ਕਰੀਮਾ ਬਲੋਚ ਨੂੰ ਇਨਸਾਫ਼ ਦਿਵਾਉਣ ਲਈ ਫਰਾਂਸ ''ਚ ਕੈਨੇਡੀਅਨ ਅੰਬੈਸੀ ਅੱਗੇ ਪ੍ਰਦਰਸ਼ਨ

Wednesday, Jan 06, 2021 - 12:24 PM (IST)

ਪੈਰਿਸ- ਪਿਛਲੇ ਮਹੀਨੇ ਬਲੋਚ ਨੇਤਾ ਕਰੀਮਾ ਬਲੋਚ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਤੇ ਉਸ ਦੀ ਲਾਸ਼ ਟੋਰਾਂਟੋ ਵਿਚ ਮਿਲੀ ਸੀ। ਕਰੀਮਾ ਦਾ ਕਤਲ ਸਿਆਸੀ ਸਾਜਸ਼ ਨਾਲ ਸਬੰਧਤ ਮੰਨਿਆ ਜਾ ਰਿਹਾ ਹੈ ਕਿਉਂਕਿ ਕਰੀਮਾ ਨੂੰ ਪਾਕਿਸਤਾਨੀ ਸਰਕਾਰ ਅਤੇ ਫ਼ੌਜ ਦੇ ਖ਼ਿਲਾਫ਼ ਸਭ ਤੋਂ ਮੁੱਖ ਆਵਾਜ਼ ਮੰਨਿਆ ਜਾਂਦਾ ਸੀ। ਉਸ ਨੂੰ ਵਾਰ-ਵਾਰ ਕਤਲ ਦੀਆਂ ਧਮਕੀਆਂ ਮਿਲ ਰਹੀਆਂ ਸਨ। ਉਸ ਦੇ ਪਰਿਵਾਰ ਨੂੰ ਵੀ ਪਾਕਿਸਤਾਨ ਵਿਚ ਤੰਗ ਕੀਤਾ ਜਾ ਰਿਹਾ ਸੀ। 

ਕਰੀਮਾ ਨੂੰ ਇਨਸਾਫ਼ ਦਿਵਾਉਣ ਲਈ ਦੁਨੀਆ ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ। ਬੀਤੇ ਦਿਨ ਪੈਰਿਸ ਵਿਚ ਕੈਨੇਡੀਅਨ ਅੰਬੈਸੀ ਦੇ ਬਾਹਰ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਇਸ ਕਤਲ ਪਿਛਲੀ ਸਾਜਸ਼ ਨੂੰ ਸਾਹਮਣੇ ਲਿਆਂਦਾ ਜਾਵੇ ਤੇ ਕਰੀਮਾ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। 

ਪ੍ਰਦਰਸ਼ਨਕਾਰੀਆਂ ਵਿਚ ਬਲੋਚ, ਪਸ਼ਤੂਨ, ਹਜ਼ਾਰਾ ਅਤੇ ਫਰਾਂਸੀ ਭਾਈਚਾਰੇ ਦੇ ਲੋਕ ਵੀ ਮੌਜੂਦ ਸਨ। ਇਨ੍ਹਾਂ ਲੋਕਾਂ ਨੇ ਪਾਕਿਸਤਾਨ ਖ਼ਿਲਾਫ਼ ਕਾਰਵਾਈ ਕਰਨ ਲਈ ਫਰਾਂਸ ਸਰਕਾਰ ਨੂੰ ਵੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਕਰੀਮਾ ਬਲੋਚ ਕੈਨੇਡਾ ਵਿਚ ਸ਼ਰਣਾਰਥੀ ਵਜੋਂ ਰਹਿੰਦੀ ਸੀ ਤੇ ਅਚਾਨਕ ਲਾਪਤਾ ਹੋ ਗਈ ਸੀ ਤੇ ਫਿਰ 22 ਦਸੰਬਰ, 2020 ਨੂੰ ਉਸ ਦੀ ਲਾਸ਼ ਟੋਰਾਂਟੋ ਵਿਚ ਮਿਲੀ। ਹਾਲਾਂਕਿ ਸਥਾਨਕ ਪੁਲਸ ਨੇ ਕਰੀਮਾ ਦੀ ਮੌਤ ਪਿੱਛੇ ਕੋਈ ਸਾਜ਼ਸ਼ ਹੋਣ ਦੀ ਗੱਲ ਨਹੀਂ ਆਖੀ ਪਰ ਬਲੋਚ ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਜਾਸੂਸ ਏਜੰਸੀਆਂ ਨੇ ਹੀ ਕਰੀਮਾ ਦਾ ਕਤਲ ਕਰਵਾਇਆ ਹੈ। 


Lalita Mam

Content Editor

Related News