ਆਸਟਰੇਲੀਆ ਨੇ ਦਿੱਤਾ ਦਖਲ, ਕਿਹਾ— ਸ਼ਿਯਾਅੋਬੋ ਦੀ ਵਿਧਵਾ ਪਤਨੀ ਨੂੰ ਕੀਤਾ ਜਾਵੇ ਰਿਹਾਅ

07/16/2017 11:35:45 AM

ਸਿਡਨੀ— ਆਸਟਰੇਲੀਆ ਨੇ ਚੀਨ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਬਾਗੀ ਨੇਤਾ ਲਿਊ ਸ਼ਿਯਾਅੋਬੋ ਦੀ ਵਿਧਵਾ ਪਤਨੀ ਤੋਂ ਤਮਾਮ ਪਾਬੰਦੀਆਂ ਹਟਾਉਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ 2009 ਤੋਂ ਜੇਲ ਵਿਚ ਬੰਦ 61 ਸਾਲਾ  ਸ਼ਿਯਾਅੋਬੋ ਦੀ ਹਿਰਾਸਤ ਵਿਚ ਰਹਿੰਦੇ ਹੋਏ ਬੀਤੇ ਦਿਨੀਂ ਲੀਵਰ ਕੈਂਸਰ ਕਾਰਨ ਦਿਹਾਂਤ ਹੋ ਗਿਆ ਸੀ। ਉਸ ਉੱਤੇ ਰਾਜ ਸੱਤਾ ਵਿਰੁੱਧ ਲੋਕਾਂ ਨੂੰ ਭੜਕਾਉਣ ਦਾ ਦੋਸ਼ ਸੀ। ਹਾਲਾਂਕਿ ਗ੍ਰਿਫਤਾਰੀ ਤੋਂ ਪਹਿਲਾਂ ਉਸ ਨੇ ਚੀਨ ਵਿਚ ਸਿਆਸੀ ਸੁਧਾਰਾਂ ਨੂੰ ਵਿਆਪਕ ਬਣਾਉਣ ਲਈ 'ਚਾਰਟਰ 08' ਨਾਮੀ ਇਕ ਪਟੀਸ਼ਨ ਨੂੰ ਲਿਖਣ ਵਿਚ ਮਦਦ ਵੀ ਕੀਤੀ ਸੀ।
ਉਸ ਦੀ ਪਤਨੀ ਲਿਊ ਸ਼ਿਆ ਇਨ੍ਹਾਂ ਦਿਨੀਂ ਹਸਪਤਾਲ ਵਿਚ ਹੈ ਅਤੇ ਪਿਛਲੇ ਕੁਝ ਹਫਤਿਆਂ ਦੌਰਾਨ ਉਸ ਦੀ ਸਿਹਤ ਕੁਝ ਖਰਾਬ ਹੋ ਗਈ ਹੈ।  ਸ਼ਿਯਾਅੋਬੋ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣ ਤੋਂ ਬਾਅਦ ਹੀ ਉਸ ਦੀ ਪਤਨੀ ਨੂੰ ਘਰ ਦੇ ਅੰਦਰ ਹੀ ਨਜ਼ਰਬੰਦ ਰੱਖਿਆ ਗਿਆ ਹੈ। 
ਓਧਰ ਆਸਟਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਆਸਟਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨਾਲ ਗੱਲਬਾਤ ਕਰਦਿਆਂ ਕਿਹਾ, ''ਅਸੀਂ ਚੀਨੀ ਸਰਕਾਰ ਨਾਲ  ਸ਼ਿਯਾਅੋਬੋ ਦੀ ਪਤਨੀ ਤੋਂ ਯਾਤਰਾ ਪਾਬੰਦੀਆਂ ਹਟਾਉਣ ਅਤੇ ਉਨ੍ਹਾਂ ਨੂੰ ਤੁਰੰਤ ਨਜ਼ਰਬੰਦੀ ਤੋਂ ਮੁਕਤ ਕਰਨ ਦੀ ਅਪੀਲ ਕਰਦੇ ਹਾਂ।
ਆਸਟਰੇਲੀਆ ਦੀ ਪ੍ਰਤੀਕਿਰਿਆ ਚੀਨ ਦੇ ਗੁੱਸੇ ਨੂੰ ਹੋਰ ਵੀ ਭੜਕਾ ਸਕਦੀ ਹੈ। ਇਸ ਨਾਲ ਚੀਨ ਨਾਲ ਆਸਟਰੇਲੀਆ ਦੇ ਚੰਗੇ ਸੰਬੰਧਾਂ 'ਤੇ ਵੀ ਅਸਰ ਪੈ ਸਕਦਾ ਹੈ। ਆਸਟਰੇਲੀਆ ਸਭ ਤੋਂ ਵੱਡੇ ਵਪਾਰਕ ਹਿੱਸੇਦਾਰੀ ਦੇ ਰੂਪ ਵਿਚ ਚੀਨ ਉੱਤੇ ਨਿਰਭਰ ਹੈ ਪਰ ਆਸਟਰੇਲੀਆ ਵਿਚ ਚੀਨ ਨੂੰ ਲੈ ਕੇ ਸ਼ੰਕਾਵਾਂ ਵਧ ਰਹੀਆਂ ਹਨ। ਲੋਕਾਂ ਦਾ ਦੋਸ਼ ਹੈ ਕਿ ਚੀਨ ਸੰਵੇਦਨਸ਼ੀਲ ਮੁੱਦਿਆਂ ਅਤੇ ਸਖਤ ਆਲੋਚਨਾਵਾਂ ਉੱਤੇ ਰਾਇਸ਼ੁਮਾਰੀ ਨੂੰ ਬਦਲਣ ਲਈ ਆਪਣੇ ਵਧਦੇ ਪ੍ਰਭਾਵ ਦੀ ਵਰਤੋਂ ਕਰ ਰਿਹਾ ਹੈ।


Related News