ਆਸਟ੍ਰੇਲੀਆ ਦੀ ਮੰਗ, ਉਇਗਰ ਮਾਂ-ਪੁੱਤ ਨੂੰ ਰਿਹਾਅ ਕਰੇ ਚੀਨ

Wednesday, Jul 17, 2019 - 05:40 PM (IST)

ਆਸਟ੍ਰੇਲੀਆ ਦੀ ਮੰਗ, ਉਇਗਰ ਮਾਂ-ਪੁੱਤ ਨੂੰ ਰਿਹਾਅ ਕਰੇ ਚੀਨ

ਸਿਡਨੀ (ਬਿਊਰੋ)— ਆਸਟ੍ਰੇਲੀਆ ਨੇ ਚੀਨ ਨੂੰ ਸ਼ਿਨਜਿਆਂਗ ਸੂਬੇ ਦੀ ਹਿਰਾਸਤ ਵਿਚ ਕੈਦ ਆਸਟ੍ਰੇਲੀਆਈ ਬੱਚੇ ਅਤੇ ਉਸ ਦੀ ਉਇਗਰ ਮਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸੇ ਪਾਇਨੇ ਨੇ ਬੁੱਧਵਾਰ ਨੂੰ ਦੱਸਿਆ ਕਿ ਬੀਜਿੰਗ ਸਥਿਤ ਆਸਟ੍ਰੇਲੀਆਈ ਦੂਤਘਰ ਨੇ ਚੀਨ ਦੇ ਆਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਦੋਹਾਂ ਨੂੰ ਵਾਪਸ ਆਸਟ੍ਰੇਲੀਆ ਭੇਜ ਦਿੱਤਾ ਜਾਵੇ।

ਬੱਚੇ ਦੇ ਪਿਤਾ ਅਤੇ ਆਸਟ੍ਰੇਲੀਆਈ ਨਾਗਰਿਕ ਸੱਦਾਮ ਅਬਦੁਸਲਾਮ ਵੱਲੋਂ ਸੋਮਵਾਰ ਨੂੰ ਇਕ ਚੈਨਲ 'ਤੇ ਆਪਣੇ ਪਰਿਵਾਰ ਦਾ ਦਰਦ ਜ਼ਾਹਰ ਕਰਨ ਦੇ ਬਾਅਦ ਆਸਟ੍ਰੇਲੀਆ ਨੇ ਇਹ ਮੰਗ ਕੀਤੀ। ਅਬਦੁਸਲਾਮ ਦੀ ਪਤਨੀ ਨਾਦੀਆ ਵੁਮੈਰ ਉਇਗਰ ਮੁਸਲਿਮ ਭਾਈਚਾਰੇ ਤੋਂ ਹੈ। ਸਾਲ 2017 ਵਿਚ ਜਨਮੇ ਬੇਟੇ ਅਤੇ ਪਤਨੀ ਨੂੰ ਚੀਨ ਤੋਂ ਆਸਟ੍ਰੇਲੀਆ ਲਿਆਉਣ ਲਈ ਅਬਦੁਸਲਾਮ ਪਿਛਲੇ ਕਈ ਮਹੀਨਿਆਂ ਤੋਂ ਕੋਸ਼ਿਸ਼ ਕਰ ਰਿਹਾ ਹੈ।  

ਅਬਦੁਸਲਾਮ ਮੁਤਾਬਕ,''ਉਹ ਖੁਸ਼ ਹੈ ਕਿ ਆਸਟ੍ਰੇਲੀਆਈ ਸਰਕਾਰ ਨੇ ਇਸ ਮਾਮਲੇ 'ਤੇ ਕਾਰਵਾਈ ਕੀਤੀ ਹੈ। ਮੈਂ ਚਾਹੁੰਦਾ ਹਾਂ ਕਿ ਮੇਰੀ ਪਤਨੀ ਅਤੇ ਬੱਚੇ ਦੀ ਰਿਹਾਈ ਲਈ ਸਰਕਾਰ ਚੀਨ 'ਤੇ ਦਬਾਅ ਪਾਵੇ। ਮੇਰਾ ਬੱਚਾ 31 ਅਗਸਤ ਨੂੰ ਦੋ ਸਾਲ ਦਾ ਹੋ ਜਾਵੇਗਾ। ਇਸ ਤੋਂ ਪਹਿਲਾਂ ਮੈਂ ਉਸ ਨੂੰ ਇਕ ਵਾਰ ਦੇਖਣਾ ਚਾਹੁੰਦਾ ਹਾਂ।'' 

ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਸਮੇਤ 22 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਨੂੰ ਇਕ ਚਿੱਠੀ ਲਿਖ ਕੇ ਚੀਨ ਵਿਚ ਘੱਟ ਗਿਣਤੀ ਭਾਈਚਾਰੇ ਨਾਲ ਕੀਤੇ ਜਾ ਰਹੇ ਬੁਰੇ ਵਤੀਰੇ ਦੀ ਨਿੰਦਾ ਕੀਤੀ ਸੀ। ਚੀਨ ਵਿਚ ਸਥਿਤ ਹਿਰਾਸਤ ਕੈਂਪਾਂ ਵਿਚ ਬੰਦ ਉਇਗਰ ਮੁਸਲਿਮਾਂ ਨੂੰ ਪਰੇਸ਼ਾਨ ਕੀਤੇ ਜਾਣ ਦੀਆਂ ਖਬਰ ਅਕਸਰ ਆਉਂਦੀਆਂ ਰਹਿੰਦੀਆਂ ਹਨ।


author

Vandana

Content Editor

Related News