ਆਸਟ੍ਰੇਲੀਆ : ਸਕੌਟ ਮੌਰੀਸਨ ਨੇ ਮਈ 'ਚ 'ਚੋਣਾਂ' ਕਰਾਉਣ ਦਾ ਕੀਤਾ ਐਲਾਨ

Sunday, Apr 10, 2022 - 10:41 AM (IST)

ਕੈਨਬਰਾ (ਭਾਸ਼ਾ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮਈ ਵਿੱਚ ਸੰਘੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਚੋਣ ਚੀਨ ਦੀ ਆਰਥਿਕ ਦਾਦਾਗਿਰੀ, ਜਲਵਾਯੂ ਪਰਿਵਰਤਨ ਅਤੇ ਕੋਵਿਡ-19 ਮਹਾਮਾਰੀ ਸਮੇਤ ਕਈ ਹੋਰ ਮੁੱਦਿਆਂ 'ਤੇ ਲੜੀ ਜਾਵੇਗੀ। ਮੌਰੀਸਨ ਨੇ ਐਤਵਾਰ ਨੂੰ ਆਸਟ੍ਰੇਲੀਆ ਦੀ ਰਾਜ ਦੀ ਮੁਖੀ ਮਹਾਰਾਣੀ ਐਲਿਜ਼ਾਬੈਥ II ਦੇ ਪ੍ਰਤੀਨਿਧੀ ਗਵਰਨਰ-ਜਨਰਲ ਡੇਵਿਡ ਹਰਲੇ ਨੂੰ ਚੋਣ ਦੀ ਮਿਤੀ ਨਿਰਧਾਰਤ ਕਰਨ ਦੀ ਸਿਫਾਰਸ਼ ਕੀਤੀ। ਉਹਨਾਂ ਵੱਲੋਂ ਐਤਵਾਰ ਸ਼ਾਮ ਨੂੰ ਇਹ ਐਲਾਨ ਕਰਨ ਦੀ ਉਮੀਦ ਹੈ ਕੀ ਆਸਟ੍ਰੇਲੀਆ ਵਿੱਚ ਚੋਣਾਂ 14 ਮਈ ਨੂੰ ਹੋਣਗੀਆਂ ਜਾਂ 21 ਮਈ ਨੂੰ। 

ਮੌਰੀਸਨ ਦੇ ਸੱਤਾਧਾਰੀ ਗੱਠਜੋੜ ਕੋਲ ਇਸ ਸਮੇਂ ਪ੍ਰਤੀਨਿਧੀ ਸਭਾ ਵਿੱਚ 76 ਸੀਟਾਂ ਹਨ ਅਤੇ ਸੱਤਾ ਵਿੱਚ ਬਣੇ ਰਹਿਣ ਲਈ ਘੱਟੋ-ਘੱਟ ਇੰਨੀਆਂ ਸੀਟਾਂ ਦੀ ਲੋੜ ਹੈ। ਹਾਲਾਂਕਿ ਓਪੀਨੀਅਨ ਪੋਲ ਦੱਸਦੇ ਹਨ ਕਿ ਇਸ ਵਾਰ ਸੱਤਾ 'ਚ ਬਦਲਾਅ ਦੀ ਸੰਭਾਵਨਾ ਹੈ। ਵਿਰੋਧੀ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਾਨੀਜ਼ ਦੇ ਅਹੁਦਾ ਸੰਭਾਲਣ ਦੀ ਉਮੀਦ ਹੈ। ਆਸਟ੍ਰੇਲੀਆ ਵਿਚ ਸੱਤਾਧਾਰੀ ਕੰਜ਼ਰਵੇਟਿਵ ਗੱਠਜੋੜ ਚੌਥੀ ਵਾਰ ਤਿੰਨ ਸਾਲ ਦਾ ਕਾਰਜਕਾਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 2019 ਵਿੱਚ ਹੋਈਆਂ ਪਿਛਲੀਆਂ ਚੋਣਾਂ ਵਿੱਚ ਮੌਰੀਸਨ ਨੇ ਆਪਣੀ ਅਗਵਾਈ ਵਾਲੇ ਗੱਠਜੋੜ ਨੂੰ ਛੋਟੇ ਫਰਕ ਨਾਲ ਜਿੱਤ ਦਿਵਾਈ ਸੀ। ਹਾਲਾਂਕਿ ਪ੍ਰੀ-ਚੋਣ ਪੋਲਾਂ ਵਿੱਚ ਵਿਰੋਧੀ ਆਸਟ੍ਰੇਲੀਅਨ ਲੇਬਰ ਪਾਰਟੀ ਨੂੰ ਲਗਾਤਾਰ ਮੋਹਰੀ ਦੱਸਿਆ ਗਿਆ ਸੀ। ਲਿਬਰਲ ਪਾਰਟੀ ਦੀ ਅਗਵਾਈ ਵਾਲਾ ਗੱਠਜੋੜ ਇਸ ਵਾਰ ਵੀ ਜ਼ਿਆਦਾਤਰ ਚੋਣਾਂ ਵਿੱਚ ਪਿੱਛੇ ਚੱਲ ਰਿਹਾ ਹੈ ਪਰ ਕਈ ਵਿਸ਼ਲੇਸ਼ਕਾਂ ਨੇ ਨਜ਼ਦੀਕੀ ਮੁਕਾਬਲੇ ਦੀ ਭਵਿੱਖਬਾਣੀ ਕੀਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਹਿਮ ਖ਼ਬਰ : ਆਸਟ੍ਰੇਲੀਆ ਵੱਲੋਂ ਭਾਰਤੀਆਂ ਲਈ ‘ਵਰਕ ਐਂਡ ਹੋਲੀਡੇ’ ਵੀਜ਼ਾ ਦਾ ਐਲਾਨ

ਪਿਛਲੀ ਵਾਰ ਜਦੋਂ ਚੋਣਾਂ ਹੋਈਆਂ ਸਨ ਤਾਂ ਆਸਟ੍ਰੇਲੀਆ ਸਖ਼ਤ ਗਰਮੀ ਅਤੇ ਸੋਕੇ ਦਾ ਸਾਹਮਣਾ ਕਰ ਰਿਹਾ ਸੀ। ਉਸ ਸਾਲ ਦਾ ਅੰਤ ਆਸਟ੍ਰੇਲੀਆ ਦੇ ਦੱਖਣ-ਪੂਰਬੀ ਜੰਗਲਾਂ ਵਿਚ ਭਿਆਨਕ ਅੱਗ ਨਾਲ ਹੋਇਆ, ਜਿਸ ਵਿਚ ਘੱਟੋ-ਘੱਟ 33 ਲੋਕ ਝੁਲਸ ਗਏ, ਜਦੋਂ ਕਿ ਧੂੰਏਂ ਕਾਰਨ 400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮੌਰੀਸਨ ਦੀ ਉਸ ਸਮੇਂ ਹਵਾਈ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਆਲੋਚਨਾ ਕੀਤੀ ਗਈ ਸੀ, ਕਿਉਂਕਿ ਉਹਨਾਂ ਦਾ ਜੱਦੀ ਸ਼ਹਿਰ ਸਿਡਨੀ ਜ਼ਹਿਰੀਲੇ ਧੂੰਏਂ ਨਾਲ ਪ੍ਰਭਾਵਿਤ ਸੀ। ਲੋਕਾਂ ਦੇ ਗੁੱਸੇ ਤੋਂ ਬਾਅਦ ਉਹ ਅੱਧ ਵਿਚਾਲੇ ਛੁੱਟੀਆਂ ਛੱਡ ਕੇ ਪਰਤ ਆਏ ਸਨ। ਨਵੰਬਰ 2021 ਵਿੱਚ ਸਕਾਟਲੈਂਡ ਦੇ ਗਲਾਸਗੋ ਵਿੱਚ ਆਯੋਜਿਤ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਵਿੱਚ ਕਾਰਬਨ ਨਿਕਾਸ ਵਿੱਚ ਕਟੌਤੀ ਲਈ ਹੋਰ ਅਭਿਲਾਸ਼ੀ ਟੀਚਿਆਂ ਨੂੰ ਨਿਰਧਾਰਤ ਨਾ ਕਰਨ ਲਈ ਵੀ ਉਹਨਾਂ ਦੀ ਆਲੋਚਨਾ ਕੀਤੀ ਗਈ ਸੀ। 

ਪੜ੍ਹੋ ਇਹ ਅਹਿਮ ਖ਼ਬਰ - ਪਾਕਿਸਤਾਨ 'ਚ ਇਮਰਾਨ ਦੀ ਡਿੱਗੀ ਸਰਕਾਰ, ਭਲਕੇ ਹੋਵੇਗੀ ਨਵੇਂ ਪ੍ਰਧਾਨ ਮੰਤਰੀ ਦੀ ਚੋਣ  

ਆਸਟ੍ਰੇਲੀਅਨ ਲੇਬਰ ਪਾਰਟੀ ਨੇ 2030 ਤੱਕ ਨਿਕਾਸੀ 43 ਪ੍ਰਤੀਸ਼ਤ ਤੱਕ ਘਟਾਉਣ ਦਾ ਵਾਅਦਾ ਕੀਤਾ ਹੈ। ਆਸਟ੍ਰੇਲੀਆ ਸ਼ੁਰੂ ਵਿਚ ਅੰਤਰਰਾਸ਼ਟਰੀ ਯਾਤਰਾ 'ਤੇ ਪਾਬੰਦੀਆਂ ਲਗਾ ਕੇ ਕੋਵਿਡ-19 ਮਹਾਮਾਰੀ ਤੋਂ ਮਰਨ ਵਾਲਿਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੇ ਯੋਗ ਸੀ ਪਰ ਵਧੇਰੇ ਛੂਤ ਵਾਲੇ ਡੈਲਟਾ ਅਤੇ ਓਮੀਕਰੋਨ ਰੂਪਾਂ ਦੇ ਫੈਲਣ ਨੂੰ ਰੋਕਣਾ ਮੁਸ਼ਕਲ ਸਾਬਤ ਹੋਇਆ। ਆਸਟ੍ਰੇਲੀਆ ਵਿੱਚ ਕੋਵਿਡ ਟੀਕਾਕਰਨ ਦੀ ਮੱਠੀ ਰਫ਼ਤਾਰ ਨੂੰ ਲੈ ਕੇ ਵੀ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ ਹੈ। ਚੀਨ ਨਾਲ ਵਪਾਰਕ ਸਬੰਧਾਂ ਦਾ ਮੁੱਦਾ ਵੀ ਚੋਣਾਂ ਵਿੱਚ ਛਾਇਆ ਰਹਿ ਸਕਦਾ ਹੈ। ਚੀਨ ਨੇ ਹਾਲ ਹੀ ਦੇ ਸਾਲਾਂ ਵਿੱਚ ਆਸਟ੍ਰੇਲੀਆ ਖ਼ਿਲਾਫ਼ ਕਈ ਰਸਮੀ ਅਤੇ ਗੈਰ ਰਸਮੀ ਵਪਾਰਕ ਪਾਬੰਦੀਆਂ ਲਗਾਈਆਂ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News