ਮਾਣ ਵਾਲੀ ਗੱਲ, ਆਸਟ੍ਰੇਲੀਆ 'ਚ 'ਪੰਜਾਬੀ' ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ 5 ਭਾਸ਼ਾਵਾਂ 'ਚ ਹੋਈ ਸ਼ਾਮਲ

Wednesday, Jun 29, 2022 - 11:37 AM (IST)

ਮਾਣ ਵਾਲੀ ਗੱਲ, ਆਸਟ੍ਰੇਲੀਆ 'ਚ 'ਪੰਜਾਬੀ' ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ 5 ਭਾਸ਼ਾਵਾਂ 'ਚ ਹੋਈ ਸ਼ਾਮਲ

ਕੈਨਬਰਾ (ਬਿਊਰੋ) - ਪੰਜਾਬੀ ਆਸਟਰੇਲੀਆ ਵਿੱਚ ਪੰਜਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਉਭਰੀ ਹੈ। ਆਸਟ੍ਰੇਲੀਆ ਵਿੱਚ ਪੰਜਾਬੀ ਬੋਲਣ ਵਾਲੇ ਭਾਰਤੀ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਮੂਹ ਹੈ ਅਤੇ ਪੰਜਾਬੀ ਹੁਣ ਘਰ ਵਿੱਚ ਪੰਜਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। 2016 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਪੰਜਾਬੀ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ 10 ਭਾਸ਼ਾਵਾਂ ਵਿਚ ਸ਼ਾਮਲ ਸੀ ਅਤੇ 2021 ਦੇ ਅੰਕੜਿਆਂ ਅਨੁਸਾਰ ਪੰਜਾਬੀ ਸਿਖਰਲੀਆਂ 5 ਭਾਸ਼ਾਵਾਂ ਵਿੱਚ ਪਹੁੰਚ ਗਈ ਹੈ ਜੋ ਕਿ ਮਾਣ ਵਾਲੀ ਗੱਲ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬੀ ਆਸਟਰੇਲੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਭਾਸ਼ਾ ਬਣ ਗਈ ਹੈ। 239,000 ਤੋਂ ਵੱਧ ਲੋਕ ਇਸਨੂੰ ਘਰਾਂ ਵਿੱਚ ਬੋਲਦੇ ਹਨ, ਜੋ ਕਿ 2016 ਦੇ ਅੰਕੜਿਆਂ ਨਾਲੋਂ 80 ਫ਼ੀਸਦੀ ਵੱਧ ਹੈ। 

ਇਹ ਵੀ ਪੜ੍ਹੋ: ਯੂਕ੍ਰੇਨ ਦੀ ਖੁਫੀਆ ਸੇਵਾ ਦੇ ਪ੍ਰਮੁੱਖ ਦਾ ਦਾਅਵਾ, ਪੁਤਿਨ ਕੋਲ ਬਚਿਆ ਹੈ 2 ਵਰ੍ਹਿਆਂ ਤੋਂ ਵੀ ਘੱਟ ਸਮਾਂ

ਇਸ ਤਰ੍ਹਾਂ ਪੰਜਾਬੀ ਇੱਥੇ ਮੁੱਖ ਪੰਜ ਭਾਸ਼ਾਵਾਂ ’ਚ ਸ਼ਾਮਲ ਹੋ ਗਈ ਹੈ। 2021 ਦੀ ਮਰਦਮਸ਼ੁਮਾਰੀ ਦਾ ਡਾਟਾ 250 ਤੋਂ ਵੱਧ ਜਾਤਾਂ ਅਤੇ 350 ਭਾਸ਼ਾਵਾਂ ਤੋਂ ਇਕੱਤਰ ਕੀਤਾ ਗਿਆ ਸੀ। ਅੰਗਰੇਜ਼ੀ ਤੋਂ ਇਲਾਵਾ ਘਰ ਵਿੱਚ ਬੋਲੀਆਂ ਜਾਣ ਵਾਲੀਆਂ ਚੋਟੀ ਦੀਆਂ 5 ਭਾਸ਼ਾਵਾਂ, ਮੈਂਡਰਿਨ (2.7 ਫ਼ੀਸਦੀ), ਅਰਬੀ (1.4 ਫ਼ੀਸਦੀ), ਵੀਅਤਨਾਮੀ (1.3 ਫ਼ੀਸਦੀ), ਕੈਂਟੋਨੀਜ਼ (1.2 ਫ਼ੀਸਦੀ) ਅਤੇ ਪੰਜਾਬੀ (0.9 ਫ਼ੀਸਦੀ) ਹਨ। ਪੰਜਾਬੀ ਸਭ ਤੋਂ ਵੱਧ ਪ੍ਰਸਿੱਧ ਭਾਰਤੀ ਉਪ-ਮਹਾਂਦੀਪੀ ਭਾਸ਼ਾ ਵਜੋਂ ਉਭਰੀ ਹੈ, ਇਸ ਤੋਂ ਬਾਅਦ ਹਿੰਦੀ (197,132) ਅਤੇ ਨੇਪਾਲੀ (133,068) ਹਨ। ਆਸਟਰੇਲੀਆ ਵਿੱਚ ਸਭ ਤੋਂ ਵੱਧ ਪੰਜਾਬੀ ਵਿਕਟੋਰੀਆ ਵਿੱਚ ਬੋਲੀ ਜਾਂਦੀ ਹੈ। ਪੰਜਾਬੀ ਬੋਲਣ ਦੇ ਮਾਮਲੇ ਵਿਚ ਦੂਜਾ ਸਥਾਨ ਨਿਊ ਸਾਊਥ ਵੇਲਜ਼, ਤੀਜਾ ਕੁਈਨਜ਼ਲੈਂਡ, ਚੌਥਾ ਪੱਛਮੀ ਆਸਟਰੇਲੀਆ ਅਤੇ ਪੰਜਾਵਾਂ ਸਥਾਨ ਦੱਖਣੀ ਆਸਟਰੇਲੀਆ ਦਾ ਹੈ। 

ਇਹ ਵੀ ਪੜ੍ਹੋ: ਡੌਂਕੀ ਲਾ ਅਮਰੀਕਾ ਪਹੁੰਚੇ 51 ਲੋਕਾਂ ਦੀ ਮੌਤ ਦਾ ਮਾਮਲਾ, ਬਾਈਡੇਨ ਨੇ ਕਿਹਾ- 'ਦਿਲ ਦਹਿਲਾ ਦੇਣ ਵਾਲੀ ਘਟਨਾ'

ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਵਿਚ ਭਾਰਤੀਆਂ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ। ਇਹ ਖ਼ੁਲਾਸਾ ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਵੱਲੋਂ ਜਾਰੀ ਅੰਕੜਿਆਂ ਤੋਂ ਹੋਇਆ ਹੈ। 2016 ਦੇ ਬਾਅਦ ਤੋਂ ਆਸਟ੍ਰੇਲੀਆ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ਵਿਚ ਲੱਗਭਗ 48 ਫ਼ੀਸਦੀ ਦਾ ਵਾਧਾ ਹੋਇਆ ਹੈ। ਤਾਜ਼ਾ ਮਰਦਮਸ਼ੁਮਾਰੀ ਮੁਤਾਬਕ 2021 ਵਿਚ 1 ਜੂਨ ਨੂੰ ਦੇਸ਼ ਵਿਚ 6,73,352 ਲੋਕ ਰਹਿ ਰਹੇ ਸਨ ਜੋ ਕਿ 2016 ਦੀ ਸੰਖਿਆ (4,55,389) ਤੋਂ 47.86 ਫ਼ੀਸਦੀ ਜ਼ਿਆਦਾ ਸਨ। ਵਿਦੇਸ਼ ਵਿਚ ਜਨਮੇ ਇਨ੍ਹਾਂ ਲੋਕਾਂ ਵਿਚ ਭਾਰਤੀਆਂ ਦੀ ਸੰਖਿਆ ਸਭ ਤੋਂ ਜ਼ਿਆਦਾ ਵਧੀ ਹੈ। ਭਾਰਤ ਨੇ ਚੀਨ ਅਤੇ ਨਿਊਜ਼ੀਲੈਂਡ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਹੁਣ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਬਾਅਦ ਤੀਜੇ ਨੰਬਰ 'ਤੇ ਆ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


 


author

cherry

Content Editor

Related News