ਲੰਡਨ ’ਚ ਦਲ ਖ਼ਾਲਸਾ ਇੰਟਰਨੈਸ਼ਨਲ ਵੱਲੋਂ ਭਾਰਤੀ ਹਾਈ ਕਮਿਸ਼ਨ ਬਾਹਰ ਤੀਜੇ ਦਿਨ ਵੀ ਰੋਸ ਪ੍ਰਦਰਸ਼ਨ

Tuesday, Nov 03, 2026 - 11:36 PM (IST)

ਲੰਡਨ ’ਚ ਦਲ ਖ਼ਾਲਸਾ ਇੰਟਰਨੈਸ਼ਨਲ ਵੱਲੋਂ ਭਾਰਤੀ ਹਾਈ ਕਮਿਸ਼ਨ ਬਾਹਰ ਤੀਜੇ ਦਿਨ ਵੀ ਰੋਸ ਪ੍ਰਦਰਸ਼ਨ

ਲੰਡਨ (ਸਰਬਜੀਤ ਸਿੰਘ ਬਨੂੜ) - ਨਵੰਬਰ 1984 ਦੇ ਸਿੱਖ ਕਤਲੇਆਮ ਦੀ 42ਵੀਂ ਬਰਸੀ ਮੌਕੇ ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਦਲ ਖ਼ਾਲਸਾ ਇੰਟਰਨੈਸ਼ਨਲ ਵੱਲੋਂ ਲਗਾਤਾਰ ਤਿੰਨ ਦਿਨਾਂ ਤੋਂ ਦਿਨ ਰਾਤ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਹਿਲੀ ਨਵੰਬਰ ਤੋਂ ਸ਼ੁਰੂ ਹੋਏ ਇਸ ਰੋਸ ਪ੍ਰੋਗਰਾਮ ਦੇ ਤੀਜੇ ਦਿਨ ਵੀ ਸਿੱਖਾਂ ਵੱਲੋਂ ਨਵੰਬਰ 1984 ਦੇ ਕਤਲੇਆਮ ਲਈ ਇਨਸਾਫ਼ ਅਤੇ ਇਸ ਨੂੰ ਨਸਲਕੁਸ਼ੀ ਵਜੋਂ ਅੰਤਰਰਾਸ਼ਟਰੀ ਮਾਨਤਾ ਦੇਣ ਦੀ ਮੰਗ ਉਠਾਈ ਗਈ। ਇਸ ਮੋਰਚੇ ਵਿੱਚ ਸਿੱਖ ਬੀਬੀਆਂ ਦੀ ਭੂਮਿਕਾ ਵੀ ਉੱਭਰ ਕੇ ਸਾਹਮਣੇ ਆਈ ਹੈ, ਜਿਨ੍ਹਾਂ ਨੇ ਬਰਤਾਨਵੀ ਪ੍ਰਧਾਨ ਮੰਤਰੀ ਤੱਕ ਪੀੜਤ ਪਰਿਵਾਰਾਂ ਦੀ ਆਵਾਜ਼ ਪਹੁੰਚਾਉਣ ਲਈ ਅਹਿਮ ਪਹਿਲਕਦਮੀ ਕੀਤੀ ਹੈ।

ਇਸ ਦੌਰਾਨ ਲਗਾਤਾਰ ਚੱਲ ਰਹੇ ਰੋਸ ਪ੍ਰਦਰਸ਼ਨਾਂ ਕਾਰਨ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਕੰਮਕਾਜ ਉੱਤੇ ਅਸਰ ਪੈ ਰਿਹਾ ਹੈ। ਸਿੱਖ ਕਾਰਕੁਨਾਂ ਵੱਲੋਂ ਅੰਬੈਸੀ ਬਾਹਰ ਖਾਲਿਸਤਾਨ ਨਾਅਰੇ ਲਾਏ ਜਾ ਰਹੇ ਹਨ। ਰੋਸ ਪ੍ਰਦਰਸ਼ਨ ਕਾਰਨ ਹਾਈ ਕਮਿਸ਼ਨ ਦੀਆਂ ਆਮ ਸਰਗਰਮੀਆਂ ਵਿੱਚ ਵਿਘਨ ਅਤੇ ਝੰਡਾ ਲਹਿਰਾਉਣ ਦੀ ਰਸਮ ਵੀ ਮੁਅੱਤਲ ਚੱਲ ਰਹੀ ਹੈ। ਖਾਲਿਸਤਾਨੀਆ ਦੀਆਂ ਸਰਗਰਮੀਆਂ ਨੂੰ ਵੇਖਦੇ ਹੋਏ ਅੰਬੈਸੀ ਬਾਹਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ । 

ਜ਼ਿਕਰਯੋਗ ਹੈ ਕਿ 19 ਮਾਰਚ 2023 ਨੂੰ ਵੀ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖ਼ਾਲਿਸਤਾਨ ਸਮਰਥਕਾਂ ਦੇ ਪ੍ਰਦਰਸ਼ਨ ਦੌਰਾਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਉਸ ਸਮੇਂ ਇੱਕ ਪ੍ਰਦਰਸ਼ਨਕਾਰੀ ਨੇ ਹਾਈ ਕਮਿਸ਼ਨ ਦੀ ਇਮਾਰਤ ਉੱਤੇ ਲੱਗਾ ਭਾਰਤੀ ਤਿਰੰਗਾ ਹੇਠਾਂ ਉਤਾਰ ਇਮਾਰਤ ਤੇ ਖਾਲਿਸਤਾਨ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਭਾਰਤ ਸਰਕਾਰ ਨੇ ਬਰਤਾਨਵੀ ਸਰਕਾਰ ਕੋਲ ਸਖ਼ਤ ਇਤਰਾਜ਼ ਦਰਜ ਕਰਵਾਇਆ ਸੀ ਅਤੇ ਹਾਈ ਕਮਿਸ਼ਨ ਦੀ ਸੁਰੱਖਿਆ ਵਧਾਈ ਗਈ ਸੀ। ਹੁਣ ਤਿੰਨ ਸਾਲਾਂ ਬਾਅਦ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਦੇ ਉੱਤੇ ਮੁੜ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਦਲ ਖ਼ਾਲਸਾ ਇੰਟਰਨੈਸ਼ਨਲ ਤੇ ਸਿੱਖਸ ਫਾਰ ਜਸਟਿਸ ਦੇ ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਮੰਗਲ ਸਿੰਘ, ਜਸਬੀਰ ਸਿੰਘ ਨਾਲ ਜੁੜੇ ਕਾਰਕੁਨਾਂ ਦਾ ਕਹਿਣਾ ਹੈ ਕਿ ਨਵੰਬਰ 1984 ਦੌਰਾਨ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਨੂੰ ਉਨ੍ਹਾਂ ਦੀ ਧਾਰਮਿਕ ਪਛਾਣ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ। ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਘਰਾਂ ਅਤੇ ਕਾਰੋਬਾਰਾਂ ਨੂੰ ਅੱਗਾਂ ਲਾਈਆਂ ਗਈਆਂ ਅਤੇ ਅਨੇਕਾਂ ਪਰਿਵਾਰ ਉੱਜੜ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਤਲੇਆਮ ਨੂੰ ਸਿਰਫ਼ ‘ਦੰਗੇ’ ਆਖ ਕੇ ਪੇਸ਼ ਕਰਨਾ ਪੀੜਤਾਂ ਨਾਲ ਹੋਏ ਜ਼ੁਲਮਾਂ ਦੀ ਗੰਭੀਰਤਾ ਨੂੰ ਘਟਾਉਣ ਦੇ ਬਰਾਬਰ ਹੈ।

ਜ਼ਿਕਰਯੋਗ ਹੈ ਕਿ 31 ਅਕਤੂਬਰ 1984 ਨੂੰ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਸਿੱਖਾਂ ਵਿਰੁੱਧ ਭਿਆਨਕ ਹਿੰਸਾ ਹੋਈ ਸੀ। ਸਰਕਾਰੀ ਅੰਕੜਿਆਂ ਮੁਤਾਬਕ ਇਕੱਲੀ ਦਿੱਲੀ ਵਿੱਚ 2,733 ਸਿੱਖ ਮਾਰੇ ਗਏ ਸਨ। ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਵੱਖ-ਵੱਖ ਜਾਂਚ ਰਿਪੋਰਟਾਂ ਵਿੱਚ ਉਸ ਸਮੇਂ ਦੇ ਸਿਆਸੀ ਕਾਂਗਰਸੀ ਆਗੂਆਂ ਅਤੇ ਪੁਲਸ ਦੀ ਭੂਮਿਕਾ ਉੱਤੇ ਗੰਭੀਰ ਸਵਾਲ ਉਠਾਏ ਜਾਂਦੇ ਰਹੇ ਹਨ।

ਲੰਡਨ ਵਿੱਚ ਚੱਲ ਰਹੇ ਇਨ੍ਹਾਂ ਰੋਸ ਪ੍ਰਦਰਸ਼ਨਾਂ ਨੇ ਇੱਕ ਵਾਰ ਫਿਰ ਨਵੰਬਰ 1984 ਦੇ ਸਿੱਖ ਕਤਲੇਆਮ, ਪੀੜਤਾਂ ਨੂੰ ਇਨਸਾਫ਼ ਅਤੇ ਅੰਤਰਰਾਸ਼ਟਰੀ ਮਾਨਤਾ ਦੇ ਮੁੱਦੇ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਕਤਲੇਆਮ ਦੀਆਂ ਯਾਦਾਂ ਅੱਜ ਵੀ ਸਿੱਖ ਕੌਮ ਦੇ ਮਨਾਂ ਵਿੱਚ ਤਾਜ਼ਾ ਹਨ ਅਤੇ ਇਨਸਾਫ਼ ਦੀ ਮੰਗ ਨੂੰ ਦਬਾਇਆ ਨਹੀਂ ਜਾ ਸਕਦਾ।


author

Inder Prajapati

Content Editor

Related News