ਆਸਟ੍ਰੇਲੀਆ ਦੀਆਂ ਸੰਸਦੀ ਚੋਣਾਂ ਦੇ ਅੰਤਿਮ ਨਤੀਜੇ ਐਲਾਨੇ ਗਏ
Wednesday, Jun 22, 2022 - 05:19 PM (IST)
ਕੈਨਬਰਾ (ਏਜੰਸੀ): ਆਸਟ੍ਰੇਲੀਆ ਦੀਆਂ 21 ਮਈ ਨੂੰ ਹੋਈਆਂ ਸੰਸਦੀ ਚੋਣਾਂ ਦੇ ਅੰਤਿਮ ਨਤੀਜੇ ਬੁੱਧਵਾਰ ਨੂੰ ਐਲਾਨੇ ਗਏ। ਕੇਂਦਰੀ-ਖੱਬੇ ਪੱਖੀ ਲੇਬਰ ਪਾਰਟੀ ਨੇ ਸੰਸਦੀ ਚੋਣ ਜਿੱਤੀ, ਜਿਸ ਤੋਂ ਬਾਅਦ ਐਂਟਨੀ ਅਲਬਾਨੀਜ਼ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਆਸਟ੍ਰੇਲੀਆਈ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਵਿਕਟੋਰੀਆ ਰਾਜ ਦੀ ਕੂਪਰ ਸੀਟ ਲਈ ਨਤੀਜਿਆਂ ਦਾ ਐਲਾਨ ਕੀਤਾ, ਜਿਸ ਨੂੰ ਲੇਬਰ ਨੇ ਜਿੱਤਿਆ, ਜਦੋਂ ਕਿ ਵਿਰੋਧੀ ਕੰਜ਼ਰਵੇਟਿਵ ਲਿਬਰਲ ਪਾਰਟੀ ਨੇ ਓ'ਕੋਨਰ ਸੀਟ 'ਤੇ ਜਿੱਤ ਹਾਸਲ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ 'ਚ 6.1 ਦੀ ਤੀਬਰਤਾ ਦਾ ਭੁਚਾਲ, ਮਰਨ ਵਾਲਿਆਂ ਦੀ ਗਿਣਤੀ 1000 ਦੇ ਪਾਰ
ਇਸ ਦੇ ਨਾਲ ਹੀ 151 ਮੈਂਬਰੀ ਪ੍ਰਤੀਨਿਧ ਸਦਨ ਵਿਚ ਸੱਤਾਧਾਰੀ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਦੀ ਗਿਣਤੀ ਵਧ ਕੇ 77 ਹੋ ਗਈ ਹੈ ਅਤੇ ਇਸ ਕੋਲ ਮਾਮੂਲੀ ਬਹੁਮਤ ਹੈ। ਲੇਬਰ ਪਾਰਟੀ ਨੂੰ ਪ੍ਰਤੀਨਿਧ ਸਦਨ 'ਚ ਬਿੱਲ ਪਾਸ ਕਰਵਾਉਣ ਲਈ ਵਿਰੋਧੀ ਪਾਰਟੀਆਂ ਜਾਂ ਆਜ਼ਾਦ ਉਮੀਦਵਾਰਾਂ ਦੇ ਸਮਰਥਨ ਦੀ ਲੋੜ ਨਹੀਂ ਪਵੇਗੀ ਪਰ ਉਸ ਕੋਲ ਉਪਰਲੇ ਸਦਨ ਮਤਲਬ ਸੈਨੇਟ 'ਚ 76 'ਚੋਂ ਸਿਰਫ 26 ਸੀਟਾਂ ਹਨ, ਜਿੱਥੇ ਉਸ ਨੂੰ ਬਿੱਲ ਪਾਸ ਕਰਵਾਉਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।