ਾ)- ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਡੈਮੋਕ੍ਰੇਟਿਕ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸੀਏਏਟੀਐੱਸਏ ਪਾਬੰਦੀਆਂ ਤੋਂ ਭਾਰਤ ਨੂੰ ਵਿਸ਼ੇਸ਼ ਛੋਟ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨਗੇ ਕਿਉਂਕਿ ਉਨ੍ਹਾਂ ਨੂੰ ‘ਸਿਆਸੀ ਫਾਇਦਾ’ ਹੈ ਅਤੇ ਕਾਂਗਰਸ ਦੇ 300 ਮੈਂਬਰਾਂ ਦਾ ਸਮਰਥਨ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਪ੍ਰਤੀਨਿਧੀ ਸਦਨ ਵੱਲੋਂ ਭਾਰਤ ਨੂੰ ਰੂਸ ਤੋਂ S-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਲਈ ਸੀਏਏਟੀਐੱਸਏ ਪਾਬੰਦੀਆਂ ਤੋਂ ਵਿਸ਼ੇਸ਼ ਛੋਟ ਦੇਣ ਵਾਲਾ ਬਿੱਲ ਪਾਸ ਕਰਨਾ ਸਿਵਲ ਪਰਮਾਣੂ ਸਮਝੌਤੇ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਵੋਟ ਹੈ। 

ਖੰਨਾ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਤੋਂ ਭਾਰਤ ਨੂੰ ਚੀਨ ਵਰਗੇ ਹਮਲਾਵਰ ਦੇਸ਼ ਨੂੰ ਰੋਕਣ ਵਿੱਚ ਮਦਦ ਕਰਨ ਲਈ ‘ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨਜ਼ ਐਕਟ’ (CAATSA) ਤੋਂ ਛੋਟ ਲੈਣ ਦੀ ਮੰਗ ਕੀਤੀ ਗਈ ਹੈ। ਖੰਨਾ ਨੇ 'ਪੀਟੀਆਈ-ਭਾਸ਼ਾ' ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਅਮਰੀਕਾ-ਭਾਰਤ ਸਬੰਧ ਪਹਿਲਾਂ ਕਦੇ ਵੀ ਇੰਨੇ ਮਹੱਤਵਪੂਰਨ ਨਹੀਂ ਰਹੇ। ਜਦੋਂ ਤੁਸੀਂ ਵਿਸਤਾਰਵਾਦੀ ਰੂਸ ਨਾਲ ਵਿਸਤਾਰਵਾਦੀ ਚੀਨ ਨੂੰ ਦੇਖਦੇ ਹੋ, ਤਾਂ ਮੈਨੂੰ ਲੱਗਦਾ ਹੈ ਕਿ ਇਹ 21ਵੀਂ ਸਦੀ ਵਿੱਚ ਸਬੰਧਾਂ ਨੂੰ ਇੱਕ ਨਵਾਂ ਆਯਾਮ ਦੇਣ ਜਾ ਰਿਹਾ ਹੈ। ਸਾਨੂੰ ਭਾਰਤ ਨੂੰ ਸਪੱਸ਼ਟ ਸੰਦੇਸ਼ ਭੇਜਣ ਦੀ ਲੋੜ ਹੈ ਕਿ ਅਮਰੀਕਾ ਇਸ ਰਿਸ਼ਤੇ ਨੂੰ ਬਹੁਤ ਮਹੱਤਵਪੂਰਨ ਸਮਝਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੀ ਦਰਿਆਦਿਲੀ, ਯੂਕ੍ਰੇਨ 'ਚ ਡੀਮਾਈਨਿੰਗ ਸਹਾਇਤਾ ਲਈ 89 ਮਿਲੀਅਨ ਅਮਰੀਕੀ ਡਾਲਰ ਦੀ ਘੋਸ਼ਣਾ 

ਇਹ ਬਿੱਲ ਅਜੇ ਤੱਕ ਅਮਰੀਕੀ ਸੈਨੇਟ ਵਿੱਚ ਪਾਸ ਨਹੀਂ ਹੋਇਆ ਹੈ। ਇਸ ਤੋਂ ਬਾਅਦ ਹੀ ਇਸ ਨੂੰ ਰਾਸ਼ਟਰਪਤੀ ਬਾਈਡੇਨ ਨੂੰ ਦਸਤਖ਼ਤ ਲਈ ਭੇਜਿਆ ਜਾਵੇਗਾ। ਸਾਲ 2017 ਵਿੱਚ ਪੇਸ਼ ਕੀਤੇ ਗਏ ਸੀਏਏਟੀਐੱਸਏ ਵਿੱਚ ਰੂਸ ਦੇ ਨਾਲ ਰੱਖਿਆ ਅਤੇ ਖੁਫੀਆ ਲੈਣ-ਦੇਣ ਕਰਨ ਵਾਲੇ ਕਿਸੇ ਵੀ ਦੇਸ਼ ਖ਼ਿਲਾਫ਼ ਦੰਡਾਤਮਕ ਕਾਰਵਾਈ ਕਰਨ ਦੀ ਵਿਵਸਥਾ ਹੈ। ਇਹ ਰੂਸ ਦੁਆਰਾ 2014 ਵਿੱਚ ਕ੍ਰੀਮੀਆ ਦੇ ਕਬਜ਼ੇ ਅਤੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਮਾਸਕੋ ਦੀ ਕਥਿਤ ਦਖਲਅੰਦਾਜ਼ੀ ਦੇ ਜਵਾਬ ਵਿੱਚ ਲਿਆਇਆ ਗਿਆ ਸੀ। ਖੰਨਾ ਨੇ ਕਿਹਾ ਕਿ ਇਸ ਸੋਧ ਵਿੱਚ ਕਾਂਗਰਸ ਦੇ 300 ਮੈਂਬਰ ਰਾਸ਼ਟਰਪਤੀ ਬਾਈਡੇਨ ਨੂੰ ਪਾਬੰਦੀਆਂ ਵਿਚ ਛੋਟ ਦੇਣ ਲਈ ਕਹਿ ਰਹੇ ਹਨ, ਇਸ ਲਈ ਇਹ ਉਸ ਰਿਸ਼ਤੇ ਲਈ ਇੱਕ ਵੱਡਾ ਸਮਰਥਨ ਹੈ। ਭਾਰਤ ਨਾਲ ਸਿਵਲ ਪਰਮਾਣੂ ਸਮਝੌਤੇ ਤੋਂ ਬਾਅਦ ਸਦਨ ਵਿਚ ਇਹ ਸਭ ਤੋਂ ਇਤਿਹਾਸਕ ਵੋਟ ਹੈ। ਖੰਨਾ, ਜੋ ਕਿ ਹਾਲ ਹੀ ਵਿਚ ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਦੀ ਅਗਵਾਈ ਵਿਚ ਤਾਈਵਾਨ ਗਏ ਵਫਦ ਦਾ ਹਿੱਸਾ ਸਨ, ਨੇ ਕਿਹਾ ਕਿ ਸਦਨ ਦੁਆਰਾ ਪਾਸ ਕੀਤੇ ਗਏ ਸੋਧ ਬਿੱਲ ਨੂੰ ਬਾਈਡੇਨ ਪ੍ਰਸ਼ਾਸਨ ਦਾ ਸਮਰਥਨ ਹਾਸਲ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News