ਬਾਈਡੇਨ ਪ੍ਰਸ਼ਾਸਨ ਨੇ ਊਰਜਾ ਵਿਭਾਗ ''ਚ ਅਹਿਮ ਅਹੁਦਿਆਂ ''ਤੇ ਭਾਰਤੀ ਮੂਲ ਦੇ ਲੋਕਾਂ ਦੀ ਕੀਤੀ ਨਿਯੁਕਤੀ

Monday, Jan 25, 2021 - 06:01 PM (IST)

ਬਾਈਡੇਨ ਪ੍ਰਸ਼ਾਸਨ ਨੇ ਊਰਜਾ ਵਿਭਾਗ ''ਚ ਅਹਿਮ ਅਹੁਦਿਆਂ ''ਤੇ ਭਾਰਤੀ ਮੂਲ ਦੇ ਲੋਕਾਂ ਦੀ ਕੀਤੀ ਨਿਯੁਕਤੀ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਬਾਈਡੇਨ ਪ੍ਰਸ਼ਾਸਨ ਨੇ ਊਰਜਾ ਵਿਭਾਗ ਵਿਚ ਮਹੱਤਵਪੂਰਨ ਅਹੁਦਿਆਂ 'ਤੇ ਭਾਰਤੀ ਮੂਲ ਦੇ 4 ਲੋਕਾਂ ਨੂੰ ਨਿਯੁਕਤ ਕੀਤਾ ਹੈ। ਪ੍ਰਸ਼ਾਸਨ ਨੇ ਚੀਫ ਆਫ ਸਟਾਫ ਦੇ ਅਹੁਦੇ 'ਤੇ ਤਾਰਕ ਸ਼ਾਹ ਨੂੰ ਨਿਯੁਕਤ ਕੀਤਾ ਹੈ। ਸ਼ਾਹ ਇਸ ਅਹੁਦੇ 'ਤੇ ਪਹੁੰਚਣ ਵਾਲੇ ਭਾਰਤੀ ਮੂਲ ਦੇ ਪਹਿਲੇ ਅਮਰੀਕੀ ਬਣ ਗਏ ਹਨ। ਤਾਨਯਾ ਦਾਸ ਨੂੰ ਵਿਗਿਆਨ ਨਾਲ ਜੁੜੇ ਮਾਮਲਿਆਂ ਦੇ ਵਿਭਾਗ 'ਆਫਿਸ ਆਫ ਸਾਈਂਸ' ਦੀ ਚੀਫ ਆਫ ਸਟਾਫ ਬਣਾਇਆ ਗਿਆ ਹੈ। ਨਾਰਾਇਣ ਸੁਬਰਾਮਣੀਅਮ 'ਆਫਿਸ ਆਫ ਜਨਰਲ ਕੌਂਸਲ' ਵਿਚ ਕਾਨੂੰਨੀ ਸਲਾਹਕਾਰ ਦੇ ਅਹੁਦੇ 'ਤੇ ਨਿਯੁਕਤ ਹੋਏ ਹਨ ਅਤੇ ਸ਼ੁਚੀ ਤਲਾਤੀ ਜੈਵਿਕ ਊਰਜਾ ਨਾਲ ਸਬੰਧਤ ਵਿਭਾਗ 'ਆਫਿਸ ਆਫ ਫੌਸਿਲ ਐਨਰਜੀ' ਵਿਚ ਚੀਫ ਆਫ ਸਟਾਫ ਨਿਯੁਕਤ ਕੀਤੀ ਗਈ ਹੈ। 

ਊਰਜਾ ਵਿਭਾਗ ਵਿਚ ਉੱਚ ਅਹੁਦਿਆਂ 'ਤੇ 19 ਅਧਿਕਾਰੀਆਂ ਦੀ ਨਿਯੁਕਤੀ ਦੀ ਘੋਸ਼ਣਾ ਦੇ ਬਾਅਦ ਸ਼ਾਹ ਨੇ ਕਿਹਾ ਕਿ ਇਹ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਲੋਕ ਸੇਵਕ ਰਾਸ਼ਟਰਪਤੀ ਜੋਅ ਬਾਈਡੇਨ ਦੇ ਜਲਵਾਯੂ ਤਬਦੀਲੀ ਦੇ ਸੰਕਟ ਨਾਲ ਨਜਿੱਠਣ ਅਤੇ ਭਵਿੱਖ ਵਿਚ ਇਕ ਬਿਹਤਰ ਸਾਫ ਊਰਜਾ ਨਿਰਮਾਣ ਦੇ ਟੀਚਿਆਂ ਨੂੰ ਪੂਰਾ ਕਰਨਗੇ। ਸ਼ਾਹ ਨੇ ਕਿਹਾ,''ਆਪਣੇ ਮਾਰਗ ਦਰਸ਼ਨ, ਵਿਆਪਕ ਅਨੁਭਵ ਅਤੇ ਵਿਗਿਆਨਕ ਢੰਗਾਂ ਦਾ ਪਾਲਣ ਕਰ ਕੇ ਊਰਜਾ ਵਿਭਾਗ ਵਿਚ ਨਿਯੁਕਤ ਹੋਏ ਇਹ ਨਵੇਂ ਲੋਕ ਸਾਫ ਊਰਜਾ 'ਤੇ ਆਧਾਰਿਤ ਅਰਥਵਿਵਸਥਾ ਦੇ ਨਿਰਮਾਣ ਵਿਚ ਯੋਗਦਾਨ ਕਰਨਗੇ, ਜਿਸ ਨਾਲ ਲੱਖਾਂ ਅਮਰੀਕੀਆਂ ਲਈ ਰੁਜ਼ਗਾਰ ਪੈਦਾ ਹੋਣਗੇ ਅਤੇ ਭਵਿੱਖ ਦੀ ਪੀੜ੍ਹੀ ਲਈ ਇਕ ਬਿਹਤਰ ਅਤੇ ਸੁਰੱਖਿਅਤ ਧਰਤੀ ਦੇ ਨਿਰਮਾਣ ਵਿਚ ਯੋਗਦਾਨ ਮਿਲੇਗਾ। 

ਇਸ ਦੇ ਇਲਾਵਾ ਡੇਵਿਡ ਜੀ ਹੁਇਜੇਂਗਾ ਊਰਜਾ ਵਿਭਾਗ ਵਿਚ ਕਾਰਜਕਾਰੀ ਸਕੱਤਰ ਦੇ ਤੌਰ 'ਤੇ ਸੇਵਾ ਦੇਣਗੇ। ਹਾਲ ਹੀ ਵਿਚ ਉਹ ਰਾਸ਼ਟਰੀ ਪਰਮਾਣੂ ਸੁਰੱਖਿਆ ਪ੍ਰਸ਼ਾਸਨ ਵਿਚ ਸਹਾਇਕ ਪ੍ਰਧਾਨ ਡਿਪਟੀ ਪ੍ਰਸ਼ਾਸਕ ਦੇ ਅਹੁਦੇ 'ਤੇ ਸਨ ਅਤੇ ਉਹ 1987 ਤੋਂ ਹੀ ਵਿਭਾਗ ਨਾਲ ਜੁੜੇ ਸਨ। ਤਾਰਕ ਸ਼ਾਹ ਊਰਜਾ ਨੀਤੀ ਮਾਹਰ ਹਨ ਅਤੇ ਉਹਨਾਂ ਨੇ ਪਿਛਲੇ ਦਹਾਕੇ ਵਿਚ ਜਲਵਾਯੂ ਤਬਦੀਲੀ ਨਾਲ ਨਜਿੱਠਣ ਨਾਲ ਕੰਮ ਕੀਤਾ ਹੈ। ਤਾਨਯਾ ਦਾਸ ਹਾਲ ਹੀ ਵਿਚ ਅਮਰੀਕੀ ਪ੍ਰਤੀਨਿਧੀ ਸਭਾ ਵਿਚ ਵਿਗਿਆਨ, ਸਪੇਸ ਅਤੇ ਤਕਨਾਲੋਜੀ ਮਾਮਲਿਆਂ ਦੀ ਕਮੇਟੀ ਦੀ ਪੇਸ਼ੇਵਰ ਮੈਂਬਰ ਸੀ। ਇਸ ਦੌਰਾਨ ਉਹਨਾਂ ਨੇ ਸਾਫ ਊਰਜਾ ਅਤੇ ਨਿਰਮਾਣ ਨੀਤੀ ਨਾਲ ਸਬੰਧਤ ਕਈ ਮੁੱਦਿਆਂ 'ਤੇ ਕੰਮ ਕੀਤਾ। ਨਾਰਾਇਣ ਸੁਬਰਾਮਣੀਅਮ ਬਰਕਲੇ ਲਾਅ ਵਿਚ ਸੈਂਟਰ ਫੌਰ ਲਾਅ, ਐਨਰਜੀ ਐਂਡ ਐਨਵਾਇਰਮੈਂਟ ਵਿਚ ਗੈਸਟ ਰਿਸਰਚ ਸਪੈਸ਼ਲਿਸਟ ਸਨ। ਉੱਥੇ ਸ਼ੁਚੀ ਤਲਾਤੀ ਕਾਰਬਨ 180 ਵਿਚ ਸੀਨੀਅਰ ਨੀਤੀ ਸਲਾਹਕਾਰ ਸੀ। ਉਹਨਾਂ ਨੇ ਕਾਰਬਨ ਹਟਾਉਣ ਲਈ ਟਿਕਾਊ ਅਤੇ ਉਚਿਤ ਤਕਨਾਲੋਜੀ ਦੇ ਨਿਰਮਾਣ ਨਾਲ ਸਬੰਧਤ ਨੀਤੀਆਂ 'ਤੇ ਫੋਕਸ ਕੀਤਾ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News