ਬਾਈਡੇਨ ਨੇ ਸ਼ੀ ਨਾਲ ਕੀਤੀ ਆਨਲਾਈਨ ਬੈਠਕ, ਕਿਹਾ- ਸਾਡੇ ਦੇਸ਼ਾਂ ਵਿਚਾਲੇ ਮੁਕਾਬਲਾ ਟਕਰਾਅ ''ਚ ਨਾ ਬਦਲੇ

11/16/2021 9:54:14 AM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਨਲਾਈਨ ਬੈਠਕ ਕੀਤੀ ਅਤੇ ਕਿਹਾ ਕਿ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮੁਕਾਬਲਾ ਟਕਰਾਅ ਵਿਚ ਨਾ ਬਦਲੇ। ਦੋਵਾਂ ਨੇਤਾਵਾਂ ਨੇ ਇਹ ਮੁਲਾਕਾਤ ਅਮਰੀਕਾ ਅਤੇ ਚੀਨ ਦੇ ਮੌਜੂਦਾ ਤਣਾਅਪੂਰਨ ਸਬੰਧਾਂ ਦੇ ਪਿਛੋਕੜ ਵਿਚ ਕੀਤੀ। ਬਾਈਡੇਨ ਉੱਤਰ-ਪੱਛਮੀ ਚੀਨ ਵਿਚ ਉਈਗਰ ਭਾਈਚਾਰੇ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਹਾਂਗਕਾਂਗ ਵਿਚ ਜਮਹੂਰੀ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਅਤੇ ਸਵੈ-ਸ਼ਾਸਿਤ ਤਾਈਵਾਨ ਵਿਰੁੱਧ ਫੌਜੀ ਹਮਲੇ ਸਮੇਤ ਕਈ ਮੁੱਦਿਆਂ 'ਤੇ ਬੀਜਿੰਗ ਦੀ ਆਲੋਚਨਾ ਕਰਦੇ ਰਹਿੰਦੇ ਹਨ। ਉਥੇ ਹੀ ਸ਼ੀ ਦੇ ਅਧਿਕਾਰੀਆਂ ਨੇ ਬਾਈਡੇਨ ਪ੍ਰਸ਼ਾਸਨ 'ਤੇ ਚੀਨ ਦੇ ਅੰਦਰੂਨੀ ਮਾਮਲਿਆਂ 'ਚ ਦਖ਼ਲ ਦੇਣ ਦਾ ਦੋਸ਼ ਲਗਾਉਂਦੇ ਹੋਏ ਨਿਸ਼ਾਨਾ ਵਿੰਨ੍ਹਿਆ ਹੈ। ਬਾਈਡੇਨ ਨੇ ਬੈਠਕ ਦੀ ਸ਼ੁਰੂਆਤ 'ਚ ਕਿਹਾ, 'ਚੀਨ ਅਤੇ ਅਮਰੀਕਾ ਦੇ ਨੇਤਾਵਾਂ ਦੇ ਰੂਪ 'ਚ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਕਰੀਏ ਕਿ ਸਾਡੇ ਦੇਸ਼ਾਂ ਵਿਚਾਲੇ ਮੁਕਾਬਲਾ ਟਕਰਾਅ 'ਚ ਨਾ ਬਦਲੇ... ਇਸ ਦੀ ਬਜਾਏ ਇਹ ਸਧਾਰਨ ਅਤੇ ਸਿੱਧਾ ਮੁਕਾਬਲਾ ਬਣਿਆ ਰਹੇ।'

ਇਹ ਵੀ ਪੜ੍ਹੋ : ਇਮਰਾਨ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ’ਚ ਪਾਕਿ ਫ਼ੌਜ, ਪਰਵੇਜ਼ ਖੱਟਕ ਜਾਂ ਸ਼ਾਹਬਾਜ਼ ਹੋ ਸਕਦੇ ਹਨ ਨਵੇਂ PM

ਬਾਈਡੇਨ ਆਨਲਾਈਨ ਬੈਠਕ ਕਰਨ ਦੀ ਬਜਾਏ ਸ਼ੀ ਨੂੰ ਆਹਮੋ-ਸਾਹਮਣੇ ਮਿਲਣਾ ਚਾਹੁੰਦੇ ਸਨ, ਪਰ ਚੀਨ ਦੇ ਰਾਸ਼ਟਰਪਤੀ ਕੋਵਿਡ-19 ਗਲੋਬਲ ਮਹਾਮਾਰੀ ਦੇ ਫੈਲਣ ਤੋਂ ਕੁਝ ਸਮਾਂ ਪਹਿਲਾਂ ਤੋਂ ਹੀ ਦੇਸ਼ ਤੋਂ ਬਾਹਰ ਨਹੀਂ ਗਏ ਹਨ। ਵ੍ਹਾਈਟ ਹਾਊਸ ਨੇ ਦੁਬਾਰਾ ਇਕ ਆਨਲਾਈਨ ਮੀਟਿੰਗ ਦਾ ਪ੍ਰਸਤਾਵ ਦਿੱਤਾ ਤਾਂ ਕਿ ਦੋਵੇਂ ਨੇਤਾ ਰਿਸ਼ਤਿਆਂ ਵਿਚ ਤਣਾਅ ਬਾਰੇ ਸਪੱਸ਼ਟ ਗੱਲਬਾਤ ਕਰ ਸਕਣ। ਸ਼ੀ ਨੇ ਬਈਡੇਨ ਨੂੰ ਕਿਹਾ ਕਿ ਦੋਵਾਂ ਧਿਰਾਂ ਨੂੰ ਗੱਲਬਾਤ ਵਿਚ ਸੁਧਾਰ ਕਰਨ ਦੀ ਲੋੜ ਹੈ। ਦੋਵੇਂ ਨੇਤਾ ਉਸ ਸਮੇਂ ਇਕੱਠੇ ਯਾਤਰਾ ਕਰ ਚੁੱਕੇ ਹਨ, ਜਦੋਂ ਦੋਵੇਂ ਹੀ ਆਪੋ-ਆਪਣੇ ਦੇਸ਼ ਦੇ ਉਪ-ਰਾਸ਼ਟਰਪਤੀ ਸਨ। 

ਇਹ ਵੀ ਪੜ੍ਹੋ : ਵੈਕਸੀਨ ਨਹੀਂ ਤਾਂ ਆਜ਼ਾਦੀ ਵੀ ਨਹੀਂ, ਇਸ ਦੇਸ਼ ਨੇ ਕੋਰੋਨਾ ਟੀਕਾ ਨਾ ਲਵਾਉਣ ਵਾਲਿਆਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ

ਸ਼ੀ ਨੇ ਬਾਈਡੇਨ ਨੂੰ 'ਪੁਰਾਣਾ ਦੋਸਤ' ਦੱਸਿਆ ਅਤੇ ਕਿਹਾ, 'ਰਾਸ਼ਟਰਪਤੀ ਬਾਈਡੇਨ, ਮੈਂ ਤੁਹਾਡੇ ਨਾਲ ਕੰਮ ਕਰਨ, ਆਪਸੀ ਸਹਿਮਤੀ ਬਣਾਉਣ, ਕਿਰਿਆਸ਼ੀਲ ਕਦਮ ਚੁੱਕਣ ਅਤੇ ਚੀਨ-ਅਮਰੀਕਾ ਸਬੰਧਾਂ ਨੂੰ ਸਕਾਰਾਤਮਕ ਦਿਸ਼ਾ ਵਿਚ ਲਿਜਾਣ ਲਈ ਤਿਆਰ ਹਾਂ।' ਚੀਨੀ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਤਾਈਵਾਨ ਗੱਲਬਾਤ ਲਈ ਉਨ੍ਹਾਂ ਦਾ ਪ੍ਰਮੁੱਖ ਮੁੱਦਾ ਹੋਵੇਗਾ। ਜ਼ਿਕਰਯੋਗ ਹੈ ਕਿ ਚੀਨੀ ਫ਼ੌਜ ਵੱਲੋਂ ਤਾਇਵਾਨ ਨੇੜੇ ਲੜਾਕੂ ਜਹਾਜ਼ ਭੇਜਣ ਤੋਂ ਬਾਅਦ ਉੱਥੇ ਤਣਾਅ ਵੱਧ ਗਿਆ ਹੈ। ਚੀਨ ਸਵੈ-ਸ਼ਾਸਿਤ ਤਾਈਵਾਨ ਨੂੰ ਆਪਣਾ ਖੇਤਰ ਦੱਸਦਾ ਹੈ।

ਇਹ ਵੀ ਪੜ੍ਹੋ : ਕ੍ਰਿਕਟਰ ਹਾਰਦਿਕ ਪੰਡਯਾ ’ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 5 ਕਰੋੜ ਰੁਪਏ ਦੀਆਂ 2 ਘੜੀਆਂ ਕੀਤੀਆਂ ਜ਼ਬਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


cherry

Content Editor

Related News