ਜੇਕਰ ਰੂਸ ਯੂਕਰੇਨ ''ਤੇ ਹਮਲਾ ਨਹੀਂ ਕਰਦਾ ਤਾਂ ਪੁਤਿਨ ਨਾਲ ਬੈਠਕ ਕਰ ਸਕਦੇ ਹਨ ਬਾਈਡੇਨ
Monday, Feb 21, 2022 - 06:10 PM (IST)
ਕੀਵ (ਏਜੰਸੀ): ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਰੂਸ ਜੇਕਰ ਯੂਕਰੇਨ ‘ਤੇ ਹਮਲਾ ਨਹੀਂ ਕਰਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ‘ਸਿਧਾਂਤਕ’ ਤੌਰ 'ਤੇ ਮੀਟਿੰਗ ਕਰਨ ਲਈ ਤਿਆਰ ਹਨ। ਇਹ ਸਥਿਤੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਵਿਚੋਲਗੀ ਰਾਹੀਂ ਪੈਦਾ ਹੋਈ ਹੈ। ਅਮਰੀਕੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਕਿਸੇ ਵੀ ਸਮੇਂ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਪ੍ਰਸ਼ਾਸਨ ਦਾ ਸਪੱਸ਼ਟ ਵਿਚਾਰ ਹੈ ਕਿ ਅਸੀਂ ਹਮਲਾ ਸ਼ੁਰੂ ਹੋਣ ਦੇ ਸਮੇਂ ਤੱਕ ਵੀ ਕੂਟਨੀਤਕ ਹੱਲ ਲੱਭਣ ਲਈ ਵਚਨਬੱਧ ਹਾਂ।
ਜੇਕਰ ਕੋਈ ਹਮਲਾ ਨਹੀਂ ਹੁੰਦਾ ਤਾਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੀ ਵੀਰਵਾਰ ਨੂੰ ਯੂਰਪ ਵਿਚ ਮੁਲਾਕਾਤ ਕਰਨਗੇ। ਸਾਕੀ ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਕੂਟਨੀਤਕ ਮਾਰਗ 'ਤੇ ਚੱਲਣ ਲਈ ਹਮੇਸ਼ਾ ਤਿਆਰ ਹਾਂ। ਜੇਕਰ ਰੂਸ ਜੰਗ ਦਾ ਰਾਹ ਚੁਣਦਾ ਹੈ ਤਾਂ ਅਸੀਂ ਤੇਜ਼ ਅਤੇ ਗੰਭੀਰ ਕਾਰਵਾਈ ਕਰਨ ਲਈ ਤਿਆਰ ਹਾਂ। ਫਿਲਹਾਲ ਰੂਸ ਤੇਜ਼ੀ ਨਾਲ ਯੂਕਰੇਨ 'ਤੇ ਵੱਡਾ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਗੌਰਤਲਬ ਹੈ ਕਿ ਰੂਸ ਨੇ ਐਤਵਾਰ ਨੂੰ ਯੂਕਰੇਨ ਦੀਆਂ ਉੱਤਰੀ ਸਰਹੱਦਾਂ ਨੇੜੇ ਮਿਲਟਰੀ ਅਭਿਆਸ ਦਾ ਵਿਸਥਾਰ ਕੀਤਾ ਸੀ। ਇਸ ਦੇ ਨਾਲ ਹੀ ਪੂਰਬੀ ਯੂਕਰੇਨ ਵਿਚ ਸੈਨਿਕਾਂ ਅਤੇ ਰੂਸ ਸਮਰਥਿਤ ਵੱਖਵਾਦੀਆਂ ਵਿਚਕਾਰ ਲਗਾਤਾਰ ਦੋ ਦਿਨ ਹੋਈ ਗੋਲੀਬਾਰੀ ਨਾਲ ਹਮਲੇ ਦਾ ਖਦਸ਼ਾ ਹੋਰ ਵੱਧ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕਰੇਨ ਦੇ ਰਾਸ਼ਟਰਪਤੀ ਨੇ ਵਧਦੇ ਤਣਾਅ ਦੇ ਵਿਚਕਾਰ ਪੁਤਿਨ ਨੂੰ ਗੱਲਬਾਤ ਦਾ ਦਿੱਤਾ ਪ੍ਰਸਤਾਵ
ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਜੰਗਬੰਦੀ ਦੀ ਅਪੀਲ ਕੀਤੀ ਹੈ। ਪੱਛਮੀ ਦੇਸ਼ਾਂ ਦੇ ਨੇਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਆਪਣੇ ਗੁਆਂਢੀ ਦੇਸ਼ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ ਅਤੇ ਉਸ ਨੇ ਸਰਹੱਦ ਦੇ ਤਿੰਨ ਪਾਸੇ ਲਗਭਗ 150,000 ਫ਼ੌਜੀਆਂ, ਜੰਗੀ ਜਹਾਜ਼ਾਂ ਅਤੇ ਹੋਰ ਸਾਜ਼ੋ-ਸਾਮਾਨ ਤਾਇਨਾਤ ਕੀਤਾ ਹੋਇਆ ਹੈ। ਰੂਸ ਨੇ ਸ਼ਨੀਵਾਰ ਨੂੰ ਗੁਆਂਢੀ ਦੇਸ਼ ਬੇਲਾਰੂਸ ਵਿੱਚ ਪਰਮਾਣੂ ਹਥਿਆਰਾਂ ਅਤੇ ਰਵਾਇਤੀ ਅਭਿਆਸ ਵੀ ਕੀਤੇ। ਕਾਲੇ ਸਾਗਰ ਦੇ ਤੱਟ ਨੇੜੇ ਉਸ ਦੇ ਸਮੁੰਦਰੀ ਫੌਜੀਆਂ ਨੇ ਵੀ ਮੁਹਿੰਮ ਵਿਚ ਹਿੱਸਾ ਲਿਆ। ਕੀਵ ਦੀ ਆਬਾਦੀ ਲਗਭਗ 30 ਲੱਖ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।