ਆਸਟ੍ਰੇਲੀਆਈ ਸ਼ਖਸ ਨੂੰ ਇਜ਼ਰਾਇਲੀ ਮਹਿਲਾ ਤੋਂ ਤਲਾਕ ਲੈਣਾ ਪਿਆ ਭਾਰੀ, ਸਾਲ 9999 ਤੱਕ ਛੱਡ ਨਹੀਂ ਸਕੇਗਾ ਦੇਸ਼

Monday, Dec 27, 2021 - 12:14 PM (IST)

ਤੇਲ ਅਵੀਵ/ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਇਕ ਸ਼ਖਸ ਲਈ ਤਲਾਕ ਲੈਣਾ ਵੱਡੀ ਮੁਸੀਬਤ ਬਣ ਗਿਆ ਹੈ। ਇਜ਼ਰਾਈਲ ਦੇ ਇਕ ਅਨੋਖੇ ਤਲਾਕ ਕਾਨੂੰਨ ਕਾਰਨ ਇਸ ਆਸਟ੍ਰੇਲੀਆਈ ਸ਼ਖਸ ਦੇ ਹੁਣ ਸਾਲ 9999 ਤੱਕ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸ਼ਖਸ ਦਾ ਨਾਮ ਨੋਮ ਹੁਪਰਟ (Noam Huppert, 44) ਹੈ। ਇੱਕ ਸਥਾਨਕ ਅਦਾਲਤ ਨੇ 2013 ਵਿੱਚ ਨੋਮ ਹੁਪਰਟ ਨੂੰ "ਸਟੇ-ਆਫ-ਐਗਜ਼ਿਟ" ਜਾਰੀ ਕੀਤਾ ਸੀ, ਜਿਸ ਵਿੱਚ ਉਸ ਨੂੰ 31 ਦਸੰਬਰ, 9999 ਤੱਕ ਦੇਸ਼ ਛੱਡਣ ਤੋਂ ਰੋਕ ਦਿੱਤਾ ਗਿਆ ਸੀ ਜਾਂ ਜਦੋਂ ਤੱਕ ਉਹ ਭਵਿੱਖ ਵਿੱਚ ਬਾਲ ਸਹਾਇਤਾ ਭੁਗਤਾਨਾਂ ਵਿੱਚ 3 ਮਿਲੀਅਨ ਡਾਲਰ (18 ਕਰੋੜ 19 ਲੱਖ ਰੁਪਏ) ਤੋਂ ਵੱਧ ਦਾ ਭੁਗਤਾਨ ਨਹੀਂ ਕਰਦਾ।

ਨੋਮ ਹੁਪਰਟ ਸਾਲ 2012 ਵਿਚ ਇਜ਼ਰਾਈਲ ਆਇਆ ਸੀ ਤਾਂ ਜੋ ਉਹ ਆਪਣੇ ਬੱਚੇ ਦੇ ਕਰੀਬ ਰਹਿ ਸਕੇ। ਇਸ ਤੋਂ ਇਕ ਸਾਲ ਪਹਿਲਾਂ ਹੀ ਉਸ ਦੀ ਸਾਬਕਾ ਪਤਨੀ ਇਜ਼ਰਾਈਲ ਆ ਕੇ ਰਹਿਣ ਲੱਗ ਪਈ ਸੀ।ਨੋਮ ਦੇ ਉੱਥੇ ਪਹੁੰਚਣ ਤੋਂ ਬਾਅਦ ਸਾਬਕਾ ਪਤਨੀ ਨੇ ਇਜ਼ਰਾਈਲ ਦੀ ਇਕ ਅਦਾਲਤ ਵਿਚ ਤਲਾਕ ਦਾ ਮੁਕੱਦਮਾ ਦਾਇਰ ਕੀਤਾ ਸੀ। ਸਾਲ 2013 ਵਿਚ ਇਜ਼ਰਾਈਲ ਦੀ ਅਦਾਲਤ ਨੇ ਨੋਮ ਦੇ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ। ਅਦਾਲਤ ਨੇ ਤਰਕ ਦਿੱਤਾ ਸੀ ਕਿ ਨੋਮ ਨੂੰ ਹਰ ਮਹੀਨੇ 5 ਹਜ਼ਾਰ ਇਜ਼ਰਾਇਲੀ ਮੁਦਰਾ ''future debt' ਦੇ ਰੂਪ ਵਿਚ ਚੁਕਾਉਣੀ ਹੋਵੇਗੀ।

ਪੜ੍ਹੋ ਇਹ ਅਹਿਮ ਖਬਰ- ਸਿਗਰਟਨੋਸ਼ੀ ਦਾ ਸ਼ਿਕਾਰ ਰਿਹਾ 2 ਸਾਲ ਦਾ ਬੱਚਾ ਹੁਣ ਇਸ ਕਾਰਨ ਆਇਆ ਸੁਰਖੀਆਂ 'ਚ

ਇਜ਼ਰਾਇਲੀ ਨਿਆਂ ਵਿਵਸਥਾ ਦੇ ਸ਼ਿਕਾਰ ਕਈ ਵਿਦੇਸ਼ੀ
ਨੋਮ ਦੇ ਬੱਚੇ ਜਦੋਂ ਤੱਕ 18 ਸਾਲ ਦੇ ਨਹੀਂ ਹੋ ਜਾਂਦੇ, ਉਦੋਂ ਤੱਕ ਉਸ ਨੂੰ ਇਹ ਰਾਸ਼ੀ ਹਰ ਮਹੀਨੇ ਦੇਣੀ ਹੋਵੇਗੀ। ਇਸ ਦਾ ਮਤਲਬ ਇਹ ਹੋਇਆ ਕਿ ਉਹ ਕਿਸੇ ਵੀ ਕਾਰਨ ਤੋਂ ਇਜ਼ਰਾਈਲ ਨਹੀਂ ਛੱਡ ਸਕਦਾ। ਫਿਰ ਭਾਵੇਂ ਉਹ ਛੁੱਟੀ ਹੋਵੇ ਜਾਂ ਕੰਮ। ਨਿਊਜ਼ ਡਾਟ ਕਾਮ ਨਾਲ ਗੱਲਬਾਤ ਵਿਚ ਨੋਮ ਨੇ ਕਿਹਾ ਕਿ ਸਾਲ 2013 ਤੋਂ ਮੈਂ ਇਜ਼ਰਾਈਲ ਵਿਚ ਫਸਿਆ ਹੋਇਆ ਹਾਂ। ਉਹਨਾਂ ਨੇ ਦਾਅਵਾ ਕੀਤਾ ਕਿ ਉਹ ਉਹਨਾਂ ਕਈ ਵਿਦੇਸ਼ੀ ਨਾਗਰਿਕਾਂ ਵਿਚ ਸ਼ਾਮਲ ਹਨ, ਜੋ ਇਜ਼ਰਾਇਲੀ ਨਿਆਂ ਵਿਵਸਥਾ ਦੇ ਸ਼ਿਕਾਰ ਹੋਏ ਹਨ। 

ਨੋਮ ਨੇ ਕਿਹਾ ਕਿ ਅਜਿਹਾ ਸਿਰਫ ਇਸ ਲਈ ਹੋਇਆ ਕਿਉਂਕਿ ਉਸ ਨੇ ਇਜ਼ਰਾਇਲੀ ਕੁੜੀ ਨਾਲ ਵਿਆਹ ਕੀਤਾ। ਆਸਟ੍ਰੇਲੀਆਈ ਨਾਗਰਿਕ ਨੋਮ ਇਕ ਦਵਾਈ ਕੰਪਨੀ ਵਿਚ ਕੈਮਿਸਟ ਹਨ। ਨੋਮ ਨੇ ਦੱਸਿਆ ਕਿ ਉਹ ਆਪਣੀ ਕਹਾਣੀ ਨੂੰ ਇਸ ਲਈ ਸ਼ੇਅਰ ਕਰ ਰਹੇ ਹਨ ਤਾਂ ਜੋ ਆਸਟ੍ਰੇਲੀਆ ਦੇ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਸਕੇ ਜੋ ਇਸ ਜਾਨਲੇਵਾ ਤਜਰਬੇ ਵਿਚੋਂ ਲੰਘ ਰਹੇ ਹਨ। ਇਜ਼ਰਾਈਲ ਵਿਚ ਤਲਾਕ ਕਾਨੂੰਨ ਦਾ ਮਤਲਬ ਇਹ ਹੈ ਕਿ ਮਹਿਲਾ ਚਾਹੇ ਤਾਂ ਆਪਣੇ ਬੱਚੇ ਦੇ ਪਿਤਾ ਦੀ ਯਾਤਰਾ 'ਤੇ ਪਾਬੰਦੀ ਲਗਵਾ ਸਕਦੀ ਹੈ ਤਾਂ ਜੋ ਭਵਿੱਖ ਵਿਚ ਬੱਚੇ ਨੂੰ ਪਾਲਣ ਲਈ ਜ਼ਰੂਰੀ ਰਾਸ਼ੀ ਉਸ ਨੂੰ ਮਿਲਦੀ ਰਹੇ। ਬੱਚੇ ਦੇ ਪਿਤਾ ਨੂੰ 21 ਦਿਨ ਜੇਲ੍ਹ ਵਿਚ ਰਹਿਣਾ ਪੈ ਸਕਦਾ ਹੈ। ਇੰਨਾ ਹੀ ਨਹੀਂ ਉਸ ਨੂੰ ਆਪਣੀ ਆਮਦਨ ਦਾ 100 ਫੀਸਦੀ ਪੈਸਾ ਬੱਚੇ ਦੇ ਪਾਲਣ ਪੋਸ਼ਣ ਲਈ ਦੇਣਾ ਪੈ ਸਕਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News