ਆਸਟ੍ਰੇਲੀਆ ''ਚ ਹੜ੍ਹ ਦੇ ਨਾਲ ਮੱਕੜੀਆਂ ਦਾ ਕਹਿਰ, ਦਹਿਸ਼ਤ ''ਚ ਲੋਕ (ਵੀਡੀਓ)

Tuesday, Mar 23, 2021 - 05:37 PM (IST)

ਆਸਟ੍ਰੇਲੀਆ ''ਚ ਹੜ੍ਹ ਦੇ ਨਾਲ ਮੱਕੜੀਆਂ ਦਾ ਕਹਿਰ, ਦਹਿਸ਼ਤ ''ਚ ਲੋਕ (ਵੀਡੀਓ)

ਕੈਨਬਰਾ (ਬਿਊਰੋ): ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਵਿਚ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਹਰ ਕੋਈ ਹੜ੍ਹ ਦੇ ਪਾਣੀ ਤੋਂ ਬਚਣ ਲਈ ਉੱਚੇ ਇਲਾਕਿਆਂ ਵਿਚ ਪਹੁੰਚਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ।ਇਸ ਦੌਰਾਨ ਹੜ੍ਹ ਦੇ ਪਾਣੀ ਉੱਪਰ ਤੈਰਦੀਆਂ ਲੱਖਾਂ ਮੱਕੜੀਆਂ ਦੇ ਵਿਸ਼ਾਲ ਝੁੰਡ ਨੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈਕਿ ਅਜਿਹਾ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ ਜਦੋਂ ਇਕ ਹੀ ਇਲਾਕੇ ਵਿਚ ਇੰਨੀ ਵੱਡੀ ਗਿਣਤੀ ਵਿਚ ਮੱਕੜੀਆਂ ਇਕੱਠੀਆਂ ਹੁੰਦੀਆਂ ਹਨ।

ਵੀਡੀਓ ਹੋਇਆ ਵਾਇਰਲ
ਨਿਊ ਸਾਊਥ ਵੇਲਜ਼ ਵਿਚ ਰਿਕਾਰਡ ਕੀਤਾ ਗਿਆ ਮੱਕੜੀਆਂ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਮੈਟ ਲੌਵੇਨਫੋਸ ਨਾਮ ਦੇ ਇਕ ਸਥਾਨਕ ਵਸਨੀਕ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਪਾਣੀ ਵਧਣ ਕਾਰਨ ਲੱਖਾਂ ਦੀ ਗਿਣਤੀ ਵਿਚ ਮੱਕੜੀਆਂ ਦਾ ਝੁੰਡ ਉਹਨਾਂ ਦੇ ਖੇਤ ਵੱਲ ਤੇਜ਼ੀ ਨਾਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਹ ਮੱਕੜੀਆਂ ਹਰ ਜਗ੍ਹਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ।

 

ਲੋਕਾਂ ਵਿਚ ਦਹਿਸ਼ਤ
ਗਾਰਡੀਅਨ, ਆਸਟ੍ਰੇਲੀਆ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਇਹ ਹੈਰਾਨੀਜਨਕ ਹੈ। ਅਸੀਂ ਕਦੇ ਵੀ ਇੰਨੀ ਵੱਡੀ ਗਿਣਤੀ ਵਿਚ ਮੱਕੜੀਆਂ ਨਹੀਂ ਦੇਖੀਆਂ ਹਨ। ਇਹਨਾਂ ਮੱਕੜੀਆਂ ਨੇ ਘਰਾਂ, ਵਾੜ ਸਮੇਤ ਜਿੱਥੇ ਵੀ ਉਹ ਪਹੁੰਚ ਸਕਦੀਆਂ ਸਨ ਉਹਨਾਂ ਸਾਰੀਆਂ ਥਾਵਾਂ 'ਤੇ ਕਬਜ਼ਾ ਕਰ ਲਿਆ। ਇੰਨੀ ਵੱਡੀ ਗਿਣਤੀ ਵਿਚ ਰਿਹਾਇਸ਼ੀ ਇਲਾਕਿਆਂ ਵਿਚ ਮੱਕੜੀਆਂ ਨੂੰ ਦੇਖ ਕੇ ਲੋਕ ਵੀ ਡਰੇ ਹੋਏ ਹਨ। ਉੱਥੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਮੱਕੜੀਆਂ ਨੂੰ ਦੇਖ ਕੇ ਡਰਨਾ ਨਹੀਂ ਚਾਹੀਦਾ ਕਿਉਂਕਿ ਉਹਨਾਂ ਵਿਚੋਂ ਜ਼ਿਆਦਾਤਰ ਇਨਸਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਨਹੀ ਹਨ।

PunjabKesari

ਕਈ ਖਤਰਨਾਕ ਜਾਨਵਰ ਵੀ ਪਹੁੰਚੇ
ਅਜਿਹਾ ਨਹੀਂ ਹੈ ਕਿ ਹੜ੍ਹ ਤੋਂ ਬਚਣ ਲਈ ਸਿਰਫ ਮੱਕੜੀਆਂ ਹੀ ਉੱਚੇ ਇਲਾਕਿਆਂ ਵੱਲ ਆ ਰਹੀਆਂ ਹਨ। ਇਹਨਾਂ ਵਿਚ ਕੀੜੀਆਂ, ਸੱਪ, ਬਿੱਛੂ ਸਮੇਤ ਕਈ ਜੰਗਲੀ ਜੀਵ ਸ਼ਾਮਲ ਹਨ। ਇਹ ਸਾਰੇ ਉੱਚੀ ਜ਼ਮੀਨ ਦੀ ਤਲਾਸ਼ ਵਿਚ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਰਹੇ ਹਨ। ਸਿਡਨੀ ਯੂਨੀਵਰਸਿਟੀ ਦੇ ਏਕੀਕ੍ਰਿਤ ਈਕੋ ਗਰੁੱਪ ਦੀ ਅਗਵਾਈ ਕਰਨ ਵਾਲੇ ਇਕ ਪ੍ਰੋਫੈਸਰ ਡਾਇਟ ਹੋਚੁਲੀ ਨੇ ਆਸਟ੍ਰੇਲੀਆ ਦੇ ਏ.ਬੀ.ਸੀ. ਨਿਊਜ਼ ਨੂੰ ਦੱਸਿਆ ਕਿ ਮਨੁੱਖਾਂ ਵਾਂਗ ਮੱਕੜੀਆਂ ਹੜ੍ਹ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀਆਂ ਹਨ।

PunjabKesari

ਦਹਾਕਿਆਂ ਬਾਅਦ ਬਣੀ ਇਹ ਸਥਿਤੀ
ਆਸਟ੍ਰੇਲੀਆ ਵਿਚ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਨਿਊ ਸਾਊਥ ਵੇਲਜ਼ ਕਈ ਦਹਾਕਿਆਂ ਬਾਅਦ ਭਿਆਨਕ ਹੜ੍ਹ ਨਾਲ ਜੂਝ ਰਿਹਾ ਹੈ। ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਲੱਖਾਂ ਲੋਕ ਘਰ ਛੱਡਣ ਲਈ ਮਜਬੂਰ ਹਨ। ਉੱਥੇ ਮੌਸਮ ਵਿਭਾਗ ਨੇ ਇਹਨਂ ਇਲਾਕਿਆਂ ਵਿਚ ਆਉਣ ਵਾਲੇ ਦਿਨਾਂ ਵਿਚ ਹੋਰ ਮੀਂਹ ਪੈਣ ਦਾ ਅਨੁਮਾਨ ਜਤਾਇਆ ਹੈ। ਰਾਜ ਦੇ ਪ੍ਰੀਮੀਅਰ ਗਲੇਡਿਸ ਬੇਰੇਜੀਕਲੀਅਨ ਨੇ ਕਿਹਾ ਕਿ ਸੈਂਕੜੇ ਲੋਕਾਂ ਨੂੰ ਬਚਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਅਜਿਹੀ ਆਫਤ ਕਰੀਬ 100 ਸਾਲ ਵਿਚ ਪਹਿਲੀ ਵਾਰ ਆਈ ਹੈ ਅਤੇ ਰਾਜ ਦੇ ਮਿਡ ਨੌਰਥ ਕੋਸਟ ਦੇ ਕਈ ਸਥਾਨਾਂ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ ਦੇ ਆਦੇਸ਼ ਦਿੱਤੇ ਗਏ ਹਨ।

ਪੜ੍ਹੋ ਇਹ ਅਹਿਮ ਖਬਰ-   ਅਮਰੀਕਾ : ਸੁਪਰਮਾਰਕੀਟ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਮੇਤ 10 ਲੋਕਾਂ ਦੀ ਮੌਤ

ਪਾਣੀ ਦਾ ਵਧਿਆ ਪੱਧਰ
ਸਿਡਨੀ ਸ਼ਹਿਰ ਵਿਚ ਪਾਣੀ ਦੀ ਸਪਲਾਈ ਕਰਨ ਵਾਲੇ ਵਾਰਗੰਬਾ ਡੈਮ ਵਿਚ ਵਾਟਰ ਲੇਵਲ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 2016 ਦੇ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਇਸ ਡੈਮ ਤੋਂ ਪਾਣੀ ਉਵਰਫਲੋ ਕਰ ਰਿਹਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈਕਿ ਅਗਲੇ ਵੀਰਵਾਰ ਤੱਕ ਹੜ੍ਹ ਤੋਂ ਕਿਸੇ ਵੀ ਤਰ੍ਹਾਂ ਦੀ ਰਾਹਤ ਦੀ ਆਸ ਨਹੀਂ ਹੈ।

ਨੋਟ-  ਆਸਟ੍ਰੇਲੀਆ 'ਚ ਹੜ੍ਹ ਦੇ ਨਾਲ ਮੱਕੜੀਆਂ ਦਾ ਕਹਿਰ,ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News