ਪਾਕਿਸਤਾਨ 'ਚ ਹੋ ਰਹੀ ਵਿਸ਼ਵ ਅਮਨ ਕਾਨਫਰੰਸ ਦੀ ਇਪਸਾ ਆਸਟ੍ਰੇਲੀਆ ਵੱਲੋਂ ਸ਼ਲਾਘਾ

Thursday, Jan 31, 2019 - 06:02 PM (IST)

ਪਾਕਿਸਤਾਨ 'ਚ ਹੋ ਰਹੀ ਵਿਸ਼ਵ ਅਮਨ ਕਾਨਫਰੰਸ ਦੀ ਇਪਸਾ ਆਸਟ੍ਰੇਲੀਆ ਵੱਲੋਂ ਸ਼ਲਾਘਾ

ਬ੍ਰਿਸਬੇਨ (ਸਤਵਿੰਦਰ ਟੀਨੂੰ)— ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ ਆਸਟ੍ਰੇਲੀਆ ਵੱਲੋਂ ਮਿਤੀ ਇਕ ਫਰਵਰੀ ਤੋਂ ਤਿੰਨ ਫਰਵਰੀ ਤੱਕ ਲਾਹੌਰ ਦੇ ਪਾਕ ਹੈਰੀਟੇਜ ਹੋਟਲ ਵਿਖੇ ਹੋ ਰਹੀ ਵਿਸ਼ਵ ਅਮਨ ਕਾਨਫਰੰਸ ਲਈ ਸ਼ੁੱਭ ਕਾਮਨਾਵਾਂ ਭੇਜਦਿਆਂ ਇਸ ਨੂੰ ਇਕ ਇਤਿਹਾਸਕ ਕਾਨਫਰੰਸ ਕਰਾਰ ਦਿੱਤਾ ਹੈ । ਕੱਲ ਸ਼ਾਮ ਇੰਡੋਜ਼ ਲਾਇਬਰੇਰੀ ਵਿਚ ਹੋਈ ਅਕੈਡਮੀ ਦੀ ਇਕ ਸੰਖੇਪ ਮੀਟਿੰਗ ਪ੍ਰਗਤੀਵਾਦੀ ਸ਼ਾਇਰ ਸਰਬਜੀਤ ਸੋਹੀ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਹੋਰਨਾਂ ਤੋਂ ਇਲਾਵਾ ਚੇਅਰਮੈਨ ਜਰਨੈਲ ਸਿੰਘ ਬਾਸੀ, ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ, ਸ਼ਾਇਰ ਹਰਮਨਦੀਪ ਗਿੱਲ, ਰੁਪਿੰਦਰ ਸੋਜ਼, ਗੀਤਕਾਰ ਸੁਰਜੀਤ ਸੰਧੂ, ਪਾਲ ਰਾਊਕੇ ਅਤੇ ਜਨਰਲ ਸੈਕਟਰੀ ਦਲਵੀਰ ਹਲਵਾਰਵੀ ਆਦਿ ਪ੍ਰਮੁੱਖ ਮੈਂਬਰਾਂ ਨੇ ਭਾਗ ਲਿਆ । 

ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਬਜੀਤ ਸੋਹੀ ਨੇ ਪਾਕਿਸਤਾਨ ਵਿਚ ਉੱਘੇ ਲੇਖਕ ਫ਼ਖ਼ਰ ਜਮਾਂ ਦੀ ਦੇਖ-ਰੇਖ ਵਿਚ ਹੋ ਰਹੀ ਵਿਸ਼ਵ ਅਮਨ ਕਾਨਫਰੰਸ ਨੂੰ ਸਮੇਂ ਦੀ ਲੋੜ ਦੱਸਿਆ । ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਵਾਮ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਜੰਗ ਦੋਵਾਂ ਦੇਸ਼ਾਂ ਲਈ ਖਤਰਨਾਕ ਹੈ, ਇਸ ਕਰਕੇ ਮੇਲ ਮਿਲਾਪ ਰਾਹੀਂ ਹੀ ਦੋਵੇਂ ਪਾਸੇ ਤਰੱਕੀ ਦੀ ਲਹਿਰ ਪੈਦਾ ਹੋ ਸਕਦੀ ਹੈ । ਕਰਤਾਰਪੁਰ ਕੌਰੀਡੋਰ ਇਸ ਪਾਸੇ ਵਧਿਆ ਇਕ ਇਤਿਹਾਸਿਕ ਕਦਮ ਮੰਨਿਆ ਜਾਂਦਾ ਹੈ । ਇਸ ਕਾਨਫਰੰਸ ਵਿਚ ਵਿਸ਼ਵ ਭਰ ਤੋਂ ਅਮਨਪਸੰਦ ਲੇਖਕ, ਸੰਪਾਦਕ, ਸਮਾਜ-ਸੇਵੀ, ਬੁੱਧੀਜੀਵੀ, ਕਾਰੋਬਾਰੀ, ਨੀਤੀਵਾਨ ਅਤੇ ਪ੍ਰਕਾਸ਼ਕ ਪਹੁੰਚ ਰਹੇ ਹਨ । ਇਸ ਇਕੱਤਰਤਾ ਵਿਚ 100 ਤੋਂ ਉਪਰ ਡੈਲੀਗੇਟਸ ਪਹੁੰਚਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ । ਇਸ ਕਾਨਫਰੰਸ ਵਿਚ ਭਾਰਤੀ ਵਫ਼ਦ ਦੀ ਅਗਵਾਈ ਪ੍ਰਸਿੱਧ ਵਿਦਵਾਨ ਡਾ. ਦੀਪਕ ਮਨਮੋਹਨ ਸਿੰਘ ਕਰਨਗੇ । ਦਲਵੀਰ ਹਲਵਾਰਵੀ ਨੇ ਦੱਸਿਆ ਕਿ ਇਸ ਵਿਚ ਪ੍ਰੋ. ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ ਅਤੇ ਸਕੱਤਰ ਮਨਜਿੰਦਰ ਸਿੰਘ ਧਨੋਆ ਵੀ ਡੇਲੀਗੇਟਸ ਵਿਚ ਸ਼ਾਮਿਲ ਹਨ ।


author

Vandana

Content Editor

Related News