''ਬਾਦਲ ਗਰਲਜ਼ ਕਾਲਜ'' ਦੀ ਅਥਾਰਟੀ ਵਲੋਂ ਡਾ. ਸੁਰਿੰਦਰ ਸਿੰਘ ਗਿੱਲ ਸਨਮਾਨਿਤ

Sunday, Nov 24, 2019 - 01:56 PM (IST)

''ਬਾਦਲ ਗਰਲਜ਼ ਕਾਲਜ'' ਦੀ ਅਥਾਰਟੀ ਵਲੋਂ ਡਾ. ਸੁਰਿੰਦਰ ਸਿੰਘ ਗਿੱਲ ਸਨਮਾਨਿਤ

ਨਿਊਯਾਰਕ/ਮੁਕਤਸਰ, (ਰਾਜ ਗੋਗਨਾ)— ਬੀਤੇ ਦਿਨ ਡਾ. ਸੁਰਿੰਦਰ ਸਿੰਘ ਗਿੱਲ 'ਡਾਇਰੈਕਟਰ ਸਿੱਖਸ ਆਫ ਅਮਰੀਕਾ' ਜੋ ਕਰਤਾਰਪੁਰ ਕੋਰੀਡੋਰ ਦੇ ਪਹਿਲੇ ਜੱਥੇ ਨੂੰ 'ਜੀ ਆਇਆ' ਕਹਿਣ ਪੰਜਾਬ ਆਏ ਹੋਏ ਸਨ। ਉਨ੍ਹਾਂ ਵਲੋਂ ਇੱਕ ਸੰਖੇਪ ਮਿਲਣੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ, ਜਿੱਥੇ ਉਨ੍ਹਾਂ ਡਾ. ਗਿੱਲ ਨੂੰ 'ਬਾਦਲ ਗਰਲਜ਼ ਕਾਲਜ' ਦਾ ਦੌਰਾ ਕਰਨ ਲਈ ਸੱਦਾ ਦਿੱਤਾ ਗਿਆ ਸੀ। ਦੌਰੇ ਦੌਰਾਨ ਪ੍ਰਿੰਸੀਪਲ ਐੱਸ. ਐੱਸ. ਸੰਘਾ ਅਤੇ ਸਟਾਫ ਵਲੋਂ ਉਨ੍ਹਾਂ ਨੂੰ ਬਹੁਤ ਹੀ ਪ੍ਰਭਾਵੀ ਰਸਮ ਨਾਲ ਸਵਾਗਤ ਕੀਤਾ। ਉਪਰੰਤ ਕੈਰੀਅਰ ਕੋਰਸਾਂ ਸਬੰਧੀ ਵਿਚਾਰਾਂ ਕੀਤੀਆਂ। ਇੱਥੇ ਦੱਸਣਾ ਵਾਜਬ ਹੈ ਕਿ ਡਾ. ਸੁਰਿੰਦਰ ਸਿੰਘ ਗਿੱਲ ਕੈਰੀਅਰ ਇੰਸਟੀਚਿਊਟ ਵਾਸ਼ਿੰਗਟਨ ਡੀ. ਸੀ. ਦੇ ਅੰਤਰ-ਰਾਸ਼ਟਰੀ ਡਾਇਰੈਕਟਰ ਵੀ ਹਨ। ਜਿਨ੍ਹਾਂ ਨੇ 'ਦਸਮੇਸ਼ ਗਰਲਜ਼ ਕਾਲਜ' ਦੇ ਵਿਦਿਆਰਥੀਆਂ ਨੂੰ ਆਡੀਟੋਰੀਅਮ ਵਿੱਚ ਸੰਬੋਧਨ ਕੀਤਾ ਅਤੇ ਕੈਰੀਅਰ ਕੋਰਸਾਂ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ ।

ਸਵਾਲ-ਜਵਾਬ ਦੌਰਾਨ ਉਨ੍ਹਾਂ ਹਰ ਵਿਦਿਆਰਥੀ ਦੇ ਸ਼ੰਕੇ ਵੀ ਦੂਰ ਕੀਤੇ। ਡਾ. ਗਿੱਲ ਨੇ ਕਿਹਾ ਕਿ ਦਸਮੇਸ਼ ਗਰਲਜ਼ ਕਾਲਜ ਉਨ੍ਹਾਂ ਦੇ ਸਮੇਂ ਬਣਿਆ ਹੈ। ਇਸ ਦੀ ਬਿਹਤਰੀ ਲਈ ਉਹ ਹਰ ਉਪਰਾਲਾ ਕਰਨਾ ਆਪਣਾ ਫਰਜ਼ ਸਮਝਦੇ ਹਨ। ਡਾਕਟਰ ਗਿੱਲ ਵਲੋਂ 16 ਕੈਰੀਅਰ ਕੋਰਸਾਂ ਦੀ ਤਜਵੀਜ਼ ਲਿਖਤੀ ਤੌਰ 'ਤੇ ਕਾਲਜ ਮੁਖੀ ਨੂੰ ਸੌਂਪੀ ਹੈ। ਅਮਰੀਕਾ ਦੇ ਕੈਰੀਅਰ ਕਾਲਜ ਵਿੱਚ ਪ੍ਰਵੇਸ਼ ਕਰਨ ਦੀ ਸੌਖੀ ਪ੍ਰੋਫੈਸ਼ਨਲ ਤਰਕੀਬ ਵੀ ਦੱਸੀ ਹੈ। ਉਨ੍ਹਾਂ ਕਿਹਾ ਕਿ ਟਰੀਟੀ ਦਸਤਖ਼ਤ ਹੋਣ ਤੋਂ ਬਾਅਦ ਇਹ ਕਾਲਜ ਅਟਨਮਿਸ ਕੈਰੀਅਰ ਕੋਰਸਾਂ ਦਾ ਬਣ ਜਾਵੇਗਾ। ਕੈਰੀਅਰ ਕੋਰਸ ਕਰਨ ਵਾਲ਼ਿਆਂ ਨੂੰ ਅਮਰੀਕਾ ਦੇ ਇੰਸਟੀਚੀਊਟ ਦੀ ਡਿਗਰੀ/ਡਿਪਲੋਮਾ ਮਿਲੇਗਾ। ਜਿਸ ਦੀ ਮਾਨਤਾ ਪੂਰੇ ਸੰਸਾਰ ਵਿੱਚ ਹੋਵੇਗੀ। ਕੈਰੀਅਰ ਕੋਰਸ ਕਰਨ ਵਾਲ਼ਿਆਂ ਨੂੰ ਅਮਰੀਕਾ ਵਿੱਚ ਨੌਕਰੀਆਂ ਵੀ ਉਪਲਬਧ ਹੋਣਗੀਆਂ । ਵਧੇਰੇ ਜਾਣਕਾਰੀ ਵਿਦਿਆਰਥੀ , ਮਾਪੇ ਕਾਲਜ ਦੇ ਪ੍ਰਿੰਸੀਪਲ ਨਾਲ  ਸੰਪਰਕ ਕਰਕੇ ਲੈ ਸਕਦੇ ਹੋ।ਡਾ. ਸੰਘਾ ਵਲੋਂ ਡਾ. ਸੁਰਿੰਦਰ ਸਿੰਘ ਗਿੱਲ ਦਾ ਧੰਨਵਾਦ ਕੀਤਾ ਅਤੇ ਇੱਕ ਬੇਨਤੀ ਪੱਤਰ ਪ੍ਰਬੰਧਕ ਕਮੇਟੀ ਵੱਲੋਂ ਸੌਂਪਣ ਦੀ ਤਜਵੀਜ਼ ਪੇਸ਼ ਕੀਤੀ,ਤਾਂ ਜੋ ਅਗਲੇ ਸੈਸ਼ਨ ਵਿੱਚ ਇਹ ਕੋਰਸ ਸ਼ੁਰੂ ਕੀਤੇ ਜਾ ਸਕਣ। ਕਾਲਜ਼ ਅਥਾਰਟੀ ਵਲੋਂ ਡਾ. ਸੁਰਿੰਦਰ ਸਿੰਘ ਗਿੱਲ ਤੇ ਉਹਨਾਂ  ਦੀ ਪਤਨੀ  ਰਾਜਿੰਦਰ ਕੌਰ ਗਿੱਲ  ਨੂੰ ਸਨਮਾਨਿਤ ਕੀਤਾ ਗਿਆ।


Related News