ਜੋਅ ਬਾਈਡੇਨ ਨੇ ਜਾਂਦੇ-ਜਾਂਦੇ ਆਪਣੇ ਪੁੱਤਰ ਹੰਟਰ ਨੂੰ ਲੈ ਕੇ ਕਰ'ਤਾ ਵੱਡਾ ਐਲਾਨ, ਕਿਹਾ- ਅਮਰੀਕੀ ਸਮਝਣਗੇ
Monday, Dec 02, 2024 - 10:41 AM (IST)
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਗੈਰ-ਕਾਨੂੰਨੀ ਬੰਦੂਕ ਰੱਖਣ ਅਤੇ ਟੈਕਸ ਚੋਰੀ ਦੇ ਮਾਮਲੇ 'ਚ ਆਪਣੇ ਪੁੱਤਰ ਨੂੰ ਮਾਫ਼ ਕਰ ਦਿੱਤਾ ਹੈ। ਬਾਈਡੇਨ ਦਾ ਇਹ ਫੈਸਲਾ ਉਨ੍ਹਾਂ ਦੇ ਉਸ ਵਾਅਦੇ 'ਤੇ ਯੂ-ਟਰਨ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਲਾਭ ਪਹੁੰਚਾਉਣ ਲਈ ਆਪਣੀਆਂ ਸ਼ਕਤੀਆਂ ਦੀ ਵਰਤੋਂ ਨਹੀਂ ਕਰਨਗੇ। ਰਾਸ਼ਟਰਪਤੀ ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅੱਜ ਮੈਂ ਆਪਣੇ ਪੁੱਤਰ ਹੰਟਰ ਨੂੰ ਮਾਫ਼ ਕਰ ਦਿੱਤਾ ਹੈ। ਜਦੋਂ ਤੋਂ ਮੈਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ, ਮੈਂ ਕਿਹਾ ਹੈ ਕਿ ਮੈਂ ਨਿਆਂ ਵਿਭਾਗ ਦੇ ਫੈਸਲਿਆਂ ਵਿੱਚ ਦਖਲ ਨਹੀਂ ਦੇਵਾਂਗਾ ਅਤੇ ਮੈਂ ਇਹ ਵਾਅਦਾ ਨਿਭਾਇਆ ਵੀ ਹੈ ਪਰ ਮੈਂ ਦੇਖਿਆ ਕਿ ਮੇਰੇ ਪੁੱਤਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਗਲਤ ਤਰੀਕੇ ਨਾਲ ਉਸ 'ਤੇ ਮੁਕੱਦਮਾ ਚਲਾਇਆ ਗਿਆ। ਉਸ 'ਤੇ ਲਗਾਏ ਗਏ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਸਨ।
ਇਹ ਵੀ ਪੜ੍ਹੋ: HIV ਖਿਲਾਫ 100 ਫੀਸਦੀ ਪ੍ਰਭਾਵਸ਼ਾਲੀ ਟੀਕਾ ਵਿਕਸਿਤ
ਬਾਈਡੇਨ ਨੇ ਕਿਹਾ ਕਿ ਜੋ ਵੀ ਸਮਝਦਾਰ ਵਿਅਕਤੀ ਹੰਟਰ ਦੇ ਕੇਸ ਨੂੰ ਫਾਲੋ ਕਰ ਰਿਹਾ ਹੋਵੇਗਾ, ਉਹ ਸਮਝੇਗਾ ਕਿ ਉਸ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ। ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਇਸ ਹਫਤੇ ਦੇ ਅੰਤ 'ਚ ਹੀ ਲਿਆ ਸੀ। ਮੈਨੂੰ ਲੱਗਦਾ ਹੈ ਕਿ ਅਮਰੀਕੀ ਸਮਝਣਗੇ ਕਿ ਇੱਕ ਪਿਤਾ ਅਤੇ ਰਾਸ਼ਟਰਪਤੀ ਨੇ ਇਹ ਫੈਸਲਾ ਕਿਉਂ ਲਿਆ। ਇਸ ਤੋਂ ਪਹਿਲਾਂ ਬਾਈਡੇਨ ਨੇ ਕਿਹਾ ਸੀ ਕਿ ਉਹ ਡੇਲਾਵੇਅਰ ਅਤੇ ਕੈਲੀਫੋਰਨੀਆ ਵਿਚ ਚੱਲ ਰਹੇ ਦੋ ਮਾਮਲਿਆਂ ਵਿਚ ਨਾ ਤਾਂ ਆਪਣੇ ਪੁੱਤਰ ਹੰਟਰ ਨੂੰ ਮਾਫ ਕਰਨਗੇ ਅਤੇ ਨਾ ਹੀ ਉਸ ਦੀ ਸਜ਼ਾ ਵਿਚ ਦਖ਼ਲ ਦੇਣਗੇ।
ਇਹ ਵੀ ਪੜ੍ਹੋ: ਕ੍ਰਿਕਟਰ ਸ਼ੁਭਮਨ ਗਿੱਲ ਨੂੰ ਡੇਟ ਕਰਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ
ਹੰਟਰ 'ਤੇ ਕੀ ਦੋਸ਼ ਹਨ?
ਅਮਰੀਕੀ ਰਾਸ਼ਟਰਪਤੀ ਬਾਈਡੇਨ ਦੇ ਪੁੱਤਰ ਹੰਟਰ ਬਾਈਡੇਨ 'ਤੇ ਟੈਕਸ ਚੋਰੀ ਤੋਂ ਲੈ ਕੇ ਗੈਰ-ਕਾਨੂੰਨੀ ਹਥਿਆਰ ਰੱਖਣ, ਸਰਕਾਰੀ ਪੈਸੇ ਦੀ ਦੁਰਵਰਤੋਂ ਅਤੇ ਝੂਠੀ ਗਵਾਹੀ ਦੇਣ ਵਰਗੇ ਦੋਸ਼ ਹਨ। ਇਸ ਤੋਂ ਪਹਿਲਾਂ, ਡੇਲਾਵੇਅਰ ਅਦਾਲਤ ਵਿੱਚ, ਹੰਟਰ ਨੇ ਟੈਕਸ ਚੋਰੀ ਅਤੇ ਗੈਰ-ਕਾਨੂੰਨੀ ਬੰਦੂਕ ਰੱਖਣ ਦੀ ਗੱਲ ਸਵੀਕਾਰ ਕੀਤੀ ਸੀ। ਇਲਜ਼ਾਮ ਹਨ ਕਿ ਹੰਟਰ ਬਾਈਡੇਨ ਨੇ ਜਾਣਬੁੱਝ ਕੇ ਇਨਕਮ ਟੈਕਸ ਦਾ ਭੁਗਤਾਨ ਨਹੀਂ ਕੀਤਾ। ਉਹ 2017 ਅਤੇ 2018 ਵਿੱਚ 15 ਲੱਖ ਡਾਲਰ ਤੋਂ ਵੱਧ ਦਾ ਟੈਕਸ ਰਿਟਰਨ ਸਮੇਂ ਸਿਰ ਦਾਖਲ ਨਹੀਂ ਕਰ ਪਾਇਆ ਸੀ। ਇਹਨਾਂ ਦੋ ਸਾਲਾਂ ਵਿੱਚ ਉਸਦੀ ਕਮਾਈ ਉੱਤੇ 1 ਲੱਖ ਡਾਲਰ ਤੋਂ ਵੱਧ ਦਾ ਬਕਾਇਆ ਹੈ। ਉਸ 'ਤੇ 12 ਤੋਂ 23 ਅਕਤੂਬਰ 2018 ਦਰਮਿਆਨ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦਾ ਵੀ ਦੋਸ਼ ਹੈ। ਇਹ ਉਹ ਸਮਾਂ ਸੀ ਜਦੋਂ ਉਹ ਨਸ਼ੇ ਦਾ ਆਦੀ ਸੀ।
ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੇ ਪਤੀ ਨੂੰ ਗੋਲੀਆਂ ਨਾਲ ਭੁੰਨ੍ਹਿਆ, ਫਿਰ ਖੁਦ ਦੀ ਲਈ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8