ਆਸਟ੍ਰੇਲੀਆ ਨੇ ਫਰਾਂਸ ਦੇ ਰਾਜਦੂਤ ਵਾਪਸ ਸੱਦਣ ਦੇ ਫ਼ੈਸਲੇ ’ਤੇ ਜਤਾਇਆ ਅਫ਼ਸੋਸ
Saturday, Sep 18, 2021 - 03:29 PM (IST)
ਕੈਨਬਰਾ (ਵਾਰਤਾ) : ਆਸਟ੍ਰੇਲੀਆ ਨੇ ਪਣਡੁੱਬੀ ਪ੍ਰਾਪਤੀ ਨੂੰ ਲੈ ਕੇ ਹੋਏ ਸਮਝੌਤੇ ’ਤੇ ਫਰਾਂਸ ਦੇ ਰਾਜਦੂਤ ਵਾਪਸ ਸੱਦਣ ਦੇ ਫ਼ੈਸਲੇ ’ਤੇ ਅਫ਼ਸੋਸ ਜਤਾਇਆ ਹੈ। ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸ਼ੁੱਕਰਵਾਰ ਦੇਰ ਰਾਤ ਫਰਾਂਸ ਦੇ ਵਿਦੇਸ਼ ਮੰਤਰੀ ਜਿਆਨ ਇਵ ਲੀ ਦ੍ਰੀਆਨ ਨੇ ਆਸਟ੍ਰੇਲੀਆ ਵੱਲੋਂ ਪਣਡੁੱਬੀ ਸਮਝੌਤੇ ਨੂੰ ਸਮਾਪਤ ਕੀਤੇ ਜਾਣ ਕਾਰਨ ਵਿਚਾਰ-ਵਟਾਂਦਰੇ ਲਈ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਆਪਣੇ ਰਾਜਦੂਤ ਨੂੰ ਵਾਪਸ ਸੱਦਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: ਫਰਾਂਸ ਨੇ ਅਮਰੀਕਾ, ਆਸਟ੍ਰੇਲੀਆ ਤੋਂ ਵਾਪਸ ਸੱਦੇ ਆਪਣੇ ਰਾਜਦੂਤ
ਬੁਲਾਰੇ ਨੇ ਸਿਡਨੀ ਮਾਰਨਿੰਗ ਹੇਰਾਡਲ ਅਖ਼ਬਾਰ ਨੂੰ ਦੱਸਿਆ, ‘ਅਟੈਕ ਕਲਾਸ ਪਣਡੁੱਬੀ ਪ੍ਰੋਜੈਕਟ ’ਤੇ ਫ਼ੈਸਲੇ ਕਰਨ ਦੇ ਬਾਅਦ ਵਿਚਾਰ-ਵਟਾਂਦਰੇ ਲਈ ਆਸਟ੍ਰੇਲੀਆ ਤੋਂ ਆਪਣੇ ਰਾਜਦੂਤ ਨੂੰ ਵਾਪਸ ਸੱਦਣ ਦੇ ਫਰਾਂਸ ਦੇ ਫ਼ੈਸਲੇ ’ਤੇ ਅਸੀਂ ਅਫ਼ਸੋਸ ਪ੍ਰਗਟ ਕਰਦੇ ਹਾਂ।’ ਬੁਲਾਰੇ ਮੁਤਾਬਕ ਆਸਟ੍ਰੇਲੀਆ ਫਰਾਂਸ ਨਾਲ ਆਪਣੇ ਸਬੰਧਾਂ ਨੂੰ ਮਹੱਤਵ ਦਿੰਦਾ ਹੈ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਥਿਰਤਾ ਨੂੰ ਲੈ ਕੇ ਇਕ ਮਹੱਤਵਪੂਰਨ ਨਾਇਕ ਦੇ ਰੂਪ ਵਿਚ ਦੇਖਦਾ ਹੈ। ਉਨ੍ਹਾਂ ਕਿਹਾ ਕਿ ਫਰਾਂਸ ਨਾਲ ਆਪਣੇ ਰਿਸ਼ਤੇ ਨੂੰ ਆਸਟ੍ਰੇਲੀਆ ਅਹਿਮੀਅਤ ਦਿੰਦਾ ਹੈ ਅਤੇ ਭਵਿੱਖ ਵਿਚ ਇਕੱਠੇ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹੈ। ਜ਼ਿਰਕਯੋਗ ਹੈ ਕਿ ਬੁੱਧਵਾਰ ਨੂੰ ਅਮਰੀਕਾ, ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਨਵੇਂ ਤਿੰਨ ਪੱਖੀ ਸੁਰੱਖਿਆ ਗਠਜੋੜ ‘ਆਕਸ’ ਦਾ ਐਲਾਨ ਕੀਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।