ਬੰਗਲਾਦੇਸ਼ : 2001 ਦੇ ਬੰਬ ਧਮਾਕੇ ਮਾਮਲੇ ''ਚ ਹੁਜੀ ਦੇ 10 ਮੈਂਬਰਾਂ ਨੂੰ ਮੌਤ ਦੀ ਸਜ਼ਾ

01/20/2020 4:51:44 PM

ਢਾਕਾ (ਭਾਸ਼ਾ): ਬੰਗਲਾਦੇਸ਼ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਰਕਤ-ਉਲ-ਜਿਹਾਦ-ਅਲ-ਇਸਲਾਮੀ (ਹੁਜੀ) ਦੇ 10 ਮੈਂਬਰਾਂ ਨੂੰ ਮੌਤ ਦੀ ਸਜ਼ਾ ਸੁਣਾਈ। ਉਹਨਾਂ 'ਤੇ 2001 ਵਿਚ ਇਕ ਰਾਜਨੀਤਕ ਰੈਲੀ 'ਤੇ ਧਮਾਕੇ ਕਰਨ ਦਾ ਦੋਸ਼ ਸੀ। ਮੀਡੀਆ ਰਿਪੋਰਟਾਂ ਮੁਤਾਬਕ ਢਾਕਾ ਦੇ ਤੀਜੇ ਵਧੀਕ ਮੈਟਰੋਪਾਲੀਟਨ ਸੈਸ਼ਨ ਅਦਾਲਤ ਦੇ ਜੱਜ ਮੁਹੰਮਦ ਰਬੀਉਲ ਇਸਲਾਮ ਨੇ ਇਹ ਫੈਸਲਾ ਸੁਣਾਇਆ। ਅਦਾਲਤ ਨੇ ਇਸ ਮਾਮਲੇ ਵਿਚ 2 ਹੋਰ ਲੋਕਾਂ ਨੂੰ ਬਰੀ ਕਰ ਦਿੱਤਾ ਅਤੇ ਹਰੇਕ ਮੌਤ ਦੀ ਸਜ਼ਾ ਦੇ ਦੋਸ਼ੀ 'ਤੇ ਬੰਗਲਾਦੇਸ਼ੀ ਟਕਾ 20,000 (281 ਅਮਰੀਕੀ ਡਾਲਰ) ਦਾ ਜ਼ੁਰਮਾਨਾ ਲਗਾਇਆ।

20 ਜਨਵਰੀ 2001 ਨੂੰ ਦੇਸ਼ ਦੀ ਰਾਜਧਾਨੀ ਦੇ ਪਲਟਨ ਮੈਦਾਨ ਵਿਚ ਕਮਿਊਨਿਸਟ ਪਾਰਟੀ ਆਫ ਬੰਗਲਾਦੇਸ਼ (ਸੀ.ਪੀ.ਬੀ.) ਦੀ ਰੈਲੀ ਵਿਚ ਹੋਏ ਧਮਾਕਿਆਂ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਹੋਰ ਜ਼ਖਮੀ ਹੋਏ ਸਨ। 12 ਅਪ੍ਰੈਲ, 2017 ਨੂੰ ਸਿਲਹਟ ਵਿਚ ਸਾਬਕਾ ਬ੍ਰਿਟਿਸ਼ ਦੂਤ ਅਨਵਰ ਚੌਧਰੀ 'ਤੇ ਗ੍ਰੇਨੇਡ ਹਮਲੇ ਨਾਲ ਸਬੰਧਤ ਇਕ ਮਾਮਲੇ ਵਿਚ ਮੁਖ ਦੋਸ਼ੀ ਹੂਜੀ ਦੇ ਪ੍ਰਮੁੱਖ ਮੁਫਤੀ ਅਬਦੁਲ ਇੰਨਾਨ ਨੂੰ ਫਾਂਸੀ ਦੇ ਦਿੱਤੀ ਗਈ ਸੀ। 13 ਦੋਸ਼ੀਆਂ ਵਿਚੋਂ 4 ਸੋਮਵਾਰ ਨੂੰ ਅਦਾਲਤ ਵਿਚ ਮੌਜੂਦ ਸਨ। ਮੌਤ ਦੀ ਸਜ਼ਾ ਪਾਏ 6 ਹੋਰ ਦੋਸ਼ੀ ਹਾਲੇ ਵੀ ਫਰਾਰ ਹਨ। 

ਹਮਲੇ ਦੇ ਬਾਅਦ ਵਿਚ ਸੀ.ਪੀ.ਬੀ. ਦੇ ਉਸ ਸਮੇਂ ਦੇ ਪ੍ਰਧਾਨ ਮੋਨਜੁਰੂਲ ਅਹਿਸਾਨ ਖਾਨ ਨੇ ਇਸ ਘਟਨਾ ਦੇ ਸੰਬੰਧ ਵਿਚ ਅਣਪਛਾਤੇ ਲੋਕਾਂ 'ਤੇ ਦੋਸ਼ ਲਗਾ ਕੇ ਮਾਮਲਾ ਦਰਜ ਕੀਤਾ। ਜਾਂਚ ਅਧਿਕਾਰੀ ਸੀ.ਆਈ.ਡੀ. ਇੰਸਪੈਕਟਰ ਮ੍ਰਿਨਾਲ ਕਾਂਤੀ ਸਾਹਾ ਨੇ 27 ਨਵੰਬਰ, 2013 ਨੂੰ ਢਾਕਾ ਦੇ ਮੁੱਖ ਮੈਟਰੋਪਾਲੀਟਨ ਮਜਿਸਟ੍ਰੇਟ ਕੋਰਟ ਵਿਚ ਦੋ ਦੋਸ਼ ਪੱਤਰ ਪੇਸ਼ ਕੀਤੇ। ਮੁਕੱਦਮੇ ਦੌਰਾਨ ਅਦਾਲਤ ਨੇ ਮਾਮਲੇ ਦੀ ਸ਼ਿਕਾਇਤ ਸਮੇਤ ਇਸਤਗਾਸਾ ਪੱਖ ਦੇ 46 ਗਵਾਹਾਂ ਦੇ ਬਿਆਨ ਦਰਜ ਕੀਤੇ। ਇਸ ਦੇ ਬਾਅਦ 1 ਦਸੰਬਰ, 2019 ਨੂੰ ਸੁਣਵਾਈ ਦੇ ਬਾਅਦ ਜੱਜ ਰਬੀਉਲ ਇਸਲਾਮ ਨੇ ਮਾਮਲੇ ਵਿਚ ਫੈਸਲਾ ਦੇਣ ਦੀ ਤਰੀਕ 20 ਜਨਵਰੀ ਨਿਰਧਾਰਤ ਕੀਤੀ ਸੀ। 


Vandana

Content Editor

Related News