ਬਾਲਟੀਮੋਰ ਪੁਲ ਹਾਦਸਾ, ਜਹਾਜ਼ ਦੇ ਭਾਰਤੀ ਅਮਲੇ ਦੀ ਸਿਆਣਪ ਤੋਂ ਪ੍ਰਭਾਵਿਤ ਹੋਏ ਬਾਈਡੇਨ, ਕੀਤੀ ਤਾਰੀਫ

03/28/2024 12:37:35 PM

ਵਾਸ਼ਿੰਗਟਨ (ਏਜੰਸੀਆਂ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਬਾਲਟੀਮੋਰ ਦੇ ‘ਫ੍ਰਾਂਸਿਸ ਸਕਾਟ’ ਪੁਲ ਨਾਲ ਟਕਰਾਏ ਕਾਰਗੋ ਜਹਾਜ਼ ‘ਡਾਲੀ’ ਵਿਚ ਸਵਾਰ ਭਾਰਤੀ ਕਰਮਚਾਰੀਆਂ ਦੀ ਤੇਜ਼ ਕਾਰਵਾਈ ਦੀ ਸ਼ਲਾਘਾ ਕੀਤੀ। ਇਸ ਹਾਦਸੇ ਵਿਚ ਪੁਲ ਟੁੱਟ ਕੇ ਨਦੀ ਵਿਚ ਡਿੱਗ ਗਿਆ ਸੀ। ਘਟਨਾ ਦੇ ਇਕ ਦਿਨ ਬਾਅਦ ਬੁੱਧਵਾਰ ਨੂੰ ਬਾਈਡੇਨ ਨੇ ਕਿਹਾ ਕਿ ਹੁਣ ਤੱਕ ਦੀ ਹਰ ਗੱਲ ਤੋਂ ਪਤਾ ਲੱਗਦਾ ਹੈ ਕਿ ਇਹ ਇਕ ਭਿਆਨਕ ਹਾਦਸਾ ਸੀ। ਸਾਡੇ ਕੋਲ ਇਹ ਮੰਨਣ ਦਾ ਕੋਈ ਹੋਰ ਕਾਰਨ ਨਹੀਂ ਹੈ ਕਿ ਇਹ ਹਾਦਸਾ ਜਾਣਬੁੱਝ ਕੇ ਹੋਇਆ ਸੀ। ਰਾਸ਼ਟਰਪਤੀ ਨੇ ਕਿਹਾ ਕਿ ਜਹਾਜ਼ ’ਤੇ ਸਵਾਰ ਅਮਲੇ ਨੇ ਟਰਾਂਸਪੋਰਟ ਵਿਭਾਗ ਨੂੰ ਸੁਚੇਤ ਕਰ ਕੇ ਅਜਿਹਾ ਕਦਮ ਉਠਾਇਆ ਜਿਸਨੇ ਬਿਨਾਂ ਸ਼ੱਕ ਲੋਕਾਂ ਦੀਆਂ ਜਾਨਾਂ ਬਚਾਈਆਂ।

ਇਹ ਵੀ ਪੜ੍ਹੋ: ਨੇਪਾਲ ਦੇ ਮੇਅਰ ਦੀ ਧੀ ਗੋਆ ਮੈਡੀਟੇਸ਼ਨ ਸੈਂਟਰ ਤੋਂ ਹੋਈ ਲਾਪਤਾ, 2 ਦਿਨ ਬਾਅਦ ਹੋਟਲ ’ਚ ਮਿਲੀ

ਜਹਾਜ਼ ਬਾਲਟੀਮੋਰ ਤੋਂ ਸ਼੍ਰੀਲੰਕਾ ਜਾ ਰਿਹਾ ਸੀ। ਸਿੰਗਾਪੁਰ ਦੇ ਝੰਡੇ ਵਾਲੇ ਕਾਰਗੋ ਜਹਾਜ਼ ਦਾ ਪ੍ਰਬੰਧਨ ਕਰਨ ਵਾਲੀ ਸ਼ਿਪਿੰਗ ਕੰਪਨੀ ‘ਸਿਨਰਜੀ ਮੈਰੀਟਾਈਮ ਗਰੁੱਪ’ ਨੇ ਕਿਹਾ ਕਿ ਜਹਾਜ਼ ਦਾ ਪੂਰਾ 22 ਮੈਂਬਰੀ ਚਾਲਕ ਦਲ ਭਾਰਤੀ ਹੈ। ਭਾਰਤੀ ਚਾਲਕ ਦਲ ਨੇ ਸਮੇਂ ਸਿਰ ਸੁਨੇਹਾ ਭੇਜਿਆ ਸੀ ਕਿ ਜਹਾਜ਼ ਕਾਬੂ ਤੋਂ ਬਾਹਰ ਹੈ, ਜਿਸ ਤੋਂ ਬਾਅਦ ਮੈਰੀਲੈਂਡ ਦਾ ਆਵਾਜਾਈ ਵਿਭਾਗ ਪੁਲ ਦੇ ਡਿੱਗਣ ਤੋਂ ਪਹਿਲਾਂ ਆਵਾਜਾਈ ਨੂੰ ਰੋਕਣ ਵਿਚ ਕਾਮਯਾਬ ਹੋ ਗਿਆ, ਜਿਸ ਨਾਲ ਵੱਡੀ ਗਿਣਤੀ ਵਿਚ ਜਾਨਾਂ ਬਚ ਗਈਆਂ। ਬਾਲਟੀਮੋਰ ਦੇ ਮੇਅਰ ਬ੍ਰੈਂਡਨ ਸਕਾਟ ਨੇ ਘਟਨਾ ਤੋਂ ਬਾਅਦ 30 ਦਿਨਾਂ ਲਈ ਸਥਾਨਕ ਐਮਰਜੈਂਸੀ ਦਾ ਐਲਾਨ ਕੀਤਾ। ਮੈਰੀਲੈਂਡ ਦੇ ਗਵਰਨਰ ਵੇਸ ਮੂਰ ਨੇ ਕਿਹਾ ਕਿ ਅਧਿਕਾਰੀ ਅਜੇ ਵੀ ਘਟਨਾ ਦੀ ਜਾਂਚ ਕਰ ਰਹੇ ਹਨ ਪਰ ਉਨ੍ਹਾਂ ਕੋਲ ਕੋਈ ਭਰੋਸੇਯੋਗ ਸਬੂਤ ਨਹੀਂ ਹੈ ਕਿ ਇਹ ਟੱਕਰ ਇਕ ਅੱਤਵਾਦੀ ਹਮਲਾ ਸੀ।

ਪੁਲ ਡਿੱਗਣ ਤੋਂ ਬਾਅਦ ਲਾਪਤਾ 6 ਮੁਲਾਜ਼ਮ ਮੈਕਸੀਕਨ, ਗਵਾਟੇਮਾਲਾ ਅਤੇ ਸਾਲਵਾਡੋਰ ਦੇ

ਮੈਰੀਲੈਂਡ ਸੂਬੇ ਦੇ ਟਰਾਂਸਪੋਰਟ ਮੰਤਰੀ ਪਾਲ ਵਿਡੇਫੇਲਡ ਨੇ ਕਿਹਾ ਕਿ ਜਿਨ੍ਹਾਂ 6 ਲੋਕਾਂ ਦਾ ਹੁਣ ਵੀ ਪਤਾ ਨਹੀਂ ਲੱਗਾ ਹੈ, ਉਹ ਪੁਲ ’ਤੇ ਟੋਏ ਭਰਨ ਵਾਲੇ ਨਿਰਮਾਣ ਦਲ ਦਾ ਹਿੱਸਾ ਸਨ। ਵਾਸ਼ਿੰਗਟਨ ਸਥਿਤ ਮੈਕਸੀਕਨ ਦੂਤਘਰ ਨੇ ‘ਐਕਸ’ ’ਤੇ ਕਿਹਾ ਕਿ ਪੁਲ ਦੇ ਡਿੱਗਣ ਤੋਂ ਬਾਅਦ 6 ਮੈਕਸੀਕਨ, ਗੁਆਟੇਮਾਲਾ ਅਤੇ ਸਾਲਵਾਡੋਰਨ ਕਰਮਚਾਰੀ ਲਾਪਤਾ ਹਨ। ਕਰਮਚਾਰੀਆਂ ਨੂੰ ਨੌਕਰੀ ਦੇਣ ਵਾਲੀ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਦੁਪਹਿਰ ਨੂੰ ਕਿਹਾ ਕਿ ਨਦੀ ਦੀ ਡੂੰਘਾਈ ਅਤੇ ਹਾਦਸੇ ਤੋਂ ਬਾਅਦ ਦੇ ਸਮੇਂ ਨੂੰ ਦੇਖਦੇ ਹੋਏ ਲਾਪਤਾ ਲੋਕਾਂ ਨੂੰ ਮ੍ਰਿਤਕ ਮਨ ਲਿਆ ਗਿਆ ਹੈ। ਪੁਲ ਦੇ ਵਿਚਕਾਰ ਮਜ਼ਦੂਰ ਕੰਮ ਕਰ ਰਹੇ ਸਨ ਜਦੋਂ ਇਹ ਨਦੀ ਵਿਚ ਡਿੱਗ ਗਿਆ। ਅਜੇ ਤੱਕ ਕੋਈ ਲਾਸ਼ ਬਰਾਮਦ ਨਹੀਂ ਹੋਈ ਹੈ। ਬਚਾਅ ਕਰਮਚਾਰੀਆਂ ਨੇ ਨਦੀ ’ਚੋਂ 2 ਲੋਕਾਂ ਨੂੰ ਬਚਾਇਆ ਹੈ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ 2024 : ਭਾਜਪਾ ਨੇ ਰਿੰਕੂ ਨੂੰ ਉਤਾਰਿਆ ਤਾਂ ਇਸ ਵਾਰ ਸੌਖੀ ਨਹੀਂ ਹੋਵੇਗੀ ਚੁਣੌਤੀ

ਚਾਲਕ ਦਲ ਨੂੰ 2 ਹਫਤੇ ਜਹਾਜ਼ ’ਤੇ ਰਹਿਣਾ ਪਵੇਗਾ

‘ਡਾਲੀ’ ਕਾਰਗੋ ਜਹਾਜ਼ ਦੇ ਚਾਲਕ ਦਲ ਨੂੰ 2 ਹਫ਼ਤਿਆਂ ਤੱਕ ਜਹਾਜ਼ ’ਤੇ ਰਹਿਣਾ ਪੈ ਸਕਦਾ ਹੈ। ਮਲਬਾ ਹਟਾਏ ਜਾਣ ਦੌਰਾਨ ਜਹਾਜ਼ ਡੁੱਬੇ ਨਾ, ਇਹ ਯਕੀਨੀ ਬਣਾਉਣ ਲਈ 2 ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇਗਾ। ਜੇਕਰ ਜਹਾਜ਼ ਦੇ ਪਾਣੀ ਵਿਚ ਡੁੱਬਣ ਦਾ ਕੋਈ ਸੰਕੇਤ ਮਿਲਦਾ ਹੈ ਤਾਂ ਚਾਲਕ ਦਲ ਨੂੰ ਬਾਹਰ ਖਿੱਚ ਲਿਆ ਜਾਵੇਗਾ। ਉਨ੍ਹਾਂ ਕੋਲ ਖਾਣ-ਪੀਣ ਦਾ ਲੋੜੀਂਦਾ ਭੰਡਾਰ ਹੈ ਕਿਉਂਕਿ ਉਹ 28 ਦਿਨ ਦੀ ਯਾਤਰਾ ’ਤੇ ਨਿਕਲ ਰਹੇ ਸਨ।

ਪੁਲ ਨੂੰ ਬਹਾਲ ਕਰਨਾ ਆਸਾਨ ਨਹੀਂ, ਫੌਜ ਨੂੰ ਬੁਲਾਇਆ

ਯੂ. ਐੱਸ. ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟਿਗਿਏਗ ਨੇ ਕਿਹਾ ਕਿ ਬਾਲਟੀਮੋਰ ਵਿਚ ‘ਫਰਾਂਸਿਸ ਸਕਾਟ ਬ੍ਰਿਜ’ ਕੋਈ ਆਮ ਪੁਲ ਨਹੀਂ ਸੀ ਅਤੇ ਅਮਰੀਕਾ ਦੇ ਬੁਨਿਆਦੀ ਢਾਂਚੇ ਵਿਚੋਂ ਇਕ ਸੀ ਅਤੇ ਕਿਹਾ ਕਿ ਆਮ ਸਥਿਤੀ ਲਈ ਰਸਤਾ ਆਸਾਨ ਨਹੀਂ ਹੋਵੇਗਾ। ਪੁਲ ਦੇ ਢਹਿ ਜਾਣ ਤੋਂ ਬਾਅਦ ਯੂ. ਐੱਸ. ਆਰਮੀ ਕੋਰ ਆਫ਼ ਇੰਜੀਨੀਅਰਜ਼ ਦੇ 1000 ਤੋਂ ਵੱਧ ਕਰਮਚਾਰੀ ਸਹਾਇਤਾ ਲਈ ਇਕੱਠੇ ਹੋਏ ਹਨ। ਇਸ ਟੀਮ ਵਿਚ ਇੰਜੀਨੀਅਰਿੰਗ, ਨਿਰਮਾਣ ਅਤੇ ਸੰਚਾਲਨ ਦੇ ਮਾਹਰ ਸ਼ਾਮਲ ਹਨ। ਉਹ ਪੁਲ ਨੂੰ ਤੋੜਨ ਅਤੇ ਸੰਘੀ ਸ਼ਿਪਿੰਗ ਚੈਨਲ ਨੂੰ ਬਹਾਲ ਕਰਨ ਲਈ ਸਥਾਨਕ, ਰਾਜ ਅਤੇ ਸੰਘੀ ਏਜੰਸੀਆਂ ਨਾਲ ਸਹਿਯੋਗ ਕਰਨਗੇ।

ਇਹ ਵੀ ਪੜ੍ਹੋ: ਰੂਸ ਦੇ ਸੰਸਦ ਮੈਂਬਰ ਅੱਤਵਾਦੀ ਹਮਲੇ ਮਗਰੋਂ ਮੌਤ ਦੀ ਸਜ਼ਾ 'ਤੇ ਲੱਗੀ ਰੋਕ ਹਟਾਉਣ 'ਤੇ ਕਰ ਰਹੇ ਹਨ ਵਿਚਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News