ਕਿਰਪਾਨ ਪਾਬੰਦੀ ਮਾਮਲੇ ’ਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਕਰੇਗੀ ਸਿੱਖ ਭਾਈਚਾਰੇ ਦੀ ਨੁਮਾਇੰਦਗੀ

Wednesday, May 26, 2021 - 04:13 PM (IST)

ਸਿਡਨੀ  (ਸਨੀ ਚਾਂਦਪੁਰੀ) : ਆਸਟ੍ਰੇਲੀਆਈ ਸਕੂਲਾਂ ’ਚ ਬੱਚਿਆਂ ਦੇ ਕਿਰਪਾਨ ਪਾਉਣ ਉੱਤੇ ਅਸਥਾਈ ਰੂਪ ’ਚ ਲੱਗੀ ਪਾਬੰਦੀ ਦੇ ਮਾਮਲੇ ਨੂੰ ਸੁਲਝਾਉਣ ਲਈ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਿੱਖ ਭਾਈਚਾਰੇ ਦੀ ਅਗਵਾਈ ਕਰੇਗੀ । ਇਹ ਸਿੱਖ ਭਾਈਚਾਰੇ ਲਈ ਗੰਭੀਰ ਮੁੱਦਾ ਹੈ । ਇਸ ਮੁੱਦੇ ਉੱਤੇ ਗੁਰਦੁਆਰਾ ਗਲੇਨਵੁੱਡ ਸਾਹਿਬ ਵਿਖੇ ਸਮੁੱਚੀ ਸਿੱਖ ਸੰਗਤ ਨੂੰ ਬੁਲਾ ਕੇ ਸਲਾਹ-ਮਸ਼ਵਰੇ ਲਈ ਮੀਟਿੰਗ ਕੀਤੀ ਗਈ, ਜਿਸ ’ਚ ਮੌਜੂਦਾ ਸਥਿਤੀ ਨਾਲ ਨਜਿੱਠਣ ਅਤੇ ਕਾਰਜ ਯੋਜਨਾ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ । ਸਿੱਖ ਸੰਗਤ ਵੱਲੋਂ ਕਈ ਸੁਝਾਅ ਦਿੱਤੇ ਗਏ।

PunjabKesari

ਮੀਟਿੰਗ ’ਚ ਕੁਲ 65 ਸਿੱਖ ਸੰਗਠਨਾਂ ਨੇ ਹਿੱਸਾ ਲਿਆ ਅਤੇ ਸਲਾਹ-ਮਸ਼ਵਰੇ ਤੋਂ ਬਾਅਦ ਇਸ ਮਾਮਲੇ ਦੀ ਅਗਵਾਈ ਕਰਨ ਦਾ ਅਧਿਕਾਰ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨੂੰ ਦਿੱਤਾ ਗਿਆ। ਕਿਰਪਾਨ ਪਾਬੰਦੀ ਮਾਮਲੇ ਉੱਤੇ ਨਿਊਜ਼ੀਲੈਂਡ, ਯੂ. ਕੇ., ਕੈਨੇਡਾ, ਅਮਰੀਕਾ, ਮਲੇਸ਼ੀਆ, ਸਿੰਗਾਪੁਰ ਅਤੇ ਭਾਰਤ ਗਈਆਂ ਅੰਤਰਰਾਸ਼ਟਰੀ ਸੰਸਥਾਵਾਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦਾ ਸਮਰਥਨ ਕਰ ਰਹੀਆਂ ਹਨ । ਮੀਟਿੰਗ ’ਚ ਇਹ ਵੀ ਕਿਹਾ ਗਿਆ ਕਿ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਤੋਂ ਇਲਾਵਾ ਕੋਈ ਵੀ ਮੀਡੀਆ ’ਚ ਬਿਆਨ ਜਾਂ ਪ੍ਰੈੱਸ ਨੋਟ ਜਾਰੀ ਨਹੀਂ ਕਰੇਗਾ ।

PunjabKesari

ਇਹ ਮੀਟਿੰਗ ਸੰਗਤ ਦੇ ਭਾਰੀ ਇਕੱਠ ’ਚ ਲੱਗਭੱਗ ਤਿੰਨ ਘੰਟੇ ਚੱਲੀ । ਇਸ ਮੌਕੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਪ੍ਰਬੰਧਕਾਂ ਨੇ ਸੰਗਤਾਂ ਨੂੰ ਦੱਸਿਆ ਕਿ ਏ. ਐੱਸ. ਏ. ਵੱਲੋਂ ਮੁੱਢਲੇ ਕਾਨੂੰਨੀ ਖ਼ਰਚਿਆਂ ਲਈ 1,50,000 ਡਾਲਰ ਦੀ ਮਨਜ਼ੂਰੀ ਦਿੱਤੀ ਗਈ ਸੀ । ਮੀਟਿੰਗ ’ਚ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਮੈਂਬਰਾਂ ਦਾ ਕਾਰਜਕਾਰੀ ਸਮੂਹ ਵੀ ਬਣਾਇਆ ਗਿਆ, ਜਿਸ ਵਿੱਚ ਰਵਿੰਦਰਜੀਤ ਸਿੰਘ, ਪ੍ਰਿਤਪਾਲ ਸਿੰਘ ਟਿਵਾਣਾ, ਜਤਿੰਦਰ ਸਿੰਘ, ਨਰਿੰਦਰ ਸਿੰਘ, ਹਰਬੀਰ ਪਾਲ ਸਿੰਘ, ਸਵਰਨ ਸਿੰਘ, ਅਮਨਦੀਪ ਸਿੰਘ ਸਿੱਧੂ, ਬਲਬੀਰ ਸਿੰਘ, ਪਰਸ਼ੋਤਮ ਸਿੰਘ ਨੂੰ ਸ਼ਾਮਲ ਕੀਤਾ ਗਿਆ । ਇਸ ਮੀਟਿੰਗ ਦੌਰਾਨ ਗੁਰਮੇਸ਼ ਸਿੰਘ ਐੱਮ. ਐੱਲ. ਏ. ਕਾਫਸ ਹਾਰਵਰ ਅਤੇ ਸਿੱਖ ਜਥੇਬੰਦੀਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੀ ।


Manoj

Content Editor

Related News