ਆਸਟ੍ਰੇਲੀਆ ਹੋਰ 3 ਮਹੀਨਿਆਂ ਲਈ ਵਧਾ ਸਕਦਾ ਹੈ ਯਾਤਰਾ ''ਤੇ ਪਾਬੰਦੀ
Thursday, Apr 23, 2020 - 06:43 PM (IST)

ਸਿਡਨੀ- ਆਸਟ੍ਰੇਲੀਆ ਆਪਣੀਆਂ ਸਰਹੱਦਾਂ ਨੂੰ ਘੱਟੋ-ਘੱਟ ਹੋਰ 3-4 ਮਹੀਨਿਆਂ ਲਈ ਬੰਦ ਰੱਖ ਸਕਦਾ ਹੈ। ਵੀਰਵਾਰ ਨੂੰ ਮੁੱਖ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਯਾਤਰਾ 'ਤੇ ਪਾਬੰਦੀਆਂ ਵਿਚ ਢਿੱਲ ਦੇਣੀ ਜ਼ੋਖਮ ਭਰਿਆ ਹੋ ਸਕਦਾ ਹੈ।
ਬ੍ਰੈਂਡਨ ਮਰਫੀ ਨੇ ਕਿਹਾ,"ਅਸੀਂ ਰਾਸ਼ਟਰੀ ਕੈਬਨਿਟ ਨੂੰ ਅਪੀਲ ਕੀਤੀ ਹੈ ਕਿ ਇਸ ਪਾਬੰਦੀ ਨੂੰ ਜਾਰੀ ਰੱਖਿਆ ਜਾਵੇ ਅਤੇ ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਸਫਰ 'ਤੇ ਪਾਬੰਦੀ ਲੱਗੀ ਰਹੇ।"
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦੇਸ਼ ਵਿਚ ਇਸ ਪਾਬੰਦੀ ਵਿਚ ਢਿੱਲ ਦਿੱਤੀ ਗਈ ਤਾਂ ਬਹੁਤ ਰਿਸਕ ਵਾਲੀ ਗੱਲ ਹੋਵੇਗੀ। ਆਸਟ੍ਰੇਲੀਆ ਸਰਕਾਰ ਨੇ ਲੈਵਲ 4 ਦਾ ਯਾਤਰਾ ਅਲਰਟ ਲਗਾਇਆ ਹੋਇਆ ਹੈ, ਇਸ ਤਹਿਤ ਆਸਟ੍ਰੇਲੀਆ ਵਾਸੀ ਕਿਸੇ ਦੂਜੇ ਦੇਸ਼ ਨਹੀਂ ਜਾ ਸਕਦੇ ਅਤੇ ਆਸਟ੍ਰੇਲੀਆਈ ਨਾਗਰਿਕਾਂ ਤੋਂ ਇਲਾਵਾ ਕੋਈ ਵਿਦੇਸ਼ੀ ਦੇਸ਼ ਅੰਦਰ ਦਾਖਲ ਨਹੀਂ ਹੋ ਸਕਦਾ।
ਆਸਟ੍ਰੇਲੀਆ ਵਿਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 75 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6,661 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਦੇਸ਼ ਵਿਚ 5,045 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਸਭ ਤੋਂ ਵੱਧ ਮਾਮਲੇ ਨਿਊ ਸਾਊਥ ਵੇਲਜ਼ (ਐੱਨ. ਐੱਸ. ਡਬਲਿਊ.), ਕੁਈਨਜ਼ਲੈਂਡ ਤੇ ਵਿਕਟੋਰੀਆ ਵਿਚ ਹਨ।
ਪ੍ਰਧਾਨ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿਚ ਮੌਤ ਦਰ ਫਰਾਂਸ ਅਤੇ ਯੂ. ਕੇ. ਨਾਲੋਂ 100 ਫੀਸਦੀ ਘੱਟ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿਚ ਕੋਰੋਨਾ ਕਾਰਨ ਜਿਨ੍ਹਾਂ ਪਰਿਵਾਰਾਂ ਵਿਚ ਸੋਗ ਹੈ, ਅਸੀਂ ਉਨ੍ਹਾਂ ਨਾਲ ਦੁੱਖ ਸਾਂਝਾ ਕਰਦੇ ਹਾਂ ਪਰ ਇੱਥੇ ਇਹ ਗੱਲ ਵੀ ਦੇਖਣ ਵਾਲੀ ਹੈ ਕਿ ਆਸਟ੍ਰੇਲੀਆ ਨਾਲੋਂ ਛੋਟੇ ਦੇਸ਼ਾਂ ਵਿਚ ਮੌਤ ਦਰ ਵੱਧ ਹੈ। ਬੈਲਜੀਅਮ ਵਿਚ 6,262 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਹੀ ਨਹੀਂ ਨੀਦਰਲੈਂਡ ਵਿਚ 4,678 ਅਤੇ ਸਵੀਡਨ ਵਿਚ 8,137 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿਚ ਆਸਟ੍ਰੇਲੀਆ ਬਾਕੀ ਦੇਸ਼ਾਂ ਨਾਲੋਂ ਬਿਹਤਰ ਸਥਿਤੀ ਵਿਚ ਹੈ।