ਆਸਟ੍ਰੇਲੀਆ ''ਚ ਹੋਟਲ ਇਕਾਂਤਵਾਸ ਪ੍ਰੋਗਰਾਮ ਅਸਫਲ, 768 ਲੋਕਾਂ ਦੀ ਮੌਤ

09/28/2020 6:24:03 PM

ਸਿਡਨੀ (ਬਿਊਰੋ): ਕੋਰੋਨਾ ਨੂੰ ਕਾਬੂ ਕਰਨ ਸਬੰਧੀ ਜਿੱਥੇ ਦੁਨੀਆ ਵਿਚ ਕੁਝ ਦੇਸ਼ਾਂ ਦੀ ਤਾਰੀਫ ਹੋ ਰਹੀ ਹੈ, ਉੱਥੇ ਅਸਫਲ ਰਹਿਣ 'ਤੇ ਕੁਝ ਦੇਸ਼ਾਂ ਦੀ ਆਲੋਚਨਾ ਵੀ ਹੋ ਰਹੀ ਹੈ। ਆਸਟ੍ਰੇਲੀਆ ਵਿਚ ਕੋਰੋਨਾ ਨੂੰ ਲੈ ਕੇ ਬਣਾਇਆ ਗਿਆ ਇਕ ਇਕਾਂਤਵਾਸ ਪ੍ਰੋਗਰਾਮ ਆਫਤ ਵਿਚ ਬਦਲ ਗਿਆ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਸੁਣਵਾਈ ਦੇ ਦੌਰਾਨ ਦੱਸਿਆ ਗਿਆ ਕਿ ਇਹ ਪ੍ਰੋਗਰਾਮ 768 ਲੋਕਾਂ ਦੀ ਮੌਤ ਦੇ ਲਈ ਜ਼ਿੰਮੇਵਾਰ ਹੈ। ਇਕਾਂਤਵਾਸ ਪ੍ਰੋਗਰਾਮ ਵਿਚ ਭਿਆਨਕ ਖਾਮੀ ਦੇ ਕਾਰਨ ਕਥਿਤ ਤੌਰ 'ਤੇ 18 ਹਜ਼ਾਰ ਲੋਕ ਪੀੜਤ ਹੋ ਗਏ। 

ਡੇਲੀ ਮੇਲ ਵਿਚ ਛਪੀ ਰਿਪੋਰਟ ਦੇ ਮੁਤਾਬਕ, ਦੋਸ਼ ਹੈ ਕਿ ਵਿਕਟੋਰੀਆ ਦੇ ਇਕ ਹੋਟਲ ਵਿਚ ਸ਼ੁਰੂ ਕੀਤੇ ਗਏ ਕੁਆਰੰਟੀਨ ਪ੍ਰੋਗਰਾਮ ਆਪਣੇ ਮੂਲ ਉਦੇਸ਼ ਨੂੰ ਪੂਰਾ ਨਹੀਂ ਕਰ ਸਕਿਆ। ਖਾਸਤੌਰ 'ਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ-1. ਜਿਵੇਂ ਪ੍ਰੋਟੈਕਟਿਵ ਗਿਅਰ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਗਈ। 2. ਸਟਾਫ ਨੂੰ ਚੰਗੀ ਟਰੇਨਿੰਗ ਨਹੀ ਮਿਲੀ। 3. ਸਮਾਜਿਕ ਦੂਰੀ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਗਈ।

ਇਕਾਂਤਵਾਸ ਪ੍ਰੋਗਰਾਮ ਦੇ ਕਥਿਤ ਤੌਰ 'ਤੇ ਆਫਤ ਵਿਚ ਬਦਲਣ ਸਬੰਧੀ ਆਸਟ੍ਰੇਲੀਆ ਵਿਚ ਵਿਰੋਧੀ ਧਿਰ ਦੇ ਨੇਤਾ ਮਾਇਕਲ ਓ ਬ੍ਰਾਇਨ ਨੇ ਮੰਗ ਕੀਤੀ ਹੈ ਕਿ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਮਾਈਕਲ ਐਂਡਰੀਊਜ਼ ਅਸਤੀਫਾ ਦੇਣ। ਕਿਹਾ ਜਾ ਰਿਹਾ ਹੈ ਕਿ ਹੋਟਲ ਇਕਾਂਤਵਾਸ ਪ੍ਰੋਗਰਾਮ ਦੇ ਕਾਰਨ ਹੀ ਮੈਲਬੌਰਨ ਵਿਚ ਕੋਰੋਨਾ ਦੀ ਦੂਜੀ ਲਹਿਰ ਫੈਲੀ। ਵਿਰੋਧੀ ਨੇਤਾ ਮਾਇਕਲ ਓ ਬ੍ਰਾਇਨ ਨੇ ਕਿਹਾ ਹੈ ਕਿ ਵਿਕਟੋਰੀਆ ਦੇ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਇਤਿਹਾਸ ਦੀ ਇਹ ਸਭ ਤੋਂ ਵੱਡੀ ਗਲਤੀ ਹੈ। ਉਹਨਾਂ ਨੇ ਕਿਹਾ ਕਿ ਮੌਤ ਅਤੇ ਹੋਰ ਨੁਕਸਾਨ ਦਾ ਜੇਕਰ ਕੁਝ ਮਤਲਬ ਹੈ ਤਾਂ ਜ਼ਿੰਮੇਵਾਰ ਲੋਕਾਂ ਨੂੰ ਨਿਸ਼ਚਿਤ ਤੌਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। 

ਉੱਥੇ, ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਏ ਵਕੀਲ ਬੇਨ ਇਹਲੇ ਨੇ ਕਿਹਾ ਕਿ ਸਰਕਾਰ ਨੇ ਸਿਸਟਮ ਜਲਦਬਾਜ਼ੀ ਵਿਚ ਤਿਆਰ ਕੀਤਾ ਅਤੇ ਮਾਨੀਟਰ ਕਰਨ ਵਿਚ ਅਸਫਲ ਰਹੀ। ਇਸ ਤੋਂ ਪਹਿਲਾਂ ਸਿਹਤ ਮੰਤਰੀ ਜੇਨੀ ਮਿਕਾਕੋਸ ਨੇ ਸ਼ਨੀਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਉਹਨਾਂ ਨੂੰ ਇਕਾਂਤਵਾਸ ਪ੍ਰੋਗਰਾਮ ਦੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ। ਕਿਹਾ ਜਾਂਦਾ ਹੈ ਕਿ ਖਰਾਬ ਹੋਟਲ ਇਕਾਂਤਵਾਸ ਪ੍ਰੋਗਰਾਮ ਦੇ ਕਾਰਨ ਹੀ ਮਈ ਵਿਚ ਹੀ ਕੋਰੋਨਾ ਮਾਮਲੇ ਆਸਟ੍ਰੇਲੀਆ ਵਿਚ ਵੱਡੇ ਪੱਧਰ 'ਤੇ ਫੈਲਣ ਲੱਗੇ। ਖੇਤਰ ਦੇ 90 ਫੀਸਦੀ ਮਾਮਲਿਆਂ ਦੇ ਤਾਰ ਇਕਾਂਤਵਾਸ ਪ੍ਰੋਗਰਾਮ ਨਾਲ ਕਥਿਤ ਤੌਰ 'ਤੇ ਜੁੜੇ ਮਿਲੇ।


Vandana

Content Editor

Related News