ਬਾਈਡੇਨ ਦਾ ਵੱਡਾ ਫੈਸਲਾ, ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਨਾਲ ਸਾਰੇ ਹਥਿਆਰ ਸੌਦੇ ਰੱਦ
Thursday, Aug 19, 2021 - 09:00 PM (IST)
ਵਾਸ਼ਿੰਗਟਨ - ਅਫਗਾਨਿਸਤਾਨ ਸੰਕਟ ਵਿਚਾਲੇ ਅਮਰੀਕਾ ਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਇਸ ਦੌਰਾਨ ਬਾਈਡੇਨ ਪ੍ਰਸ਼ਾਸਨ ਨੇ ਅਫਗਾਨ ਸਰਕਾਰ ਨਾਲ ਜੋ ਵੀ ਹਥਿਆਰਾਂ ਦੇ ਸੌਦੇ ਹੋਏ ਸਨ ਉਨ੍ਹਾਂ ਨੂੰ ਫਿਲਹਾਲ ਰੱਦ ਕਰ ਦਿੱਤਾ ਹੈ। ਅਜਿਹਾ ਤਾਲਿਬਾਨ ਦੁਆਰਾ ਅਫਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਕੀਤਾ ਗਿਆ ਹੈ। ਅਮਰੀਕੀ ਸਰਕਾਰ ਨੇ ਹਥਿਆਰ ਬਣਾਉਣ ਵਾਲੇ ਠੇਕੇਦਾਰਾਂ ਨੂੰ ਇਸ ਦੇ ਸੰਬੰਧ ਵਿੱਚ ਨੋਟਿਸ ਵੀ ਭੇਜ ਦਿੱਤਾ ਹੈ।
ਬੁੱਧਵਾਰ ਨੂੰ ਗ੍ਰਹਿ ਮੰਤਰਾਲਾ ਦੇ ਰਾਜਨੀਤਕ/ਫੌਜੀ ਮਾਮਲਿਆਂ ਦੇ ਬਿਊਰੋ ਨੇ ਨੋਟਿਸ ਭੇਜਿਆ ਹੈ। ਇਸ ਵਿੱਚ ਲਿਖਿਆ ਹੈ ਕਿ ਅਫਗਾਨਿਸਤਾਨ ਭੇਜੇ ਜਾਣ ਵਾਲੇ ਹਥਿਆਰਾਂ ਦੇ ਪੈਂਡਿੰਗ ਆਡਰਾਂ ਅਤੇ ਜਿਨ੍ਹਾਂ ਦੀ ਡਿਲਿਵਰੀ ਨਹੀਂ ਹੋਈ ਹੈ ਉਨ੍ਹਾਂ ਨੂੰ ਫਿਲਹਾਲ ਰੋਕ ਲਿਆ ਜਾਵੇ।
ਨੋਟਿਸ ਵਿੱਚ ਅੱਗੇ ਲਿਖਿਆ ਹੈ ਕਿ ਅਫਗਾਨਿਸਤਾਨ ਵਿੱਚ ਫਿਲਹਾਲ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਰੱਖਿਆ ਵਿਕਰੀ ਡਾਇਰੈਕਟੋਰੇਟ ਫਿਲਹਾਲ ਸਾਰੇ ਬਕਾਇਆ ਅਤੇ ਜਾਰੀ ਹੋ ਚੁੱਕੇ ਐਕਸਪੋਰਟ ਲਾਇਸੈਂਸ ਨੂੰ ਵੇਖ ਰਿਹਾ ਹੈ। ਅੱਗੇ ਕਿਹਾ ਗਿਆ ਹੈ ਕਿ ਜੋ ਵੀ ਨਵਾਂ ਹੁਕਮ ਹੋਵੇਗਾ ਉਸ ਦੇ ਬਾਰੇ ਆਉਣ ਵਾਲੇ ਦਿਨਾਂ ਵਿੱਚ ਰੱਖਿਆ ਸਮੱਗਰੀ ਨਿਰਯਾਤਕਾਂ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।
ਅਫਗਾਨ ਸੰਕਟ 'ਤੇ ਅਗਲੇ ਹਫਤੇ ਹੋਵੇਗੀ ਜੀ-7 ਬੈਠਕ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਬਦਲਦੇ ਘਟਨਾਕਰਮਾਂ 'ਤੇ ਨਜ਼ਰ ਹੈ। ਦੋਨਾਂ ਅਗਲੇ ਹਫਤੇ ਜੀ-7 ਦੇਸ਼ਾਂ ਦੀ ਡਿਜੀਟਲ ਬੈਠਕ ਕਰਨਗੇ। ਦੋਨਾਂ ਨੇ ਅਫਗਾਨ ਮਸਲੇ 'ਤੇ ਫੋਨ 'ਤੇ ਗੱਲ ਕੀਤੀ ਸੀ। ਦੋਨਾਂ ਇਸ ਗੱਲ 'ਤੇ ਵੀ ਚਰਚਾ ਕਰਨਗੇ ਕਿ ਵਿਸ਼ਵ ਭਾਈਚਾਰਾ ਸ਼ਰਨਾਰਥੀਆਂ ਅਤੇ ਹੋਰ ਅਫਗਾਨ ਨਾਗਰਿਕਾਂ ਨੂੰ ਮਨੁੱਖੀ ਸਹਾਇਤਾ ਅਤੇ ਸਹਿਯੋਗ ਕਿਵੇਂ ਉਪਲੱਬਧ ਕਰਵਾਇਆ ਸਕਦਾ ਹੈ।
ਇਸ ਤੋਂ ਪਹਿਲਾਂ ਬਾਈਡੇਨ ਨੇ ਅਮਰੀਕਾ ਦੁਆਰਾ ਅਫਗਾਨਿਸਤਾਨ ਤੋਂ ਆਪਣੇ ਸੈਨਿਕਾਂ ਨੂੰ ਕੱਢਣ ਦੇ ਫੈਸਲੇ ਨੂੰ ਸਹੀ ਦੱਸਿਆ ਸੀ। ਬਾਈਡੇਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਫੋਕਸ ਭਵਿੱਖ ਅਤੇ ਮੌਜੂਦਾ ਖਤਰਿਆਂ 'ਤੇ ਹੈ, ਉਨ੍ਹਾਂ 'ਤੇ ਨਹੀਂ ਜੋ ਪਹਿਲਾਂ ਅਮਰੀਕਾ ਲਈ ਖ਼ਤਰਾ ਸਨ। ਬਾਈਡੇਨ ਨੇ ਇਹ ਵੀ ਕਿਹਾ ਸੀ ਕਿ ਅਫਗਾਨ ਸਰਕਾਰ ਨੇ ਬਿਨਾਂ ਲੜੇ ਤਾਲਿਬਾਨ ਤੋਂ ਹਾਰ ਮੰਨੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।