ਆਸਟ੍ਰੇਲੀਆ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਦੀ ਕਰੇਗਾ ਮਦਦ, ਦੇਵੇਗਾ 5 ਕਰੋੜ ਡਾਲਰ
Tuesday, Jun 21, 2022 - 12:13 PM (IST)
ਕੋਲੰਬੋ (ਭਾਸ਼ਾ)- ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੂੰ ਐਮਰਜੈਂਸੀ ਭੋਜਨ ਸਹਾਇਤਾ, ਸਿਹਤ ਦੇਖਭਾਲ ਸਬੰਧੀ ਲੋੜਾਂ ਨੂੰ ਪੂਰਾ ਕਰਨ ਅਤੇ ਆਰਥਿਕ ਸੁਧਾਰ ਦਾ ਸਮਰਥਨ ਕਰਨ ਲਈ ਆਸਟ੍ਰੇਲੀਆ 5 ਕਰੋੜ ਡਾਲਰ ਪ੍ਰਦਾਨ ਕਰੇਗਾ। ਇਹ ਜਾਣਕਾਰੀ ਸੋਮਵਾਰ ਨੂੰ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਰ ਓ'ਨੀਲ ਦੇ ਸ਼੍ਰੀਲੰਕਾ ਦੌਰੇ ਦੌਰਾਨ ਦਿੱਤੀ। ਓ'ਨੀਲ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨਾਲ ਵੀ ਮੁਲਾਕਾਤ ਕੀਤੀ। ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਅਸੀਂ ਸ਼੍ਰੀਲੰਕਾ ਵਿੱਚ 30 ਲੱਖ ਲੋਕਾਂ ਦੀਆਂ ਰੋਜ਼ਾਨਾ ਪੌਸ਼ਟਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਐਮਰਜੈਂਸੀ ਭੋਜਨ ਸਹਾਇਤਾ ਲਈ ਵਿਸ਼ਵ ਭੋਜਨ ਪ੍ਰੋਗਰਾਮ ਨੂੰ ਤੁਰੰਤ 2.2 ਕਰੋੜ ਆਸਟ੍ਰੇਲੀਅਨ ਡਾਲਰ ਪ੍ਰਦਾਨ ਕਰਾਂਗੇ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਗੰਭੀਰ ਬਿਜਲੀ ਸੰਕਟ ਦੀ ਚਿਤਾਵਨੀ
ਆਸਟ੍ਰੇਲੀਆ 2022-23 ਵਿੱਚ ਵਿਕਾਸ ਕਾਰਜਾਂ ਲਈ ਸ਼੍ਰੀਲੰਕਾ ਨੂੰ 2.3 ਕਰੋੜ ਡਾਲਰ ਵੀ ਦੇਵੇਗਾ। ਬਿਆਨ ਵਿਚ ਕਿਹਾ ਗਿਆ ਕਿ ਇਹ ਸਿਹਤ ਸੇਵਾਵਾਂ ਅਤੇ ਆਰਥਿਕ ਰਿਕਵਰੀ ਵਿੱਚ ਸਹਾਇਤਾ ਕਰੇਗਾ। ਇਸ ਵਿਚ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਬਿਆਨ ਵਿੱਚ ਕਿਹਾ ਗਿਆ ਕਿ ਇਹ ਯੋਗਦਾਨ ਹਾਲ ਹੀ ਵਿੱਚ ਸ਼੍ਰੀਲੰਕਾ ਲਈ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੂੰ ਦਿੱਤੇ ਗਏ 50 ਲੱਖ ਡਾਲਰ ਤੋਂ ਇਲਾਵਾ ਹੈ।ਆਸਟ੍ਰੇਲੀਆਈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼੍ਰੀਲੰਕਾ ਨਾਲ ਉਸ ਦੇ ਨਜ਼ਦੀਕੀ ਅਤੇ ਲੰਬੇ ਸਮੇਂ ਤੋਂ ਸਬੰਧ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।