ਬੰਗਲਾਦੇਸ਼ ਦੀ ਪਹਿਲੀ ਟ੍ਰਾਂਸਜ਼ੈਂਡਰ ਐਂਕਰ ਦਾ ਸੰਘਰਸ਼ 'ਮੇਰਾ ਇਥੇ ਪਹੁੰਚਣਾ ਦੱਸਦੈ ਕਿ ਸਾਡੀ ਵੀ ਪਛਾਣ ਹੈ'
Friday, Mar 19, 2021 - 03:20 AM (IST)
ਢਾਕਾ - ਤਸ਼ਨੂਵਾ ਆਨਨ ਸ਼ੀਸ਼ੀਰ ਜਦ ਬੰਗਲਾਦੇਸ਼ ਦੇ ਰੂੜੀਵਾਦੀ ਮੁਸਲਿਮ ਪਰਿਵਾਰ ਵਿਚ ਵੱਡੀ ਹੋ ਰਹੀ ਸੀ ਤਾਂ ਉਸ ਦੇ ਵਿਹਾਰ ਨੂੰ ਮਜ਼ਾਕੀਆ ਕਿਹਾ ਜਾਂਦਾ ਸੀ। ਕਈ ਵਾਰ ਉਸ ਨੂੰ ਦਿਮਾਗੀ ਰੂਪ ਤੋਂ ਬੀਮਾਰ ਵੀ ਆਖਿਆ ਗਿਆ। ਹਾਲ ਹੀ ਵਿਚ ਢਾਕਾ ਵਿਚ ਦਿੱਤੀ ਇਕ ਇੰਟਰਵਿਊ ਵਿਚ ਉਸ ਨੇ ਆਖਿਆ ਕਿ ਇਸ ਵਿਹਾਰ ਨਾਲ ਮੇਰੇ ਸਾਹਮਣੇ ਇਕ ਸਵਾਲ ਸੀ ਕਿ ਮੈਂ ਕੌਣ ਹਾਂ?
ਮੈਂ ਮਰਦ ਸਰੀਰ ਵਿਚ ਪੈਦਾ ਹੋਈ ਪਰ ਮੇਰਾ ਦਿਲ ਅਤੇ ਦਿਮਾਗ ਇਕ ਔਰਤਾਂ ਵਾਂਗ ਸੀ ਪਰ ਅੱਜ ਇਥੇ ਤੱਕ ਪਹੁੰਚ ਕੇ ਮੈਂ ਸਾਬਿਤ ਕੀਤਾ ਕਿ ਸਮਾਜ ਵਿਚ ਸਾਡੀ ਵੀ ਪਛਾਣ ਹੈ। 29 ਸਾਲ ਦੀ ਤਸ਼ਨੂਵਾ ਬੰਗਲਾਦੇਸ਼ ਦੀ ਪਹਿਲੀ ਟ੍ਰਾਂਸਜ਼ੈਂਡਰ ਐਂਕਰ ਹੈ। ਇਥੇ ਤੱਕ ਪਹੁੰਚਣ ਲਈ ਉਸ ਨੂੰ ਕਾਫੀ ਜ਼ਦੋ-ਜਹਿਦ ਕਰਨੀ ਪਈ। ਉਸ ਨੂੰ ਚੰਗੀਆਂ-ਬੁਰੀਆਂ ਗੱਲਾਂ ਸੁਣਨੀਆਂ ਪਈਆਂ। ਉਸ ਦੇ ਪਰਿਵਾਰ ਨੂੰ ਕਾਫੀ ਮਾੜਾ-ਚੰਗਾ ਕਿਹਾ ਜਾਂਦਾ ਸੀ।
ਮਾਰਚ 2021 ਵਿਚ ਸਿਰਫ 3 ਮਿੰਟ ਵਿਚ ਉਸ ਦੀ ਜ਼ਿੰਦਗੀ ਬਦਲ ਗਈ। ਉਸ ਨੂੰ ਬੰਗਲਾਦੇਸ਼ ਦੇ ਇਕ ਨਿੱਜੀ ਖੇਤਰ ਦੇ ਚੈਨਲ ਬੋਈਸ਼ਾਖੀ ਟੀ. ਵੀ. ਨੇ ਨਿਯੁਕਤੀ ਦੇ ਦਿੱਤੀ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਉਹ ਪਹਿਲੀ ਵਾਰ ਬਤੌਰ ਨਿਊਜ਼ ਐਂਕਰ ਦੁਨੀਆ ਸਾਹਮਣੇ ਆਈ। ਬੰਗਲਾਦੇਸ਼ ਦੀ ਟ੍ਰਾਂਸਜ਼ੈਂਡਰ ਕਮਿਊਨਿਟੀ 'ਤੇ ਲਿਖਣ ਵਾਲੇ 'ਹਿਊਮਨ ਰਾਈਟਸ ਵਾਚ' ਦੇ ਸੀਨੀਅਰ ਰਿਸਰਚਰ ਕਾਯਲੇ ਨਾਈਟ ਆਖਦੇ ਹਨ ਕਿ ਇਸ ਕਮਿਊਨਿਟੀ 'ਚੋਂ ਜਨਤਕ ਸ਼ਖਸੀਅਤ ਨੂੰ ਸਾਹਮਣੇ ਲਿਆਉਣਾ ਇਕ ਅਹਿਮ ਸੰਕੇਤ ਹੈ।