ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ''ਤੇ ਪਾਬੰਦੀ ਦਾ ਮਾਮਲਾ, ਇਹ ਲੋਕ ਬਿਨਾਂ ਰੁਕਾਵਟ ਕਰ ਸਕਦੇ ਨੇ ਭਾਰਤ ਦੀ ਯਾਤਰਾ

Friday, Sep 22, 2023 - 01:57 PM (IST)

ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ''ਤੇ ਪਾਬੰਦੀ ਦਾ ਮਾਮਲਾ, ਇਹ ਲੋਕ ਬਿਨਾਂ ਰੁਕਾਵਟ ਕਰ ਸਕਦੇ ਨੇ ਭਾਰਤ ਦੀ ਯਾਤਰਾ

ਜਲੰਧਰ : ਭਾਰਤ ਵਲੋਂ ਕੈਨੇਡਾ ਵਿਚ ਆਪਣੀਆਂ ਵੀਜ਼ਾ ਸੇਵਾਵਾਂ ਅਸਥਾਈ ਤੌਰ ’ਤੇ ਬੰਦ ਕੀਤੇ ਜਾਣ ਦੀ ਖ਼ਬਰ ਤੋਂ ਬਾਅਦ ਭਾਰਤ ਵਿਚ ਹੰਗਾਮਾ ਮਚਿਆ ਹੋਇਆ ਹੈ। ਖਾਸ ਤੌਰ ’ਤੇ ਉਹ ਲੋਕ ਪ੍ਰੇਸ਼ਾਨ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕੈਨੇਡਾ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਪਰਿਵਾਰਾਂ ਵਿਚ ਆਉਣ ਵਾਲੇ ਮਹੀਨਿਆਂ ਵਿਚ ਪਰਿਵਾਰਕ ਪ੍ਰੋਗਰਾਮ ਰੱਖੇ ਹੋਏ ਹਨ। ਭਾਰਤ ਵਿਚ ਵਿਆਹਾਂ ਅਤੇ ਤਿਉਹਾਰਾਂ ਦਾ ਸੀਜਨ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ ਇਸੇ ਮਹੀਨੇ ਤੋਂ ਐੱਨ. ਆਰ. ਆਈਜ਼ ਦੇ ਭਾਰਤ ਆਉਣ ਦੀ ਸ਼ੁਰੂਆਤ ਹੋ ਜਾਂਦੀ ਹੈ ਅਤੇ ਇਹ ਸਿਲਸਿਲਾ ਫਰਵਰੀ ਦੇ ਅਖੀਰ ਤੱਕ ਚਲਦਾ ਰਹਿੰਦਾ ਹੈ ਅਤੇ ਭਾਰਤ ਵਿਚ ਹੋਣ ਵਾਲੇ ਵਿਆਹਾਂ ਅਤੇ ਹੋਰ ਪਰਿਵਾਰਕ ਸਮਾਰੋਹਾਂ ਵਿਚ ਐੱਨ. ਆਰ. ਆਈ. ਵਧ-ਚੜ੍ਹ ਕੇ ਭਾਗ ਲੈਂਦੇ ਹਨ। ਲਿਹਾਜ਼ਾ ਲੋਕ ਪ੍ਰੇਸ਼ਾਨ ਹਨ, ਪਰ ਅਸੀਂ ਆਪਣੀ ਇਸ ਰਿਪੋਰਟ ਵਿਚ ਦੱਸਣ ਜਾ ਰਹੇ ਹਾਂ ਕਿ ਭਾਰਤ ਵਲੋਂ ਬੰਦ ਕੀਤੀ ਗਈ ਵੀਜ਼ਾ ਸਰਵਿਸ ਦਾ ਆਮ ਲੋਕਾਂ ’ਤੇ ਬਹੁਤ ਜ਼ਿਆਦਾ ਅਸਰ ਨਹੀਂ ਪਵੇਗਾ।

ਇਹ ਵੀ ਪੜ੍ਹੋ: ਸਕੂਲੀ ਬੱਚਿਆਂ ਨੂੰ ਲਿਜਾ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 2 ਮੌਤਾਂ, ਦਰਜਨਾਂ ਵਿਦਿਆਰਥੀ ਜ਼ਖ਼ਮੀ

ਕਿਉਂ ਨਹੀਂ ਪਵੇਗਾ ਜ਼ਿਆਦਾ ਅਸਰ

ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਕੈਨੇਡਾ ਵਿਚ ਭਾਰਤੀਆਂ ਦੀ ਆਬਾਦੀ ਲਗਭਗ 18 ਲੱਖ ਹੈ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਉਹ ਹਨ ਜਿਨ੍ਹਾਂ ਕੋਲ ਭਾਰਤ ਦੁਆਰਾ ਜਾਰੀ ਪਰਸਨ ਆਫ਼ ਇੰਡੀਅਨ ਓਰੀਜਨ ਕਾਰਡ (ਪੀ. ਆਈ. ਓ.) ਜਾਂ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ. ਸੀ. ਆਈ.) ਕਾਰਡ ਹੈ। ਭਾਰਤ ਵੱਲੋਂ ਬੰਦ ਕੀਤੀ ਗਈ ਵੀਜ਼ਾ ਸਰਵਿਸ ਦਾ ਇਨ੍ਹਾਂ ਸਾਰੇ ਕਾਰਡ ਧਾਰਕਾਂ ’ਤੇ ਕੋਈ ਅਸਰ ਨਹੀਂ ਪਵੇਗਾ। ਇਨ੍ਹਾਂ ਤੋਂ ਇਲਾਵਾ ਭਾਰਤ ਦੇ ਤਿੰਨ ਲੱਖ ਤੋਂ ਵੱਧ ਵਿਦਿਆਰਥੀ ਕੈਨੇਡਾ ਵਿਚ ਪੜ੍ਹ ਰਹੇ ਹਨ ਅਤੇ ਉਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ, ਕਿਸੇ ਵੀ ਭਾਰਤੀ ਪਾਸਪੋਰਟ ਧਾਰਕ ਨੂੰ ਭਾਰਤ ਆਉਣ ਲਈ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਦੀ ਲੋੜ ਨਹੀਂ ਹੁੰਦੀ।

ਇਹ ਵੀ ਪੜ੍ਹੋ: ਭਾਰਤ ਦੀ BLS ਏਜੰਸੀ ਨੇ ਕੈਨੇਡੀਅਨਾਂ ਲਈ ਵੀਜ਼ਾ ਮੁਅੱਤਲ ਦਾ ਨੋਟਿਸ ਮੁੜ ਲਗਾਇਆ

ਕਿੰਨੇ ਲੋਕਾਂ ਕੋਲ OCI ਤੇ PIO ਕਾਰਡ

ਭਾਰਤ ਸਰਕਾਰ 9 ਜਨਵਰੀ, 2015 ਤੋਂ ਪਹਿਲਾਂ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਨੂੰ ਪੀ. ਆਈ. ਓ. ਕਾਰਡ ਜਾਰੀ ਕਰਦੀ ਸੀ ਪਰ ਇਹ ਕਾਰਡਾਂ ਨੂੰ 9 ਜਨਵਰੀ 2015 ਨੂੰ ਬੰਦ ਕਰ ਦਿੱਤੇ ਗਏ ਸਨ। ਇਸ ਸਥਿਤੀ ਤੱਕ ਸਾਰੇ ਭਾਰਤੀਆਂ ਜਿਨ੍ਹਾਂ ਕੋਲ PIO ਕਾਰਡ ਸਨ, ਉਨ੍ਹਾਂ ਨੂੰ OCI ਕਾਰਡਧਾਰਕ ਮੰਨ ਲਿਆ ਗਿਆ। ਵਿਦੇਸ਼ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿਚ 15,10,645 PIO ਉਹ ਕਾਰਡ ਧਾਰਕ ਹਨ, ਇਸ ਲਈ ਇਨ੍ਹਾਂ ਲੋਕਾਂ ਨੂੰ ਭਾਰਤ ਆਉਣ ’ਚ ਕੋਈ ਦਿੱਕਤ ਨਹੀਂ ਆਵੇਗੀ। ਜਦੋਂ ਕਿ ਭਾਰਤੀ ਵਿਦਿਆਰਥੀ ਕਿਸੇ ਵੀ ਸਮੇਂ ਭਾਰਤੀ ਪਾਸਪੋਰਟ ’ਤੇ ਵਾਪਸ ਆ ਸਕਦੇ ਹਨ। ਇਸ ਲਈ ਇਸ ਦਾ ਜ਼ਿਆਦਾ ਅਸਰ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਦਰਾੜ, ਟਰੂਡੋ ਦੇ ਬਿਆਨ ਮਗਰੋਂ ਇਸ ਮਾਮਲੇ 'ਚ ਹੁਣ ਤੱਕ ਕੀ-ਕੀ ਹੋਇਆ

1.86 ਕਰੋੜ ਭਾਰਤੀਆਂ ਕੋਲ PIO ਅਤੇ 40.68 ਲੱਖ ਭਾਰਤੀਆਂ ਕੋਲ OCI ਕਾਰਡ

ਵਿਦੇਸ਼ਾਂ ਵਿਚ ਭਾਰਤ ਦੇ 3 ਕਰੋੜ 21 ਲੱਖ ਨਾਗਰਿਕ ਵਸਦੇ ਹਨ। ਜਿਨ੍ਹਾਂ ਵਿਚੋਂ 1 ਕਰੋੜ 86 ਲੱਖ , 83 ਹਜ਼ਾਰ 645 ਭਾਰਤੀ ਮੂਲ ਦੇ ਨਾਗਰਿਕਾਂ ਕੋਲ ਪੀ. ਆਈ. ਓ. ਕਾਰਡ ਹਨ, ਜਦਕਿ 1 ਕਰੋੜ 34 ਲੱਖ, 59 ਹਜ਼ਾਰ 195 ਲੋਕਾਂ ਦਾ ਸਟੇਟਸ ਐੱਨ. ਆਰ. ਆਈ. ਹੈ। ਹੁਣ ਤੱਕ ਭਾਰਤ ਨੇ ਕੁਲ 40.68 ਲੱਖ ਲੋਕਾਂ ਨੂੰ OCI ਕਾਰਡ ਜਾਰੀ ਕੀਤੇ ਹਨ ਅਤੇ ਪਿਛਲੇ 5 ਸਾਲਾਂ ਵਿਚ ਓ. ਸੀ. ਆਈ. ਕਾਰਡ ਜਾਰੀ ਕਰਨ ਦੀ ਰਫਤਾਰ ਵਿਚ ਤੇਜ਼ੀ ਆਈ ਹੈ। 2005 ਤੋਂ ਲੈਕੇ 2014 ਤੱਕ ਭਾਰਤ ਵਲੋਂ ਹਰ ਸਾਲ 1.70 ਲੱਖ OCI ਕਾਰਡ ਜਾਰੀ ਕੀਤੇ ਜਾ ਰਹੇ ਸਨ, ਜਦਕਿ 2015 ਤੋਂ ਲੈ ਕੇ 2021 ਦਰਮਿਆਨ ਹਰ ਸਾਲ 3.20 ਲੱਖ ਕਾਰਡ ਜਾਰੀ ਕੀਤੇ ਗਏ।

ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਦੀ ਟ੍ਰੈਵਲ ਐਡਵਾਈਜ਼ਰੀ ਨੂੰ ਕੀਤਾ ਰੱਦ, ਸ਼ਾਂਤੀ ਦੀ ਕੀਤੀ ਅਪੀਲ

PIO ਤੇ OCI ਕਾਰਡ ’ਚ ਫਰਕ

ਭਾਰਤ ਦਾ ਸੰਵਿਧਾਨ ਲਾਗੂ ਹੋਣ ਦੇ ਦਿਨ (26 ਜਨਵਰੀ 1950) ਤੱਕ ਜੋ ਵਿਅਕਤੀ ਭਾਰਤ ਦੇ ਨਾਗਰਿਕ ਸਨ, ਭਾਰਤ ਉਨ੍ਹਾਂ ਨੂੰ ਪਹਿਲਾਂ ਪਰਸਨ ਆਫ ਇੰਡੀਅਨ ਓਰੀਜਨ (PIO) ਕਾਰਡ ਜਾਰੀ ਕਰਦਾ ਸੀ। PIO ਕਾਰਡ ਧਾਰਕ ਕਾਰਡ ਜਾਰੀ ਹੋਣ ਦੇ 15 ਸਾਲਾਂ ਦੇ ਅੰਦਰ ਕਿਸੇ ਵੀ ਸਮੇਂ ਭਾਰਤ ਦੀ ਯਾਤਰਾ ਕਰ ਸਕਦੇ ਹਨ ਪਰ ਜੇਕਰ ਤੁਸੀਂ 180 ਦਿਨਾਂ ਤੋਂ ਵੱਧ ਸਮੇਂ ਲਈ ਭਾਰਤ ਵਿਚ ਰਹਿੰਦੇ ਹੋ, ਤਾਂ ਤੁਹਾਨੂੰ ਸਥਾਨਕ ਪੁਲਸ ਸਟੇਸ਼ਨ ਨੂੰ ਸੂਚਿਤ ਕਰਨਾ ਪੈਂਦਾ ਹੈ। PIO ਕਾਰਡ ਧਾਰਕ ਭਾਰਤ ਦੀ ਨਾਗਰਿਕਤਾ ਪ੍ਰਾਪਤ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕੈਨੇਡਾ 'ਚ ਗੈਂਗਸਟਰ ਸੁੱਖਾ ਦੁੱਨੇਕੇ ਦਾ ਗੋਲੀ ਮਾਰ ਕੇ ਕਤਲ

ਇਸਦੇ ਉਲਟ OCI ਕਾਰਡ ਹੋਲਡਰ ਕਦੇ ਵੀ ਭਾਰਤ ਦੀ ਯਾਤਰਾ ਕਰ ਸਕਦੇ ਹਨ ਅਤੇ ਆਪਣੀ ਮਰਜ਼ੀ ਦੇ ਮੁਤਾਬਕ ਭਾਰਤ ਵਿਚ ਰਹਿ ਸਕਦੇ ਹਨ। ਉਨ੍ਹਾਂ ਨੂੰ ਲੰਬੀ ਮਿਆਦ ਤੱਕ ਭਾਰਤ ਵਿਚ ਰਹਿਣ ਦੇ ਬਾਵਜੂਦ ਇਸਦੀ ਸੂਚਨਾ ਸਥਾਨਕ ਪੁਲਸ ਨੂੰ ਦੇਣ ਦੀ ਲੋੜ ਨਹੀਂ ਹੁੰਦੀ। ਜੇਕਰ ਕੋਈ ਵਿਅਕਤੀ 5 ਸਾਲ ਤੱਕ OCI ਕਾਰਡ ਹੋਲਡਰ ਰਹਿੰਦਾ ਹੈ ਅਤੇ ਇਸ ਮਿਆਦ ਵਿਚੋਂ ਇਕ ਸਾਲ ਤੱਕ ਉਹ ਭਾਰਤ ਵਿਚ ਰਹਿੰਦਾ ਹੈ ਤਾਂ ਸਿਟੀਜਨਸ਼ਿਪ ਐਕਟ ਦੀ ਧਾਰਾ 5-1 (ਜੀ) ਦੇ ਤਹਿਤ ਉਹ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਦਾ ਹੱਕਦਾਰ ਹੋ ਜਾਂਦਾ ਹੈ। ਓ. ਸੀ. ਆਈ. ਕਾਰਡ ਹੋਲਡਰ ਨੂੰ ਐੱਨ. ਆਰ. ਆਈ. ਵਾਂਗ ਭਾਰਤ ਵਿਚ ਸਿੱਖਿਆ ਅਤੇ ਆਰਥਿਕ ਅਧਿਕਾਰ ਮਿਲਦੇ ਹਨ, ਪਰ ਇਹ ਨਾਗਰਿਕ ਭਾਰਤ ਵਿਚ ਨਾ ਤਾਂ ਵੋਟ ਪਾ ਸਕਦੇ ਹਨ ਅਤੇ ਨਾ ਹੀ ਕਿਸੇ ਸੰਵੈਧਾਨਿਕ ਅਹੁਦੇ ’ਤੇ ਰਹਿ ਸਕਦੇ ਹਨ।

  • ਵਿਦੇਸ਼ ਵਿਚ ਕੁਲ ਭਾਰਤੀ - 32100340
  • ਕੁਲ OCI ਕਾਰਡ ਹੋਲਡਰ - 40.68 ਲੱਖ
  • PIO ਕਾਰਡ ਹੋਲਡਰ - 18683695
  • NRI - 13459195
  • ਕੈਨੇਡਾ ਵਿਚ ਭਾਰਤੀ ਕੁਲ ਆਬਾਦੀ 18 ਲੱਖ
  • PIO ਕਾਰਡ ਹੋਲਡਰ 15,10,645
  • NRI 1,78410

ਭਾਰਤ ਵਲੋਂ ਕੈਨੇਡਾ ਵਿਚ ਵੀਜ਼ਾ ਜੋ ਅਸਥਾਈ ਰੋਕ ਲੱਗੀ ਹੈ, ਉਸ ਨਾਲ ਮੋਟੇ ਤੌਰ ’ਤੇ ਕੈਨੇਡਾ ਦੇ ਨਾਗਰਿਕ ਹੀ ਦਾਇਰੇ ਵਿਚ ਆਉਣਗੇ, ਕਿਉਂਕਿ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਭਾਰਤੀਆਂ ਕੋਲ PIO ਤੇ OCI ਕਾਰਡ ਹਨ। ਭਾਰਤੀ ਮੂਲ ਦੇ ਇਨ੍ਹਾਂ ਨਾਗਰਿਕਾਂ ਨੂੰ ਆਪਣੇ ਵਤਨ ਵਿਚ ਯਾਤਰਾ ਕਰਨ ਵਿਚ ਕੋਈ ਰੁਕਾਵਟ ਨਹੀਂ ਆਏਗੀ, ਜਦਕਿ ਕੈਨੇਡਾ ਵਿਚ ਵਰਕ ਵੀਜ਼ਾ ਜਾਂ ਸਟੱਡੀ ਵੀਜ਼ਾ ’ਤੇ ਗਏ ਭਾਰਤੀਆਂ ਕੋਲ ਵੀ ਭਾਰਤੀ ਪਾਸਪੋਰਟ ਹਨ, ਉਹ ਵੀ ਕਿਸੇ ਵਕਤ ਭਾਰਤ ਆ ਸਕਦੇ ਹਨ। ਲਿਹਾਜ਼ਾ ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਿਤ ਨਹੀਂ ਹੋਣਗੇ।

ਰਮੇਸ਼ ਚੰਦਰ, ਰਿਟਾ. ਆਈ. ਐੱਫ. ਐੱਸ. ਅਫਸਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News