ਬਾਲਟੀਮੋਰ ਦੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

07/17/2018 1:54:38 PM

ਮੈਰੀਲੈਂਡ, (ਰਾਜ ਗੋਗਨਾ)— ਅਮਰੀਕਾ ਦਾ ਇਹ ਪਹਿਲਾ ਗੁਰੂਘਰ ਹੈ ਜਿੱਥੇ ਕਦੇ ਵੀ ਚੋਣ ਪ੍ਰਕਿਰਿਆ ਨਹੀਂ ਹੋਈ ਸਗੋਂ ਸਰਬਸੰਮਤੀ ਨਾਲ ਹਰ ਸਾਲ ਸੇਵਾਦਾਰਾਂ ਦੀ ਚੋਣ ਕੀਤੀ ਜਾਂਦੀ ਹੈ। ਭਾਵੇਂ 'ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ' ਗੁਰੂਘਰ ਵਿੱਚ ਵੀ ਦੋ ਪਾਰਟੀਆਂ ਹਨ, ਜਿਨ੍ਹਾਂ ਨੇ ਸਾਂਝੇ ਤੌਰ 'ਤੇ ਫੈਸਲਾ ਲਿਆ ਹੈ ਕਿ ਜਿਸ ਗਰੁੱਪ ਦਾ ਵੀ ਬੋਰਡ ਮੈਂਬਰ ਆਪਣੀ ਮਿਆਦ ਪੂਰੀ ਕਰਦਾ ਹੈ, ਉਹ ਗਰੁੱਪ ਆਪਣੇ ਮੈਂਬਰ ਦਾ ਨਾਮ ਦਿੰਦਾ ਹੈ। ਖਾਸ ਗੱਲ ਇਹ ਹੈ ਕਿ ਦੋਹਾਂ ਗਰੁੱਪਾਂ ਦੇ  ਮੈਂਬਰ ਬਰਾਬਰ ਹੋਣ ਕਰਕੇ ਕਦੇ ਰੌਲਾ ਨਹੀਂ ਪਿਆ।
ਇੱਥੇ ਦੋ ਸਾਲਾਂ ਲਈ ਚੇਅਰਮੈਨ ਅਤੇ ਪ੍ਰਧਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਿਛਲੇ ਸਾਲ ਹੀ ਐਲਾਨੇ ਗਏ ਸਨ, ਜਿਨ੍ਹਾਂ ਨੇ ਆਪਣਾ ਚਾਰਜ ਜੂਨ ਦੇ ਪਹਿਲੇ ਹਫਤੇ ਲੈਣਾ ਸੀ ਪਰ ਕੁਝ ਇੱਕ ਮੌਤਾਂ ਹੋਣ ਕਰਕੇ ਇਸ ਵਿੱਚ ਦੇਰੀ ਹੋ ਗਈ। ਇਸ ਲਈ ਹੁਣ ਐਲਾਨ ਉਨ੍ਹਾਂ ਵਿਅਕਤੀਆਂ ਦੇ ਨਾਂਵਾਂ ਦਾ ਹੀ ਕੀਤਾ ਗਿਆ, ਜਿਨ੍ਹਾਂ ਨੂੰ ਸੰਗਤਾਂ ਨੇ ਪਿਛਲੇ ਸਾਲ ਪ੍ਰਵਾਨਗੀ ਦਿੱਤੀ ਸੀ।
ਇਸ ਸਾਲ ਗੁਰਪ੍ਰੀਤ ਸਿੰਘ ਸੰਨੀ ਨੂੰ ਪ੍ਰਧਾਨ, ਜਿੰਦਰ ਪਾਲ ਸਿੰਘ ਬਰਾੜ ਨੂੰ ਉੱਪ ਪ੍ਰਧਾਨ, ਹਰਭਜਨ ਸਿੰਘ ਜਨਰਲ ਸਕੱਤਰ, ਗੁਰਚਰਨ ਸਿੰਘ ਅਸਿਸਟੈਂਟ ਸਕੱਤਰ, ਰਮਿੰਦਰਜੀਤ ਕੌਰ ਕੈਸ਼ੀਅਰ, ਸੁਖਵਿੰਦਰ ਸਿੰਘ ਅਸਿਸਟੈਂਡ ਕੈਸ਼ੀਅਰ, ਕੇ. ਕੇ. ਸਿੱਧੂ ਪੀ. ਆਰ. ਓ. ਅਤੇ ਰਨਬੀਰ ਕੌਰ ਨੂੰ ਏ. ਪੀ. ਆਰ. ਓ. ਬਣਾਇਆ ਗਿਆ ਹੈ। ਜਦਕਿ ਬੋਰਡ ਦਾ ਚੇਅਰਮੈਨ ਦਲਜੀਤ ਸਿੰਘ ਬੱਬੀ ਅਤੇ ਉੱਪ ਚੇਅਰਮੈਨ ਸੁਖਜਿੰਦਰ ਸਿੰਘ ਨੂੰ ਬਣਾਇਆ ਗਿਆ ਹੈ।ਜਿਹੜੇ ਬੋਰਡ ਮੈਂਬਰਾਂ ਦੀਆਂ ਥਾਵਾਂ ਖਾਲੀ ਸਨ, ਉਨ੍ਹਾਂ ਨੂੰ ਬਲਜਿੰਦਰ ਸਿੰਘ ਸ਼ੰਮੀ, ਡਾ. ਅਜੈਪਾਲ ਸਿੰਘ, ਮਨਜੀਤ ਸਿੰਘ ਕੈਰੋਂ, ਜਸਵੰਤ ਸਿੰਘ ਜੱਸੀ, ਬਲਵੀਰ ਸਿੰਘ ਅਤੇ ਮਾਸਟਰ ਧਰਮਪਾਲ ਸਿੰਘ ਨਾਲ ਪੂਰਾ ਕੀਤਾ ਗਿਆ ਹੈ। ਇੱਥੇ 'ਮੈਂਬਰ ਐਟ ਲਾਰਜ' ਦਾ ਅਹੁਦਾ ਖਤਮ ਕੀਤਾ ਗਿਆ ਸੀ ਪਰ ਤਿੰਨ ਅੰਮ੍ਰਿਤਧਾਰੀਆਂ ਨੂੰ ਮੈਂਬਰ ਐਟ ਲਾਰਜ ਨਿਯੁਕਤ ਕੀਤਾ ਗਿਆ ਹੈ। ਜੋ ਹਰੇਕ ਮੀਟਿੰਗ ਵਿੱਚ ਹਾਜ਼ਰੀ ਦੇਣਗੇ ਅਤੇ ਆਪਣੇ ਸੁਝਾਅ ਅਤੇ ਬਿਹਤਰ ਪ੍ਰਬੰਧ ਸਬੰਧੀ ਰਾਇ ਦਰਜ ਕਰਵਾਉਣਗੇ।


Related News