ਬੰਗਾਲੀ ਲੰਡਨ ’ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਵਿਦੇਸ਼ੀ ਭਾਸ਼ਾ, ਟਾਪ 10 ’ਚ ਪੰਜਾਬੀ ਨੂੰ ਇਹ ਮਿਲਿਆ ਸਥਾਨ

Saturday, Aug 31, 2024 - 11:55 AM (IST)

ਜਲੰਧਰ (ਇੰਟ.) - ਐਡਲਟ ਐਜੂਕੇਸ਼ਨ ਅਤੇ ਚੈਰਿਟੀ ਸਿਟੀ ਲਿਟ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਲੰਡਨ ’ਚ ਸਭ ਤੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਟਾਪ 10 ਵਿਦੇਸ਼ੀ ਭਾਸ਼ਾਵਾਂ ਦੀ ਸੂਚੀ ’ਚ ਦੱਖਣੀ ਏਸ਼ੀਆਈ ਭਾਸ਼ਾ ਬੰਗਾਲੀ ਪਹਿਲੇ ਸਥਾਨ ’ਤੇ ਹੈ। ਬੰਗਾਲੀ ਨੂੰ ਅਧਿਕਾਰਤ ਤੌਰ ’ਤੇ ਲੰਡਨ ਵਿਚ ਅੰਗਰੇਜ਼ੀ ਤੋਂ ਬਾਅਦ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਉਸ ਤੋਂ ਬਾਅਦ ਪੋਲਿਸ਼ ਅਤੇ ਤੁਰਕੀ ਭਾਸ਼ਾ ਦਾ ਨੰਬਰ ਆਉਂਦਾ ਹੈ। ਲੱਗਭਗ 165,311 ਲੰਡਨ ਵਾਸੀ ਇਨ੍ਹਾਂ ਤਿੰਨਾਂ ਵਿਚੋਂ ਕਿਸੇ ਇਕ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਬੋਲਦੇ ਹਨ। ਬੰਗਾਲੀ ਤੋਂ ਇਲਾਵਾ ਵਿਦੇਸ਼ੀ ਭਾਸ਼ਾਵਾਂ ਦੀ ਸੂਚੀ ਵਿਚ ਪੰਜਾਬੀ, ਗੁਜਰਾਤੀ ਅਤੇ ਤਾਮਿਲ ਵੀ ਸ਼ਾਮਲ ਹਨ।

3 ਸ਼ਹਿਰਾਂ ਵਿਚ ਬੰਗਾਲੀ ਦਾ ਦਬਦਬਾ

ਲੱਗਭਗ 71,609 ਲੰਡਨ ਵਾਸੀ ਬੰਗਾਲੀ ਨੂੰ ਆਪਣੀ ਮੁੱਖ ਭਾਸ਼ਾ ਵਜੋਂ ਬੋਲਦੇ ਹਨ। ਇਹ 3 ਵੱਖ-ਵੱਖ ਸ਼ਹਿਰਾਂ ਵਿਚ ਲੋਕਾਂ ਵੱਲੋਂ ਬੋਲੀ ਜਾਂਦੀ ਸਭ ਤੋਂ ਆਮ ਮੁੱਖ ਭਾਸ਼ਾ ਹੈ, ਜੋ ਅੰਗਰੇਜ਼ੀ ਤੋਂ ਬਾਅਦ ਦੂਜੇ ਨੰਬਰ ’ਤੇ ਆਉਂਦੀ ਹੈ।

ਕੈਮਡੇਨ ਦੇ 3 ਫੀਸਦੀ ਨਿਵਾਸੀਆਂ ਦਾ ਕਹਿਣਾ ਹੈ ਕਿ ਬੰਗਾਲੀ ਉਨ੍ਹਾਂ ਦੇ ਘਰ ਦੀ ਮੁੱਖ ਭਾਸ਼ਾ ਹੈ। ਇਸੇ ਤਰ੍ਹਾਂ ਨਿਊਹੈਮ ਦੇ 7 ਫੀਸਦੀ ਅਤੇ ਟਾਵਰ ਹੈਮਲੇਟਸ ਦੇ ਰਹਿਣ ਵਾਲੇ 18 ਫੀਸਦੀ ਲੋਕ ਵੀ ਬੰਗਾਲੀ ਨੂੰ ਆਪਣੀ ਘਰੇਲੂ ਭਾਸ਼ਾ ਕਹਿੰਦੇ ਹਨ।

7 ਸ਼ਹਿਰਾਂ ਵਿਚ ਪੋਲਿਸ਼ ਭਾਸ਼ਾ

ਪੋਲਿਸ਼ ਲੰਡਨ ਵਾਸੀਆਂ ਵੱਲੋਂ ਬੋਲੀ ਜਾਣ ਵਾਲੀ ਦੂਜੀ ਸਭ ਤੋਂ ਆਮ ਵਿਦੇਸ਼ੀ ਭਾਸ਼ਾ ਹੈ। 7 ਸ਼ਹਿਰਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਅੰਗਰੇਜ਼ੀ ਤੋਂ ਬਾਅਦ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਮੁੱਖ ਭਾਸ਼ਾ ਹੈ। ਸਿਰਫ 3 ਫੀਸਦੀ ਬ੍ਰਿਟਿਸ਼ ਹੀ ਪੋਲਿਸ਼ ਬੋਲ ਸਕਦੇ ਹਨ।

ਈਲਿੰਗ ਦੇ ਲੱਗਭਗ 6 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਘਰ ਵਿਚ ਪੋਲਿਸ਼ ਭਾਸ਼ਾ ਬੋਲਦੇ ਹਨ, ਜਦਕਿ ਬਾਰਨੇਟ ਦੇ 2 ਫੀਸਦੀ, ਬ੍ਰੋਮਲੀ ਦੇ 1 ਫੀਸਦੀ, ਲੁਈਸਹਿਮ ਦੇ 2 ਫੀਸਦੀ, ਮੇਟਰਨ ਦੇ 4 ਫੀਸਦੀ ਅਤੇ ਰਿਚਮੰਡ ਅਪਾਨ ਟੇਮਸ ਦੇ 1 ਫੀਸਦੀ ਲੋਕਾਂ ਦਾ ਵੀ ਇਹੀ ਕਹਿਣਾ ਹੈ।

4 ਯੂਰਪੀਅਨ ਭਾਸ਼ਾਵਾਂ ਵੀ ਸੂਚੀ ’ਚ ਸ਼ਾਮਲ

ਖਾਸ ਗੱਲ ਇਹ ਹੈ ਕਿ ਟਾਪ 10 ਦੀ ਸੂਚੀ ’ਚ ਜਿੱਥੇ 6 ਗੈਰ-ਯੂਰਪੀ ਭਾਸ਼ਾਵਾਂ ਬੰਗਾਲੀ, ਗੁਜਰਾਤੀ, ਪੰਜਾਬੀ, ਉਰਦੂ, ਅਰਬੀ ਅਤੇ ਤਾਮਿਲ ਸ਼ਾਮਲ ਹਨ, ਉੱਥੇ ਹੀ ਇਸ ਸੂਚੀ ’ਚ 4 ਯੂਰਪੀਅਨ ਭਾਸ਼ਾਵਾਂ ਪੋਲਿਸ਼, ਤੁਰਕੀ, ਫ੍ਰੈਂਚ ਅਤੇ ਪੁਰਤਗਾਲੀ ਨੇ ਵੀ ਆਪਣੀ ਜਗ੍ਹਾ ਬਣਾਈ ਹੈ।

ਟਾਪ 10 ਵਿਦੇਸ਼ੀ ਭਾਸ਼ਾਵਾਂ ਬੋਲਣ ਵਾਲਿਆਂ ਦੀ ਗਿਣਤੀ

ਬੰਗਾਲੀ 71,609, ਪੋਲਿਸ਼ 48,585, ਤੁਰਕੀ 45,117, ਗੁਜਰਾਤੀ 43,868, ਪੰਜਾਬੀ 22,108, ਉਰਦੂ 18,127 ਫ੍ਰੈਂਚ 13,013, ਅਰਬੀ 11,971, ਤਮਿਲ 10,513, ਪੁਰਤਗਾਲੀ 9,897


Harinder Kaur

Content Editor

Related News