ਬੇਰੂਤ ਧਮਾਕਾ: ਬੋਰਿਸ ਜਾਨਸਨ ਤੇ ਜਸਟਿਨ ਟਰੂਡੋ ਨੇ ਪੀੜਤਾਂ ਲਈ ਜਤਾਇਆ ਦੁੱਖ

Wednesday, Aug 05, 2020 - 01:34 AM (IST)

ਬੇਰੂਤ ਧਮਾਕਾ: ਬੋਰਿਸ ਜਾਨਸਨ ਤੇ ਜਸਟਿਨ ਟਰੂਡੋ ਨੇ ਪੀੜਤਾਂ ਲਈ ਜਤਾਇਆ ਦੁੱਖ

ਲੰਡਨ/ਟੋਰਾਂਟੋ: ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਦੋ ਵੱਡੇ ਧਮਾਕਿਆਂ ਦੀ ਖਬਰ ਮਿਲੀ ਹੈ, ਜਿਸ ਕਾਰਣ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਤੇ ਹੋਰ 2,500 ਦੇ ਨੇੜੇ ਲੋਕਾਂ ਦੇ ਜ਼ਖਮੀ ਹੋ ਗਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ ਦੀਆਂ ਕਈ ਇਮਾਰਤਾਂ ਦਾ ਨਾਮੋ-ਨਿਸ਼ਾਨ ਤੱਕ ਮਿਟ ਗਿਆ। ਧਮਾਕੇ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੀੜਤਾਂ ਲਈ ਦੁੱਖ ਜ਼ਾਹਿਰ ਕੀਤਾ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਵਿਚ ਕਿਹਾ ਕਿ ਉਹ ਬੇਰੂਤ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖ ਦੇ ਹੈਰਾਨ ਹਨ। ਮੇਰੀਆਂ ਪ੍ਰਾਰਥਨਾਵਾਂ ਇਸ ਭਿਆਨਕ ਹਾਦਸੇ ਦੀ ਚਪੇਟ ਵਿਚ ਆਉਣ ਵਾਲਿਆਂ ਦੇ ਨਾਲ ਹਨ। ਬ੍ਰਿਟੇਨ ਪ੍ਰਭਾਵਿਤ ਬ੍ਰਿਟੇਨ ਵਾਸੀਆਂ ਸਣੇ ਹਰ ਮੁਮਕਿਨ ਸਹਾਇਤਾ ਲਈ ਤਿਆਰ ਹੈ।

ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਕੇ ਕਿਹਾ ਕਿ ਬੇਰੂਤ ਤੋਂ ਇਕ ਬਹੁਤ ਹੀ ਦੁੱਖ ਭਰੀ ਖਬਰ ਮਿਲੀ ਹੈ। ਕੈਨੇਡੀਅਨ ਉਨ੍ਹਾਂ ਸਾਰਿਆਂ ਬਾਰੇ ਸੋਚ ਰਹੇ ਹਨ ਜੋ ਜ਼ਖਮੀ ਹੋਏ ਹਨ ਤੇ ਜੋ ਆਪਣੇ ਪਿਆਰਿਆਂ ਨੂੰ ਲੱਭ ਰਹੇ ਹਨ ਤੇ ਆਪਣੇ ਪਿਆਰਿਆਂ ਨੂੰ ਗੁਆ ਚੁੱਕੇ ਹਨ। ਅਸੀਂ ਤੁਹਾਨੂੰ ਆਪਣੇ ਵਿਚਾਰਾਂ ਵਿਚ ਯਾਦ ਰੱਖਾਂਗੇ ਤੇ ਅਸੀਂ ਹਰ ਮੁਮਕਿਨ ਮਦਦ ਲਈ ਤਿਆਰ ਹਾਂ।

ਦੱਸ ਦਈਏ ਕਿ ਧਮਾਕੇ ਕਾਰਣ ਬੇਰੂਤ ਦੀ ਬੰਦਰਗਾਹ 'ਤੇ ਮੌਜੂਦ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਕੁਝ ਦਾ ਤਾਂ ਨਾਮੋ-ਨਿਸ਼ਾਨ ਤੱਕ ਮਿਟ ਗਿਆ। ਮਿਲੀ ਜਾਣਕਾਰੀ ਮੁਤਾਬਕ ਧਮਾਕੇ ਤੋਂ ਘੰਟਿਆਂ ਬਾਅਦ ਵੀ ਐਂਬੂਲੈਂਸਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਰਹੀਆਂ ਹਨ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਬੇਰੂਤ ਦੇ ਕਈ ਹਸਪਤਾਲ ਜ਼ਖਮੀ ਲੋਕਾਂ ਨਾਲ ਭਰ ਗਏ ਹਨ। ਲੇਬਨਾਨ ਦੇ ਜਨਰਲ ਸਕੱਤਰ ਅੱਬਾਸ ਇਬਰਾਹੀਮ ਨੇ ਕਿਹਾ ਕਿ ਇੰਨਾ ਵੱਡਾ ਧਮਾਕਾ ਕਿਸੇ ਧਮਾਕਾਖੇਜ਼ ਸਮੱਗਰੀ ਕਾਰਣ ਹੋਇਆ ਹੈ। ਸਥਾਨਕ ਟੀਵੀ ਚੈਨਲ ਐੱਲ.ਬੀ.ਸੀ. ਨੇ ਕਿਹਾ ਕਿ ਇਹ ਸਮੱਗਰੀ ਸੋਡੀਅਮ ਨਾਈਟ੍ਰੇਟ ਸੀ। ਅੱਬਾਸ ਨੇ ਕਿਹਾ ਕਿ ਸ਼ਹਿਰ ਬਹੁਤ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦੇਯਬ ਨੇ ਬੁੱਧਵਾਰ ਨੂੰ ਰਾਸ਼ਟਰੀ ਸੋਗ ਦਿਨ ਐਲਾਨ ਕੀਤਾ ਹੈ ਤਾਂ ਕਿ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ।


author

Baljit Singh

Content Editor

Related News