ਚੰਗੇ ਸਿਨੇਮਾ ਲਈ ਹਾਲੇ ਵੀ ਮੇਰੇ 'ਚ ਸਮਰੱਥਾ ਬਾਕੀ : ਸ਼ਾਹਰੁਖ ਖਾਨ

08/11/2019 4:53:44 PM

ਮੈਲਬੌਰਨ (ਭਾਸ਼ਾ)— ਸੁਪਰਸਟਾਰ ਸ਼ਾਹਰੂਖ ਖਾਨ ਆਸਟ੍ਰੇਲੀਆ ਵਿਚ 'ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ' (ਆਈ.ਐੱਫ.ਐੱਫ.ਐੱਮ.) ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਹੋਏ ਹਨ। ਸ਼ਾਹਰੂਖ ਨੇ ਫਿਲਮਾਂ ਤੋਂ ਥੋੜ੍ਹੇ ਸਮੇਂ ਲਈ ਬ੍ਰੇਕ ਲਿਆ ਹੈ। ਹੁਣ ਅਦਾਕਾਰ ਸ਼ਾਹਰੂਖ ਖਾਨ ਦਾ ਕਹਿਣਾ ਹੈ ਕਿ ਚੰਗੇ ਸਿਨੇਮਾ ਲਈ ਉਨ੍ਹਾਂ ਵਿਚ ਹਾਲੇ ਵੀ ਬਹੁਤ ਸਮਰੱਥਾ ਹੈ। ਸ਼ਾਹਰੂਖ (53) ਨੇ ਕਿਹਾ ਕਿ ਆਪਣੇ ਆਲੇ-ਦੁਆਲੇ ਮੌਜੂਦ ਲੋਕਾਂ ਵਿਚ ਫਿਲਮਾਂ ਲਈ ਜਨੂੰਨ ਦੇਖ ਕੇ ਹੀ ਉਨ੍ਹਾਂ ਨੂੰ ਹੀ ਚੰਗੀਆਂ ਕਹਾਣੀਆਂ ਸੁਣਨ ਦਾ ਮੌਕਾ ਮਿਲਦਾ ਹੈ। 

ਸ਼ਾਹਰੂਖ ਨੇ ਪੀ.ਟੀ.ਆਈ. ਨੂੰ ਕਿਹਾ,''ਚੰਗੀ ਫਿਲਮ ਕਰਨ ਲਈ ਜਿਹੜੀ ਗੱਲ ਮੈਨੂੰ ਪ੍ਰੇਰਿਤ ਕਰਦੀ ਹੈ ਉਹ ਮੇਰੇ ਆਲੇ-ਦੁਆਲੇ ਮੌਜੂਦ ਲੋਕ ਹੀ ਹਨ ਜੋ ਅਜਿਹਾ ਬਿਹਤਰੀਨ ਸਿਨੇਮਾ ਬਣਾਉਂਦੇ ਹਨ। ਮੈਂ ਸਮਝਦਾ ਹਾਂ ਕਿ ਮੇਰੇ ਵਿਚ ਚੰਗੀਆਂ ਫਿਲਮਾਂ ਕਰਨ ਦੀ ਸਮਰੱਥਾ ਬਾਕੀ ਹੈ। ਮੇਰੇ ਅੰਦਰ ਹਾਲੇ ਵੀ 20-25 ਸਾਲ ਚੰਗਾ ਸਿਨੇਮਾ ਕਰਨ ਦੀ ਸਮਰੱਥਾ ਬਚੀ ਹੈ।'' ਸ਼ਾਹਰੂਖ ਨੇ ਸਮਾਰੋਹ ਤੋਂ ਵੱਖ ਪੀ.ਟੀ.ਆਈ. ਨਾਲ ਗੱਲਬਾਤ ਕੀਤੀ। 

ਸ਼ਾਹਰੂਖ ਨੇ ਇਹ ਵੀ ਦੱਸਿਆ ਕਿ ਫਿਲਮ 'ਜ਼ੀਰੋ' ਦੇ ਬਾਅਦ ਉਨ੍ਹਾਂ ਨੇ ਕੁਝ ਸਮਾਂ ਬ੍ਰੇਕ ਲੈਣ ਦਾ ਫੈਸਲਾ ਲਿਆ ਅਤੇ ਹੁਣ ਉਹ ਜਗ੍ਹਾ-ਜਗ੍ਹਾ ਘੁੰਮ ਕੇ ਨਵੀਆਂ ਕਹਾਣੀਆਂ ਲੱਭ ਰਹੇ ਹਨ। ਉਨ੍ਹਾਂ ਨੇ ਕਿਹਾ,''ਮੈਂ ਹਾਲ ਹੀ ਵਿਚ ਜਿਹੜੀ ਆਖਰੀ ਫਿਲਮ ਪੂਰੀ ਕੀਤੀ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਸੀ ਪਰ ਮੈਂ ਇਸ ਨੂੰ ਹਲਕੇ ਵਿਚ ਲੈਂਦਾ ਹਾਂ। ਖੁਦ ਨੂੰ ਮੈਂ ਇਹੀ ਕਹਿੰਦਾ ਹਾਂ ਕਿ ਚਲੋ ਥੋੜ੍ਹਾ ਅਸਫਲਤਾ ਦਾ ਸਵਾਦ ਲਿਆ ਜਾਵੇ। ਇਸ ਲਈ ਮੈਂ 4-5 ਮਹੀਨੇ ਦਾ ਬ੍ਰੇਕ ਲਿਆ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਕਿਉਂਕਿ ਮੈਂ ਬ੍ਰੇਕ 'ਤੇ ਚੱਲ ਰਿਹਾ ਹਾਂ ਤਾਂ ਮੈਂ ਇੱਥੇ (ਮੈਲਬੌਰਨ) ਆ ਗਿਆ ਅਤੇ ਇੱਥੇ ਲੋਕਾਂ ਨਾਲ ਮਿਲ ਰਿਹਾ ਹਾਂ। ਨਵੀਆਂ ਕਹਾਣੀਆਂ ਅਤੇ ਚੀਜ਼ਾਂ ਦੀ ਤਲਾਸ਼ ਕਰ ਰਿਹਾ ਹਾਂ ਅਤੇ ਬੌਧਿਕ ਭਾਸ਼ਣ ਦੇ ਰਿਹਾ ਹਾਂ।'' 

ਇੱਥੇ ਦੱਸ ਦਈਏ ਕਿ ਸ਼ਾਹਰੂਖ ਨੇ 9 ਅਗਸਤ ਨੂੰ ਆਈ.ਐੱਫ.ਐੱਫ,ਐੱਮ. ਦਾ ਅਧਿਕਾਰਕ ਉਦਘਾਟਨ ਕੀਤਾ ਸੀ, ਜਿਸ ਦੀ ਸ਼ੁਰੂਆਤ ਰੀਮਾ ਦਾਸ ਨਿਰਦੇਸ਼ਿਤ ਫਿਲਮ 'ਬੁਲਬੁਲ ਕੈਨ ਸਿੰਗ' ਦੇ ਪ੍ਰਦਰਸ਼ਨ ਨਾਲ ਹੋਈ। ਇਸ ਫਿਲਮ ਨੇ ਸ਼ੁੱਕਰਵਾਰ ਨੂੰ ਸਭ ਤੋਂ ਵਧੀਆ ਅਸਮੀ ਫਿਲਮ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ।


Vandana

Content Editor

Related News